- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਲਾ ਕਤਲ ਕਾਂਡ ਦੇ ਤਾਰ ਕੇਂਦਰੀ ਜੇਲ੍ਹ ਲੁਧਿਆਣਾ ਤੇ ਗੋਇੰਦਵਾਲ ਸਾਹਿਬ ਨਾਲ ਜੁੜੇ

ਪਾਲਾ ਕਤਲ ਕਾਂਡ ਦੇ ਤਾਰ ਕੇਂਦਰੀ ਜੇਲ੍ਹ ਲੁਧਿਆਣਾ ਤੇ ਗੋਇੰਦਵਾਲ ਸਾਹਿਬ ਨਾਲ ਜੁੜੇ
ਚਚੇਰੇ ਭਰਾਵਾਂ ਦਰਮਿਆਨ ਫੁੱਟ ਪਾਉਣ ਦੇ ਸ਼ੱਕ ਨੂੰ ਮੰਨਿਆ ਜਾ ਰਿਹੈ ਕਤਲ ਦਾ ਕਾਰਨ, ਗੋਲੀਆਂ ਮਾਰਨ ਵਾਲੇ ਲਵਜੀਤ ਸਿੰਘ ਸਣੇ ਜੇਲ੍ਹਾਂ ’ਚ ਬੰਦ ਦੋ ਹੋਰ ਨਾਮਜ਼ਦ
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ,
ਹਰੀਕੇ ਪੱਤਣ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੂਹ ਹਥਾੜ ਵਿਖੇ ਬੁੱਧਵਾਰ ਦੁਪਹਿਰੇ ਹੋਏ ਪਾਲਾ ਕਤਲ ਕਾਂਡ ਦੀ ਮੁੱਢਲੀ ਜਾਂਚ ਦੌਰਾਨ ਇਸ ਦੇ ਤਾਰ ਕੇਂਦਰੀ ਜੇਲ੍ਹ ਲੁਧਿਆਣਾ ਤੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਨਾਲ ਜੁੜਨ ਲੱਗੇ ਹਨ। ਹਰੀਕੇ ਪੁਲਿਸ ਨੇ ਉਕਤ ਕਤਲ ਸਬੰਧੀ ਦਰਜ ਕੀਤੇ ਕੇਸ ’ਚ ਪਾਲਾ ਦੇ ਸਿਰ ’ਚ ਗੋਲੀਆਂ ਮਾਰਨ ਵਾਲੇ ਲਵਜੀਤ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਜਣੇ ਉਕਤ ਜੇਲ੍ਹਾਂ ਵਿਚ ਬੰਦ ਦੱਸੇ ਜਾ ਰਹੇ ਹਨ। ਜਾਂਚ ਦੌਰਾਨ ਇਹ ਵੀ ਚਰਚਾ ਹੈ ਕਿ ਚਚੇਰੇ ਭਰਾਵਾਂ ਦਰਮਿਆਨ ਫੁੱਟ ਪੈਦਾ ਕਰਨ ਦੇ ਸ਼ੱਕ ਦੇ ਚੱਲਦਿਆਂ ਹੀ ਪਾਲਾ ਦਾ ਕਤਲ ਕੀਤਾ ਗਿਆ।
ਦੱਸ ਦਈਏ ਕਿ ਬੁੱਧਵਾਰ ਨੂੰ ਬਾਅਦ ਦੁਪਹਿਰ ਕਰੀਬ ਡੇਢ ਵਜੇ ਲਵਜੀਤ ਸਿੰਘ ਨੇ ਸਤਪਾਲ ਸਿੰਘ ਪਾਲਾ ਵਾਸੀ ਬੂਹ ਹਥਾੜ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਮਲੇ ਦੌਰਾਨ ਪਾਲਾ ਨੂੰ ਛੇ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਵਜੀਤ ਸਿੰਘ ਆਪਣਾ ਮੋਬਾਈਲ ਫੋਨ ਸੁੱਟ ਕੇ ਪਿਸਤੌਲ ਤੇ ਸਕੂਟਰੀ ਲੈ ਕੇ ਫਰਾਰ ਹੋ ਗਿਆ। ਉੱਧਰ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਜਾਂਚ ਦੌਰਾਨ ਕਤਲ ਦੇ ਤਾਰ ਕੇਂਦਰੀ ਜੇਲ੍ਹ ਲੁਧਿਆਣਾ ਅਤੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨਾਲ ਜੁੜਦੇ ਦਿਖਾਈ ਦੇ ਰਹੇ ਹਨ। ਪੁਲਿਸ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਕਤਲ ਦੀ ਸਾਜ਼ਿਸ਼ ਕਿੱਥੇ ਅਤੇ ਕਿਵੇਂ ਤਿਆਰ ਕੀਤੀ ਗਈ ਅਤੇ ਵਾਰਦਾਤ ਤੋਂ ਪਹਿਲਾਂ ਜਾਂ ਬਾਅਦ ’ਚ ਮੁਲਜ਼ਮਾਂ ਵਿਚਕਾਰ ਕਿਸ ਤਰ੍ਹਾਂ ਸੰਪਰਕ ਹੋਇਆ। ਥਾਣਾ ਹਰੀਕੇ ਦੀ ਪੁਲਿਸ ਨੇ ਦਰਜ ਕੀਤੇ ਮੁਕੱਦਮੇਂ ਵਿਚ ਲਵਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਨੂੰ ਵੀ ਨਾਮਜ਼ਦ ਕੀਤਾ ਹੈ। ਦੱਸਣਯੋਗ ਹੈ ਕਿ ਜਸਪ੍ਰੀਤ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ ਅਤੇ ਜੋਬਨਪ੍ਰੀਤ ਸਿੰਘ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਹੈ।
-----
ਬਾਕਸ-
ਦੋ ਸਾਲ ਪਹਿਲਾਂ ਕੈਨੇਡਾ ਤੋਂ ਆਇਆ ਸੀ ਪਾਲਾ
ਸਾਲ 2024 ’ਚ ਠੇਕੇਦਾਰ ਸਤਪਾਲ ਸਿੰਘ ਪਾਲਾ ਕੈਨੇਡਾ ਤੋ ਵਾਪਸ ਆਇਆ ਹੀ ਸੀ। ਕੁਝ ਦਿਨਾਂ ਬਾਅਦ ਪੁਲਿਸ ਨੇ ਸਤਪਾਲ ਸਿੰਘ ’ਤੇ ਪਰਚਾ ਦਰਜ ਕਰ ਦਿੱਤਾ। ਜਿਸ ਨੂੰ ਰੱਦ ਕਰਾਉਣ ਲਈ ਸ਼ੋਸ਼ਲ ਮੀਡੀਆ ਰਾਹੀਂ ਸਤਪਾਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਗੁਹਾਰ ਵੀ ਲਗਾਈ ਸੀ। ਇਸ ਤੋਂ ਬਾਅਦ ਸਤਪਾਲ ਸਿੰਘ ਨੇ ਤਤਕਾਲੀ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀਏ ਉੱਪਰ ਵੀ ਕਈ ਮਾਮਲਿਆਂ ਦੇ ਹਵਾਲੇ ਨਾਲ ਸੰਗੀਨ ਦੋਸ਼ ਲਗਾਏ ਸਨ।
------
ਬਾਕਸ-
ਵਿਦੇਸ਼ੀ ਨੰਬਰਾਂ ਤੋ ਧਮਕੀਆਂ ਆਉਣ ਦੇ ਬਾਵਜੂਦ ਵੀ ਨਹੀ ਮਿਲੀ ਸੁਰੱਖਿਆ
ਠੇਕੇਦਾਰ ਸਤਪਾਲ ਸਿੰਘ ਪਾਲਾ ਤੇ ਉਨ੍ਹਾਂ ਦੇ ਭਰਾ ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਉਕਤ ਧਮਕੀਆਂ ਸਬੰਧੀ ਪੁਲਿਸ ਦੇ ਉੱਚ ਅਫਸਰਾਂ ਨੂੰ ਸੁਰੱਖਿਅਤ ਯਕੀਨੀ ਬਣਾਉਣ ਦੀ ਗੱਲ ਕਹੀ। ਬਾਵਜੂਦ ਇਸਦੇ ਪੀੜਤਾਂ ਨੂੰ ਸੁਰੱਖਿਆ ਮਿਲਣੀ ਤਾਂ ਦੂਰ ਸਰਕਾਰ ਨੇ ਅਸਲਾ ਲਾਇਸੰਸ ਵੀ ਜਾਰੀ ਨਹੀ ਕੀਤੇ।
---------
ਬਾਕਸ-
ਕਤਲ ਪਿਛਲੀ ਕਹਾਣੀ ਦੀ ਵੀ ਕੀਤੀ ਜਾ ਰਹੀ ਹੈ ਬਰੀਕੀ ਨਾਲ ਜਾਂਚ
ਐਸਐਸਪੀ ਤਰਨਤਾਰਨ ਸੁਰੇਂਦਰ ਲਾਂਬਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਤਲ ਦੇ ਅਸਲ ਕਾਰਨਾਂ ਅਤੇ ਕਥਿਤ ਸਾਜ਼ਿਸ਼ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਲ ਹੀ ਪੁਲਿਸ ਉਕਤ ਕਤਲ ਮਾਮਲੇ ਦੀ ਪਿਛਲੀ ਕਹਾਣੀ ਬਾਰੇ ਵੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ।