LCD ਚੋਰੀ ਦੇ ਵਿਵਾਦ ’ਚ ਵਾਪਰੀ ਵਾਰਦਾਤ, ਪਿਤਾ ਦੀ ਮੌਤ ਤੇ ਪੁੱਤ ਜ਼ਖ਼ਮੀ
ਜਿਸ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਦਸ ਦੇ ਕਰੀਬ ਲੋਕਾਂ ਵਿਰੁੱਧ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
Publish Date: Sat, 08 Aug 2026 11:07 AM (IST)
Updated Date: Sat, 08 Aug 2026 11:15 AM (IST)
ਰਾਜਨ ਚੋਪੜਾ, ਪੰਜਾਬੀ ਜਾਗਰਣ, ਭਿੱਖੀਵਿੰਡ। ਐੱਲਸੀਡੀ ਚੋਰੀ ਹੋਣ ਦੇ ਮਾਮਲੇ ’ਚ ਬਣੀ ਰੰਜਿਸ਼ ਦੇ ਚੱਲਦਿਆਂ ਕਲਸੀਆਂ ਕਲਾਂ ਵਿਖੇ ਇਕ ਪਰਿਵਾਰ ਉੱਪਰ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਉਸਦਾ ਲੜਕਾ ਵੀ ਜ਼ਖ਼ਮੀ ਹੋ ਗਿਆ।
ਜਿਸ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਦਸ ਦੇ ਕਰੀਬ ਲੋਕਾਂ ਵਿਰੁੱਧ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਪੁਲਿਸ ਨੂੰ ਦਿੱਤੇ ਬਿਆਨ ’ਚ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਲਸੀਆਂ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਲੋਕਾਂ ਦੀ ਕਰੀਬ 10 ਦਿਨ ਪਹਿਲਾਂ ਐੱਲਸੀਡੀ ਚੋਰੀ ਹੋਈ ਸੀ, ਜਿਸ ਸਬੰਧੀ ਉਹ ਉਸ ਦੇ ਭਰਾ ਗੁਰਜੀਤ ਸਿੰਘ ’ਤੇ ਚੋਰੀ ਦਾ ਸ਼ੱਕ ਜਿਤਾਉਂਦੇ ਸਨ।
ਇਸੇ ਰੰਜਿਸ਼ ਦੇ ਚੱਲਦਿਆਂ ਲੰਘੀ ਦੇਰ ਸ਼ਾਮ ਰੂਪ ਸਿੰਘ ਪੁੱਤਰ ਫੌਜਾ ਸਿੰਘ, ਸਾਜਨ ਸਿੰਘ, ਰੇਸ਼ਮ ਸਿੰਘ ਪੁੱਤਰ ਰੂਪ ਸਿੰਘ, ਲਖਵਿੰਦਰ ਸਿੰਘ ਲੱਖਾ ਪੁੱਤਰ ਰੂਪ ਸਿੰਘ, ਰਾਜਬੀਰ ਕੌਰ ਪੁੱਤਰੀ ਰੂਪ ਸਿੰਘ ਤੇ ਚਾਰ ਦੇ ਕਰੀਬ ਅਣਪਛਾਤੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਰੇਸ਼ਮ ਸਿੰਘ ਨੇ ਉਸ ਨੂੰ ਇੱਟ ਮਾਰ ਕੇ ਜਖਮੀ ਕਰ ਦਿੱਤਾ ਜਦੋਂਕਿ ਲਖਵਿੰਦਰ ਸਿੰਘ ਲੱਖਾ ਨੇ ਉਸਦੇ ਪਿਤਾ ਦੇ ਬਰਸ਼ਾ ਮਾਰ ਦੱਤ, ਜਿਸ ਕਾਰਨ ਉਹ ਮੌਕੇ ’ਤੇ ਹੀ ਡਿੱਗ ਪਏ।
ਰੂਪ ਸਿੰਘ ਸਮੇਤ ਹੋਰ ਲੋਕਾਂ ਨੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਪਰਿਵਾਰ ’ਤੇ ਇੱਟਾਂ-ਰੋੜੇ ਵਰਸਾਏ ਅਤੇ ਕੁੱਟਮਾਰ ਤੇ ਖਿੱਚ-ਧੂਹ ਕੀਤੀ। ਰੌਲਾ ਪਾਉਣ ’ਤੇ ਕਥਿਤ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਰਣਜੀਤ ਸਿੰਘ ਅਨੁਸਾਰ, ਉਸ ਦੇ ਭਰਾ ਗੁਰਜੀਤ ਸਿੰਘ ਗੰਭੀਰ ਹਾਲਤ ’ਚ ਬਲਵਿੰਦਰ ਸਿੰਘ ਨੂੰ ਅਲਗੋਂ ਕੋਠੀ ਦੇ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰ ਨੇ ਹਸਪਤਾਲ ਦੇ ਬਾਹਰ ਹੀ ਬਲਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਜਦੋਂਕਿ ਉਹ ਇਲਾਜ ਲਈ ਸਿਵਲ ਹਸਪਤਾਲ ਸੁਰਸਿੰਘ ਵਿਖੇ ਦਾਖਲ ਹੋਇਆ ਹੈ। ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਦੇ ਬਿਆਨਾਂ ’ਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ।