ਸ਼ਹਿਰ ਵਿਚ ਵਿਕ ਰਹੀਆਂ ਕਈ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਕੇਪੀ ਗਿੱਲ•,ਪੰਜਾਬੀ ਜਾਗਰਣ, ਕੈਰੋਂ : ਪੱਟੀ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਿਲਾਵਟਖੋਰੀ ਦਾ ਧੰਦਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਵਧੇਰੇ ਮੁਨਾਫ਼ਾ ਕਮਾਉਣ ਦੇ ਲਾਲਚ ਵਿਚ ਕਈ ਦੁਕਾਨਦਾਰ, ਫਾਸਟ ਫੂਡ ਕੈਫੇ ਅਤੇ ਰੇਹੜੀ ਚਾਲਕ ਲੋਕਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਕਰ ਰਹੇ ਹਨ। ਸ਼ਹਿਰ ਵਿਚ ਵਿਕ ਰਹੀਆਂ ਕਈ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਗਲੀਆਂ ਅਤੇ ਮੁੱਖ ਚੌਂਕਾਂ ’ਚ ਲੱਗੀਆਂ ਰੇਹੜੀਆਂ ’ਤੇ ਕਥਿਤ ਤੌਰ ’ਤੇ ਘਟੀਆ ਤੇ ਬਾਸੀ ਸਮੱਗਰੀ ਨਾਲ ਤਿਆਰ ਕੀਤੇ ਜਾ ਰਹੇ ਖਾਣੇ ਨੂੰ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਸਫ਼ਾਈ ਦੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ ਤੇ ਬਿਨਾਂ ਕਿਸੇ ਜਾਂਚ ਦੇ ਖਾਣ-ਪੀਣ ਵਾਲੀਆਂ ਵਸਤੂਆਂ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ।
ਇਲਾਕਾ ਵਾਸੀਆਂ ਦੀ ਮੰਨੀਏ ਤਾਂ ਸ਼ਹਿਰ ’ਚ ਨਕਲੀ ਅਤੇ ਮਿਲਾਵਟੀ ਦੁੱਧ, ਪਨੀਰ, ਚਾਂਪਾ, ਸਪਰਿੰਗ ਰੋਲ, ਨਿਊਡਲ, ਮੋਮੋਜ਼, ਕੇਕ, ਪੇਸਟਰੀਆਂ, ਆਈਸਕ੍ਰੀਮ ਤੋਂ ਇਲਾਵਾ ਗੋਲਗੱਪੇ ਦਾ ਪਾਣੀ ਵੀ ਇਮਲੀ ਪੁਦੀਨੇ ਤੋਂ ਨਹੀਂ ਬਲਕਿ ਖਤਰਨਾਕ ਕੈਮੀਕਲ ਤੋਂ ਤਿਆਰ ਕੀਤਾ ਜਾ ਰਿਹਾ ਹੈ ਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵੱਡੇ ਪੱਧਰ ’ਤੇ ਵੇਚੀਆਂ ਜਾ ਰਹੀਆਂ ਹਨ।
ਕਈ ਫਾਸਟ ਫੂਡ ਸੈਂਟਰਾਂ ’ਤੇ ਵਰਤੇ ਜਾਣ ਵਾਲੇ ਤੇਲ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਘਟੀਆ ਰੰਗ, ਕੈਮੀਕਲ ਅਤੇ ਮਿਆਦ ਪੁੱਗੀਆਂ ਚੀਜ਼ਾਂ ਦੀ ਵਰਤੋਂ ਕੀਤੇ ਜਾਣ ਦੇ ਵੀ ਦੋਸ਼ ਲੱਗ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਮਿਲਾਵਟੀ ਵਸਤੂਆਂ ਦੀ ਵਰਤੋਂ ਨਾਲ ਲੋਕ ਪੇਟ ਦੀਆਂ ਬਿਮਾਰੀਆਂ, ਫੂਡ ਪੋਇਜ਼ਨਿੰਗ, ਚਮੜੀ ਰੋਗ, ਲੀਵਰ ਦੀਆਂ ਸਮੱਸਿਆਵਾਂ ਤੇ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਸਭ ਤੋਂ ਵੱਧ ਖ਼ਤਰਾ ਬੱਚਿਆਂ ਤੇ ਨੌਜਵਾਨਾਂ ਨੂੰ ਹੈ, ਜੋ ਵੱਡੀ ਗਿਣਤੀ ਵਿਚ ਫਾਸਟ ਫੂਡ ਅਤੇ ਬਾਹਰਲੇ ਖਾਣੇ ਵੱਲ ਆਕਰਸ਼ਿਤ ਹੋ ਰਹੇ ਹਨ।
ਲੋਕਾਂ ਦਾ ਦੋਸ਼ ਹੈ ਕਿ ਸਿਹਤ ਵਿਭਾਗ ਤੇ ਫੂਡ ਸੇਫਟੀ ਵਿਭਾਗ ਵੱਲੋਂ ਕਦੇ ਵੀ ਨਿਯਮਿਤ ਤੌਰ ’ਤੇ ਚੈਕਿੰਗ ਮੁਹਿੰਮ ਨਹੀਂ ਚਲਾਈ ਜਾਂਦੀ। ਕਈ ਰੇਹੜੀਆਂ ਤੇ ਦੁਕਾਨਾਂ ਬਿਨ੍ਹਾਂ ਲਾਇਸੈਂਸ ਤੇ ਬਿਨਾਂ ਕਿਸੇ ਮਿਆਰੀ ਪ੍ਰਮਾਣਿਕਤਾ ਦੇ ਚੱਲ ਰਹੀਆਂ ਹਨ, ਪਰ ਸਬੰਧਤ ਵਿਭਾਗਾਂ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ।
ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਣਤੇ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ, ਸੁਖਬੀਰ ਸਿੰਘ, ਵਿਕਰਮਜੀਤ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਮੇਂ ਸਿਰ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਇਹ ਇਕ ਵੱਡੀ ਸਿਹਤ ਸਮੱਸਿਆ ਬਣ ਸਕਦੀ ਹੈ। ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਹੋਰ ਵੀ ਵਧ ਜਾਂਦੀ ਹੈ, ਪਰ ਵਿਭਾਗ ਸਿਰਫ਼ ਕਾਗਜ਼ੀ ਕਾਰਵਾਈ ਤਕ ਹੀ ਸੀਮਿਤ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਨੂੰ ਸਰਗਰਮ ਕਰ ਕੇ ਰੋਜ਼ਾਨਾ ਚੈਕਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤੂਆਂ ਮਿਲ ਸਕਣ।
=====
ਬਾਹਰਲੇ ਚਟਪਟੇ ਖਾਣੇ ਨਾਲ ਨੌਜਵਾਨ ਪੀੜ੍ਹੀ ਬਿਮਾਰੀਆਂ ਵੱਲ ਜਾ ਰਹੀ : ਜਸਬੀਰ ਸਿੰਘ ਸੰਧੂ
ਸਮਾਜ ਸੇਵੀ ਤੇ ਮੈਨੇਜਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਕੱਲ੍ਹ ਬਾਜ਼ਾਰਾਂ ਅਤੇ ਰੇਹੜੀਆਂ ’ਤੇ ਵੇਚੇ ਜਾ ਰਹੇ ਕਈ ਖਾਣ-ਪੀਣ ਦੇ ਸਾਮਾਨ ’ਚ ਸਿਰਫ਼ ਮੁਨਾਫ਼ੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਲੋਕਾਂ ਦੀ ਸਿਹਤ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੱਚੇ ਤੇ ਨੌਜਵਾਨ ਸਭ ਤੋਂ ਵੱਧ ਫਾਸਟ ਫੂਡ, ਰੰਗਦਾਰ ਪੇਅ ਤੇ ਖੁੱਲ੍ਹੇ ਵਿਚ ਬਣ ਰਹੀਆਂ ਖਾਣ ਵਾਲੀਆਂ ਵਸਤੂਆਂ ਵੱਲ ਆਕਰਸ਼ਿਤ ਹੋ ਰਹੇ ਹਨ, ਜੋ ਅੱਗੇ ਚੱਲ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ।
ਇਸ ਕਾਰਨ ਛੋਟੀ ਉਮਰ ’ਚ ਹੀ ਲੋਕ ਸ਼ੂਗਰ, ਮੋਟਾਪਾ, ਦਿਲ ਦੀਆਂ ਬਿਮਾਰੀਆਂ ਤੇ ਪੇਟ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਜਸਬੀਰ ਸਿੰਘ ਸੰਧੂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਦਿਨ ਦਾ ਅੱਧਾ ਭੋਜਨ ਫ਼ਲ ਅਤੇ ਸਲਾਦ ਦੇ ਨਾਲ-ਨਾਲ ਘਰੇਲੂ ਸਾਫ਼-ਸੁਥਰਾ ਭੋਜਨ ਵੱਧ ਤੋਂ ਵੱਧ ਵਰਤਿਆ ਜਾਵੇ ਤੇ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖਿਆ ਜਾਵੇ।
=====
ਸੈਂਪਲ ਫੇਲ੍ਹ ਹੋਣ ਵਾਲਿਆਂ ਖ਼ਿਲਾਫ਼ ਹੁੰਦੀ ਹੈ ਸਖ਼ਤ ਕਾਰਵਾਈ : ਡੀਐੱਚਓ ਡਾ. ਔਲਖ
ਇਸ ਸਬੰਧੀ ਜਦੋਂ ਜ਼ਿਲ੍ਹਾ ਤਰਨਤਾਰਨ ਦੀ ਡੀਐੱਚਓ ਸੁਖਬੀਰ ਕੌਰ ਔਲਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮਾਰਚ ਮਹੀਨੇ ਦੌਰਾਨ ਵੀ ਮਹਿਕਮੇ ਵੱਲੋਂ ਵੱਖ-ਵੱਖ ਥਾਵਾਂ ਤੋਂ ਸੈਂਪਲ ਇਕੱਠੇ ਕਰ ਕੇ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵੀ ਸੈਂਪਲ ਜਾਂਚ ਦੌਰਾਨ ਫੇਲ੍ਹ ਪਾਏ ਜਾਂਦੇ ਹਨ, ਉਨ੍ਹਾਂ ਸਬੰਧਤ ਦੁਕਾਨਦਾਰਾਂ ਜਾਂ ਕਾਰੋਬਾਰੀਆਂ ਖ਼ਿਲਾਫ਼ ਵਿਭਾਗੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਡੀਐਚਓ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਅੱਗੇ ਵੀ ਪੱਟੀ ਸ਼ਹਿਰ ਅੰਦਰ ਖ਼ਾਸ ਚੈਕਿੰਗ ਅਭਿਆਨ ਚਲਾਕੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕੀਤੀ ਜਾਵੇਗੀ।
====
ਬਾਜ਼ਾਰੀ ਖਾਣ ਪੀਣ ਬੱਚਿਆਂ ਲਈ ਖਤਰਨਾਕ : ਡਾ ਸੁਪ੍ਰਿਯਾ ਰੰਧਾਵਾ
ਬੱਚਿਆਂ ਦੇ ਮਾਹਿਰ ਡਾ. ਸੁਪ੍ਰਿਯਾ ਰੰਧਾਵਾ ਨੇ ਦੱਸਿਆ ਕਿ ਕਬਜ਼ ਦਾ ਕਾਰਨ ਬੱਚਿਆਂ ਵਿਚ ਫਾਸਟ ਫੂਡ, ਪੀਜ਼ਾ, ਬਰਗਰ, ਕੁਰਕਰੇ, ਚਿਪਸ, ਕੋਲ ਡਰਿੰਕਸ ਵੱਲ ਜ਼ਿਆਦਾ ਰੁਝਾਨ ਕਰਨਾ ਹੈ ਜੋ ਕਿ ਜ਼ਿਆਦਾਤਰ ਮੈਦੇ ਤੋਂ ਬਣੇ ਹੁੰਦੇ ਹਨ ਅਤੇ ਦੂਸਰਾ ਕਾਰਨ ਬੱਚਿਆਂ ’ਚ ਆਊਟਡੋਰ ਗਤੀਵਿਧੀ ਘੱਟ ਹੋਣਾ ਹੈ, ਜੋ ਉਨ੍ਹਾਂ ਦੇ ਵਿਕਾਸ ਨੂੰ ਰੋਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਫਾਸਟ ਫੂਡ ਆਦਿ ’ਚ ਮਿਲਾਵਾਟੀ ਵਸਤੂਆਂ ਦਾ ਵਿਕਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜੋ ਬੱਚਿਆਂ ਦੇ ਨਾਲ ਵੱਡਿਆਂ ਦੀ ਸਿਹਤ ਵੀ ਵਿਗਾੜ ਸਕਦਾ ਹੈ।