ਸਰਕਾਰ ਵੱਲੋਂ ਹਰ ਇਕ ਦਾ 10 ਲੱਖ ਦਾ ਇਲਾਜ ਹੋਵੇਗਾ ਬਿਲਕੁਲ ਮੁਫ਼ਤ : ਚੇਅਰਮੈਨ ਲਾਖਣਾ
ਸਿਹਤ ਯੋਜਨਾ ਬਿਨਾਂ ਕੋਈ ਪੈਸਾ ਦਿੱਤਿਆਂ, ਤੁਹਾਡੇ ਘਰਾਂ ਤੱਕ ਪਹੁੰਚ ਕਰ ਕੇ ਤੁਹਾਡੇ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ।
Publish Date: Tue, 20 Jan 2026 04:24 PM (IST)
Updated Date: Wed, 21 Jan 2026 04:01 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸਿਹਤ ਯੋਜਨਾ ਬੀਮਾ ਤਹਿਤ ਹਰ ਪਰਿਵਾਰ ਦੇ ਇਲਾਜ ਦੀ ਜ਼ਿੰਮੇਵਾਰੀ ਹੁਣ ਪੰਜਾਬ ਸਰਕਾਰ ਨੇ ਚੁੱਕ ਲਈ ਹੈ। ਚੇਅਰਮੈਨ ਗੁਰਦੇਵ ਸਿੰਘ ਲਾਖਣਾ ਤੇ ਡਾਇਰੈਕਟਰ ਹਰਪ੍ਰੀਤ ਸਿੰਘ ਧੁੰਨਾ ਨੇ ਇਸ ਯੋਜਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇਕ ਨਿਵੇਕਲੀ ਪਹਿਲ ਹੈ, ਜਿਸ ਨਾਲ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਤਾਂ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ‘ਸੱਚੇ ਪਾਤਸ਼ਾਹ’ ਪੰਜਾਬ ਵਾਸੀ ਕਿਸੇ ਵੀ ਵੀਰ, ਭੈਣ, ਭਰਾ, ਮਾਤਾ, ਬਜ਼ੁਰਗ ਨੂੰ ਕੋਈ ਦੁੱਖ ਤਕਲੀਫ਼ ਹੋਵੇ ਨਾ ਪਰ ਫਿਰ ਵੀ ਸਾਡੇ ਖਾਣ-ਪਾਣ ’ਚ ਆਏ ਫ਼ਰਕ ਕਰ ਕੇ ਬਹੁਤ ਸਾਰੀਆਂ ਬਿਮਾਰੀਆਂ ਨੇ ਲੋਕਾਂ ਨੂੰ ਘੇਰਾ ਪਾਇਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਇਹ ਸੁਵਿਧਾ ਹੁਣ ਸਾਰਿਆਂ ਪਰਿਵਾਰਾਂ ਦੇ ਦੁੱਖ ਵੇਲੇ ਮਸਲੇ ਹੱਲ ਕਰੇਗੀ। ਇਹ ਸਿਹਤ ਯੋਜਨਾ ਬਿਨਾਂ ਕੋਈ ਪੈਸਾ ਦਿੱਤਿਆਂ, ਤੁਹਾਡੇ ਘਰਾਂ ਤੱਕ ਪਹੁੰਚ ਕਰ ਕੇ ਤੁਹਾਡੇ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਪਾਸੋਂ ਇਕ ਪੈਸਾ ਵੀ ਇਸ ਯੋਜਨਾ ਦੇ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਤੱਕ ਨਹੀਂ ਲਿਆ ਜਾਵੇਗਾ। ਜੇ ਫਿਰ ਵੀ ਕੋਈ ਸਰਕਾਰੀ ਮੁਲਾਜ਼ਮ ਜਾਂ ਕਾਰਡ ਬਣਾਉਣ ਵਾਲੀਆਂ ਟੀਮਾਂ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਮੰਗਦੀਆਂ ਹਨ, ਤਾਂ ਆਪਣੇ ਨੇੜਲੇ ਕਿਸੇ ਵੀ ਆਗੂ ਤੱਕ ਇਹ ਗੱਲ ਪਹੁੰਚਦੀ ਕਰੋ, ਤਾਂ ਜੋ ਲੋਕਾਂ ਨੂੰ ਦਿੱਤੀ ਪੰਜਾਬ ਸਰਕਾਰ ਦੀ ਇਹ ਸਹੂਲਤ ਮੁਫ਼ਤ ’ਚ ਮੁਹੱਈਆ ਹੋ ਸਕੇ। ਸਿਹਤ ਯੋਜਨਾ ’ਚ ਪੰਜਾਬ ਦੀ ਕੁਲ ਲਗਭਗ ਤਿੰਨ ਕਰੋੜ ਆਬਾਦੀ ਨੂੰ ਲਾਭ ਹੋਣ ਜਾ ਰਿਹਾ ਹੈ। ਜਿਹੜੇ ਪਰਿਵਾਰ ਆਪਣੇ ਆਪ ’ਚ ਸਮੱਰਥ ਹਨ ਉਹ ਵੀ ਚਾਹੁਣ ਤਾਂ ਇਹ ਸਿਹਤ ਯੋਜਨਾ ਬੀਮਾ ਦਾ ਲਾਭ ਉਠਾ ਸਕਦੇ ਹਨ। ਇਸ ਯੋਜਨਾ ਨਾਲ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ ਅਤੇ ਉਨ੍ਹਾਂ ਦੇ ਇਲਾਜ ਦਾ ਖ਼ਰਚਾ ਵੀ ਲਗਭਗ ਸਮਾਪਤ ਹੋਵੇਗਾ।