ਹਰੀਕੇ ਹੈੱਡ ਵਰਕਸ ’ਤੇ ਵਾਪਰੀ ਘਟਨਾ ਤੋਂ ਬਾਅਦ ਜਾਗਿਆ ਮਹਿਕਮਾ
ਹਾਲਾਂਕਿ ਹਰੀਕੇ ਦਰਿਆ ਦੇ ਨਾਲ ਲੱਗਦੀ ਕਨਾਲ ਕਲੋਨੀ ਨੂੰ ਵੀ ਸ਼ਾਮ ਸਮੇਂ ਪੁਲਿਸ ਛਾਉਣੀ ’ਚ ਤਬਦੀਲ ਕਰਦਿਆਂ ਚੱਪਾ-ਚੱਪਾ ਛਾਣਿਆ ਗਿਆ।
Publish Date: Sat, 30 May 2026 07:59 PM (IST)
Updated Date: Sun, 31 May 2026 04:06 AM (IST)

ਕਿਰਪਾਲ ਸਿੰਘ ਰੰਧਾਵਾ•,ਪੰਜਾਬੀ ਜਾਗਰਣ, ਹਰੀਕੇ ਪੱਤਣ : ਹਰੀਕੇ ਹੈੱਡ ਵਰਕਸ ’ਤੇ ਪੰਜਾਬ ਹੋਮਗਾਰਡ ਦੇ ਜਵਾਨ ਉੱਪਰ ਸ਼ਨਿਚਰਵਾਰ ਨੂੰ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੁਲਿਸ ਵਿਭਾਗ ਜਾਗਦਾ ਦਿਖਾਈ ਦਿੱਤਾ ਹੈ। ਕਿਉਂਕਿ ਪੰਜਾਬ ਦੇ ਅਹਿਮ ਪੁਲ ਅਤੇ ਹਾਈਟੈਕ ਨਾਕੇ ’ਤੇ ਲੱਗੇ ਸੀਸੀਟੀਵੀ ਕੈਮਰੇ ਜੋ ਚਿਰਾਂ ਤੋਂ ਬੰਦ ਦੱਸੇ ਜਾ ਰਹੇ ਹਨ, ਨੂੰ ਚਲਾਉਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਹਰੀਕੇ ਦਰਿਆ ਦੇ ਨਾਲ ਲੱਗਦੀ ਕਨਾਲ ਕਲੋਨੀ ਨੂੰ ਵੀ ਸ਼ਾਮ ਸਮੇਂ ਪੁਲਿਸ ਛਾਉਣੀ ’ਚ ਤਬਦੀਲ ਕਰਦਿਆਂ ਚੱਪਾ-ਚੱਪਾ ਛਾਣਿਆ ਗਿਆ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਦੇ ਹੱਥ ਉਕਤ ਕਾਲੋਨੀ ਤੋਂ ਕੁਝ ਨਹੀਂ ਲੱਗਾ। ਪਰ ਲੁੱਟੇ ਗਏ ਸਰਕਾਰੀ ਅਸਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ’ਚ ਹੜਕੰਪ ਜ਼ਰੂਰ ਮਚਿਆ ਹੋਇਆ ਹੈ। ====== ਹਾਈਟੈੱਕ ਨਾਕੇ ਦੇ ਬੰਦ ਕੈਮਰੇ ਸਵਾਲਾਂ ਦੇ ਘੇਰੇ ਚ ਤਰਨਤਾਰਨ ਫਿਰੋਜ਼ਪੁਰ ਦੀ ਹੱਦ ’ਤੇ ਸਥਿਤ ਅੰਤਰ ਜ਼ਿਲ੍ਹਾ ਨਾਕੇ ਨੂੰ ਪੁਲ ਦੀ ਸੁਰੱਖਿਆ ਦੇ ਪੱਖ ਤੋਂ ਅਹਿਮ ਮੰਨਿਆ ਜਾਂਦਾ ਹੈ। ਦੁਖਦਾਈ ਪਹਿਲੂ ਇਹ ਹੈ ਕਿ ਹਾਈਟੈੱਕ ਨਾਕੇ ’ਤੇ ਲੱਗੇ ਸੀਸੀਟੀਵੀ ਤੇ ਸਰਵਲੈਂਸ ਕੈਮਰੇ ਬੀਤੇ ਕਈ ਸਾਲਾਂ ਤੋ ਮੁਕੰਮਲ ਬੰਦ ਹਨ। ਜਿਸ ਨੂੰ ਲੈ ਕੇ ਕਈ ਵਾਰ ਮੀਡੀਆ ਰਾਹੀਂ ਮਾਮਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਗਿਆ। ਪਰ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਦੀ ਨਜ਼ਰ ਇਧਰ ਨਹੀਂ ਗਈ। ਹੁਣ ਜਦੋਂ ਹੋਮਗਾਰਡ ਕਰਮਚਾਰੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਸ਼ਨਿਚਰਵਾਰ ਨੂੰ ਹੀ 4 ਉੱਚ ਗੁਣਵੱਤਾ ਵਾਲੇ ਕੈਮਰੇ ਲਾਉਣ ਦੀ ਤਜ਼ਵੀਜ ਨੂੰ ਤੁਰੰਤ ਅਮਲੀਜਾਮਾ ਪਹਿਨਾਉਣ ਦੀ ਕਵਾਇਦ ਆਰੰਭੀ ਜਾ ਚੁੱਕੀ ਹੈ। ਉੱਧਰ ਹਮਲਾਵਰਾਂ ਦੀ ਭਾਲ ਲਈ ਫਿਰੋਜ਼ਪੁਰ ਪੁਲਿਸ ਵੱਲੋ ਮੱਖੂ, ਬੰਗਾਲੀ ਪੁਲ, ਹਰੀਕੇ ਅਤੇ ਹਾਈਵੇ ’ਤੇ ਲੱਗੇ ਸੌ ਦੇ ਕਰੀਬ ਕੈਮਰੇ ਖੰਘਾਲੇ ਗਏ ਪਰ ਦੇਰ ਸ਼ਾਮ ਤਕ ਸਫਲਤਾ ਹੱਥ ਨਹੀਂ ਲੱਗੀ। ===== ਵਰਦੀ ਦੇ ਪ੍ਰੋਟੋਕਾਲ ਦੀਆਂ ਧੱਜੀਆਂ ਉਡਾਉਂਦੀ ਰਹੀ ਸਥਾਨਕ ਪੁਲਿਸ ਹਰੀਕੇ ਹੈੱਡ ਤੇ ਵਾਪਰੇ ਕਾਂਡ ਦੀ ਪੜਤਾਲ ਲਈ ਮਾਝਾ ਤੇ ਮਾਲਵਾ ਖੇਤਰ ਦੇ ਆਲੇ ਦੁਆਲੇ ਅਧਿਕਾਰੀ, ਜਿਨ੍ਹਾਂ ’ਚ ਇੰਸਪੈਕਟਰ ਰੈਂਕ ਤੋਂ ਲੈ ਕੇ ਡੀਆਈਜੀ ਤਕ ਸ਼ਾਮਲ ਸਨ, ਮੌਕੇ ’ਤੇ ਪਹੁੰਚੇ। ਇਸ ’ਚ ਮਹਿਲਾ ਸਟਾਫ ਵੀ ਸ਼ਾਮਲ ਸੀ। ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਸਮੂਹ ਅਫਸਰ ਨਹਿਰੀ ਵਿਸ਼ਰਾਮ ਘਰ ਹਰੀਕੇ ਪੱਤਣ ਵਿਖੇ ਮਾਮਲੇ ਦੇ ਮੰਥਨ ਲਈ ਇਕੱਤਰ ਰਹੇ। ਪਰ ਅਫਸੋਸ ਫਿਰੋਜ਼ਪੁਰ ਪੁਲਿਸ ਦੇ ਹੇਠਲੇ ਕਰਮਚਾਰੀ ਵਰਦੀ ਦੇ ਪ੍ਰੋਟੋਕਾਲ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਉਕਤ ਕਰਮਚਾਰੀ ਸਿਰ ਤੋ ਨੰਗੇ, ਪੈਰਾਂ ’ਚ ਸੈਂਡਲ ਤੇ ਪੁੱਠੀਆਂ ਨੇਮ ਪਲੇਟਾਂ ਨਾਲ ਅਫਸਰਾਂ ਦੇ ਸਨਮੁਖ ਹਾਜ਼ਰ ਰਹੇ। ਘਟਨਾ ਸਥਾਨ ’ਤੇ ਪੱਤਰਕਾਰਾਂ ਨਾਲ ਖਹਿਬੜਨ ਦਾ ਮਾਮਲਾ ਵੀ ਚਰਚਾ ’ਚ ਰਿਹਾ। ======= 24 ਘੰਟੇ ਨਾਕਾ ਹੋਣ ਦੇ ਬਾਵਜੂਦ ਪੁਲਿਸ ਦੀ ਨੱਕ ਹੇਠ ਹੋ ਰਹੀਆਂ ਹਨ ਚੋਰੀਆਂ ਮੌਕੇ ’ਤੇ ਖੜ੍ਹੇ ਪ੍ਰਤੱਖ ਦਰਸ਼ੀਆਂ ਅਨੁਸਾਰ ਕੇਂਦਰ ਸਰਕਾਰ ਦੇ 75 ਸਾਲਾ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਮੱਦੇਨਜ਼ਰ ਤਿਰੰਗਾਨੁਮਾ ਐਲਈਡੀ ਲਾਈਟਾਂ ਲਾਈਆਂ ਸਨ, ਜੋ ਕੁਝ ਸਮੇਂ ਬਾਅਦ ਹੀ ਚੋਰਾਂ ਦੀ ਖੁਰਾਕ ਬਣ ਗਈਆਂ। ਹੁਣ ਹਰੀਕੇ ਹੈੱਡ ਨੂੰ ਖੁਦ ਹਨੇਰੇ ਤੋ ਡਰ ਲੱਗ ਰਿਹਾ। ਇੱਥੇ ਹੀ ਬੱਸ ਨਹੀਂ ਹਨੇਰੇ ਦਾ ਲਾਭ ਲੈ ਕੇ ਨਹਿਰ ਮਹਿਕਮੇ ਦਾ ਲੋਹਾ, ਵੱਡੀਆਂ ਲਾਈਟਾਂ, ਬਲਬ, ਐਂਗਲ ਤੇ ਪੱਤੀ ਵਰਗੀਆਂ ਚੋਰੀਆਂ ਦੀ ਗਿਣਤੀ ਬੇਹਿਸਾਬ ਹੈ। ਉਨ੍ਹਾਂ ਇਹ ਵੀ ਦੱਸਿਆ ਕਈ ਵਾਰ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਪਰ ਕਦੇ ਕਾਰਵਾਈ ਨਹੀ ਹੋਈ। ਉਲਟਾ 24 ਘੰਟੇ ਵਾਲੇ ਇਸ ਨਾਕੇ ਦੇ ਨਜ਼ਦੀਕ ਪੁਲਿਸ ਦੀ ਨੱਕ ਹੇਠੋਂ ਚੋਰੀਆਂ ਹੁੰਦੀਆਂ ਆ ਰਹੀਆਂ ਹਨ। ===== ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਪੁਲਿਸ ਸਰਹੱਦੀ ਖੇਤਰ ’ਚ ਪੁਲਿਸ ਪੋਸਟ ’ਤੇ ਹਮਲਾ ਕਰਕੇ ਦੋ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰਨ ਤੇ 24 ਮਈ ਨੂੰ ਸਹਾਇਕ ਥਾਣੇਦਾਰ ਜੋਗਾ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਸ਼ਨਿਚਰਵਾਰ ਨੂੰ ਹਰੀਕੇ ਹੈੱਡ ਵਰਕਸ ’ਤੇ ਪੁਲਿਸ ਨਾਕੇ ਉੱਪਰ ਤਾਇਨਾਤ ਕਰਮਚਾਰੀ ’ਤੇ ਤੇਜ਼ਧਾਰ ਹਥਿਅਰਾਂ ਨਾਲ ਕੀਤੇ ਗਏ ਹਮਲੇ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਸਥਾਨਕ ਪੁਲਿਸ ਜਿੱਥੇ ਇਸ ਮਾਮਲੇ ਨੂੰ ਨਿੱਜਤਾ ਵਜੋਂ ਵੇਖ ਰਹੀ ਹੈ, ਉੱਥੇ ਹੀ ਇਸ ਕਾਰਵਾਈ ਨੂੰ ਗੈਂਗਸਟਰ ਹਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਨਾਕੇ ’ਤੇ ਹੋਏ ਇਸ ਹਮਲੇ ਦੀ ਕਿਸੇ ਵਿਦੇਸ਼ੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਪਰ ਫਿਰ ਵੀ ਪੁਲਿਸ ਲਗਾਤਰ ਸੋਸ਼ਲ ਮੀਡੀਆ ’ਤੇ ਨਜ਼ਰ ਬਣਾਈ ਬੈਠੀ ਦਿਖਾਈ ਦੇ ਰਹੀ ਹੈ। ਪੁਲਿਸ ਵੱਲੋਂ ਦੱਬੀ ਸੁਰ ’ਚ ਇਸ ਨੂੰ ਕਥਿਤ ਤੌਰ ’ਤੇ ਤਹਿਰੀਕ-ਏ-ਤਾਲਿਬਾਨ ਸੰਗਠਨ ਦੀ ਉਹ ਧਮਕੀ, ਜਿਸ ’ਚ ਕਿਹਾ ਗਿਆ ਕਿ ‘ਪੁਲਿਸ ਕਰਮੀ ਨੌਕਰੀ ਤਿਆਗ ਦੇਣ’ ਨਾਲ ਜੋੜ ਕੇ ਵੀ ਵੇਖ ਰਹੇ ਹਨ। ਮਾਮਲੇ ਦਾ ਸੱਚ ਕੀ ਹੈ ਇਹ ਆਉਣ ਵਾਲਾ ਸਮਾ ਹੀ ਦੱਸੇਗਾ। ======= ਦੇਰ ਸ਼ਾਮ ਨੂੰ ਪੁਲਿਸ ਛਾਉਣੀ ’ਚ ਤਬਦੀਲ ਹੋਈ ਕੈਨਾਲ ਕਾਲੋਨੀ ਪੁਲਿਸ ਕਰਮਚਾਰੀ ਨੂੰ ਜਖਮੀ ਕਰਕੇ ਸਰਵਿਸ ਰਾਈਫਲ ਖੋਹ ਦੇ ਮਾਮਲੇ ’ਚ ਫਿਰੋਜ਼ਪੁਰ ਤੇ ਤਰਨਤਾਰਨ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਕੈਨਾਲ ਕਾਲੋਨੀ ਮੱਖੂ ਦਾ ਚੱਪਾ ਚੱਪਾ ਛਾਣ ਮਾਰਿਆ। ਦੇਰ ਸ਼ਾਮ ਨੂੰ ਪੁਲਿਸ ਛਾਉਣੀ ’ਚ ਤਬਦੀਲ ਹੋਈ ਕੈਨਾਲ ਕਾਲੋਨੀ ਦੇ ਅਗਿਆਤਾਂ ’ਤੇ ਪੁਲਿਸ ਇਹ ਸਮਝ ਕੇ ਸ਼ੱਕ ਕਰ ਰਹੀ ਸੀ ਕਿ ਇਸੇ ਪਿੰਡ ਦੇ ਵਸਨੀਕ ਨਾਲ ਜ਼ਖ਼ਮੀ ਮੁਲਾਜ਼ਮ ਦਾ ਕਥਿਤ ਝਗੜਾ ਹੋਇਆ ਸੀ, ਜਿਸ ਤੋਂ ਰਾਤ ਦੀ ਵਾਰਦਾਤ ਨੇ ਜਨਮ ਲਿਆ ਹੋ ਸਕਦਾ। 2-3 ਘੰਟੇ ਤੱਕ ਚੱਲੇ ਅਭਿਆਨ ’ਚ ਬੇਸ਼ੱਕ ਪੁਲਿਸ ਦੇ ਹੱਥ ਕੁਝ ਨਹੀ ਲੱਗਾ ਪਰ ਇਲਾਕੇ ਭਰਦੇ ਕਈ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਰਾਊਡ ਅੱਪ ਕੀਤਾ ਹੈ। ====== ਪੱਖ ਲਈ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਦੇ ਰਹੇ ਅਧਿਕਾਰੀ ਇਸ ਸਬੰਧੀ ਪੰਜਾਬ ਹੋਮ ਗਾਰਡ ਦੇ ਡਵੀਜ਼ਨਲ ਕਮਾਂਡੈਂਟ ਕਮਲਪ੍ਰੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਗੁਰਲਾਭਦੀਪ ਸਿੰਘ ਕਮਾਂਡੈਂਟ ਫਿਰੋਜ਼ਪੁਰ ਗੱਲ ਕਰਨਗੇ। ਜਦੋਕਿ ਪੀਏਪੀ 75 ਬਟਾਲੀਅਨ ਦੇ ਕਮਾਡੈਂਟ ਵਿਵੇਕਸ਼ੀਲ ਸੋਨੀ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਇਸ ਗੰਭੀਰ ਮਾਮਲੇ ’ਤੇ ਐੱਸਐੱਸਪੀ ਫਿਰੋਜ਼ਪੁਰ ਨਾਲ ਰਾਬਤਾ ਕਰੋ। ਉੱਧਰ ਐੱਸਐੱਸਪੀ ਫਿਰੋਜ਼ਪੁਰ ਨੇ ਵਿਭਾਗੀ ਪੱਖ ਲਈ ਡੀਆਈਜੀ ਸਨੇਹਦੀਪ ਸ਼ਰਮਾ ਨਾਲ ਰਾਬਤਾ ਕਰਨ ਦਾ ਆਦੇਸ਼ ਦਿੱਤਾ। ਜਦੋਂ ਡੀਆਈਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਨੂੰ ਸੁਲਝਾ ਲਿਆ ਜਾਵੇਗਾ।