ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਇਆ ਮਾਘ ਮਹੀਨੇ ਦੀ ਮੱਸਿਆ ਦਾ ਦਿਹਾੜਾ
ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸੀਸ ਨਿਵਾਇਆ, ਉਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
Publish Date: Sun, 18 Jan 2026 07:39 PM (IST)
Updated Date: Mon, 19 Jan 2026 04:18 AM (IST)

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮਾਘ ਮਹੀਨੇ ਦੀ ਚੌਦਸ ਅਤੇ ਮੱਸਿਆ ਦਾ ਦਿਹਾੜਾ ਸ਼ਨਿਚਰਵਾਰ ਤੇ ਐਤਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਰੀ ਠੰਢ ਦੇ ਬਾਵਜੂਦ ਦੋਵੇਂ ਦਿਨ ਲੱਖਾਂ ਦੀ ਗਿਣਤੀ ’ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਘਰ ਪੁੱਜੀ ਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸੀਸ ਨਿਵਾਇਆ, ਉਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਨੇ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਲੰਗਰ ਹਾਲ ਵਿਖੇ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਦੀਵਾਨ ਹਾਲ ਵਿਖੇ ਚੌਦਸ ਤੇ ਮੱਸਿਆ ਦੇ ਦਿਹਾੜਿਆਂ ’ਤੇ ਦਿਨ-ਰਾਤ ਭਾਰੀ ਦੀਵਾਨ ਸਜਿਆ। ਜਿਸ ’ਚ ਭਾਈ ਨਿਰਮਲ ਸਿੰਘ ਜੇਠੂਵਾਲ, ਭਾਈ ਗੁਰਪਾਲ ਸਿੰਘ ਪੱਖੋਪੁਰ ਕਵੀਸ਼ਰ, ਭਾਈ ਸਾਬਪ੍ਰੀਤ ਸਿੰਘ ਢਾਡੀ ਜੱਥਾ, ਭਾਈ ਸਕੱਤਰ ਸਿੰਘ ਪੰਡੋਰੀ ਕਵੀਸ਼ਰ, ਭਾਈ ਗੁਲਜਾਰ ਸਿੰਘ ਖੇੜਾ ਢਾਡੀ ਜੱਥਾ, ਭਾਈ ਨਿਰਵੈਲ ਸਿੰਘ ਕਵੀਸ਼ਰ, ਭਾਈ ਸ਼ਮਸ਼ੇਰ ਸਿੰਘ ਮਿਸਰਪੁਰ ਢਾਡੀ, ਭਾਈ ਮੱਸਾ ਸਿੰਘ ਸਭਰਾ ਕਵੀਸ਼ਰ, ਭਾਈ ਪ੍ਰਦੀਪ ਸਿੰਘ ਕਵੀਸ਼ਰ, ਭਾਈ ਕੁਲਦੀਪ ਸਿੰਘ ਢਾਡੀ, ਭਾਈ ਨਿਸ਼ਾਨ ਸਿੰਘ ਝਬਾਲ ਕਵੀਸ਼ਰ, ਭਾਈ ਲਖਬੀਰ ਸਿੰਘ ਕੋਮਲ ਢਾਡੀ, ਭਾਈ ਦਿਲਬਾਗ ਸਿੰਘ ਕਵੀਸ਼ਰ, ਭਾਈ ਸਤਨਾਮ ਸਿੰਘ ਮਰਹਾਣਾ ਕਵੀਸ਼ਰ, ਭਾਈ ਸੁਖਦੇਵ ਸਿੰਘ ਬੂਹ ਢਾਡੀ, ਭਾਈ ਸੁਰਜੀਤ ਸਿੰਘ ਕਵੀਸ਼ਰ, ਭਾਈ ਅੰਮ੍ਰਿਤਪਾਲ ਸਿੰਘ ਖਹਿਰਾ ਇੰਟਰਨੈਸ਼ਨਲ ਕਵੀਸ਼ਰੀ ਜੱਥਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਅਤੇ ਭਾਈ ਪਰਮਿੰਦਰ ਸਿੰਘ ਅੰਮ੍ਰਿਤਸਰ ਨੇ ਦੀਵਾਨ ਵਿਚ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ====== ਮੱਸਿਆ ਦੇ ਦਿਹਾੜੇ ’ਤੇ ਗੁਰੂ ਘਰ ਪੁੱਜੇ ਜਥੇਦਾਰ ਗੜਗੱਜ ਐਤਵਾਰ ਨੂੰ ਮੱਸਿਆ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਪੁੱਜੇ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਮੱਥਾ ਟੇਕਿਆ ਤੇ ਦੀਵਾਨ ਹਾਲ ’ਚ ਸਜੇ ਦੀਵਾਨਾਂ ’ਚ ਪੁੱਜੇ। ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਜਿੱਥੇ ਸੰਬੋਧਨ ਕੀਤਾ, ਉੱਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਸਮੁੱਚੇ ਸਟਾਫ ਸਮੇਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਮਾਨਿਤ ਵੀ ਕੀਤਾ। ==== ਪਿੰਡਾਂ ਅਤੇ ਸ਼ਹਿਰ ਵਿਚ ਕਈ ਥਾਵਾਂ ’ਤੇ ਲੱਗੇ ਗੁਰੂ ਕੇ ਲੰਗਰ ਮੱਸਿਆ ਦੇ ਦਿਹਾੜੇ ’ਤੇ ਗੁਰੂ ਘਰ ਆਉਣ ਵਾਲੀ ਸੰਗਤ ਦੀ ਟਹਿਲ ਸੇਵਾ ਵਾਸਤੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਜਿੱਥੇ ਸ਼ਰਧਾਲੂਆਂ ਨੇ ਗੁਰੂ ਕੇ ਲੰਗਰ ਲਾਏ, ਉਥੇ ਹੀ ਤਰਨਤਾਰਨ ਵੱਲ ਆਉਂਦੀਆਂ ਸੜਕਾਂ ’ਤੇ ਪੈਂਦੇ ਵੱਖ-ਵੱਖ ਪਿਡਾਂ ਦੇ ਸ਼ਰਧਾਲੂਆਂ ਵੱਲੋਂ ਆਪੋ ਆਪਣੇ ਪਿੰਡਾਂ ਦੇ ਅੱਡਿਆਂ ’ਤੇ ਮਹੀਨਾਵਾਰੀ ਲੰਗਰ ਲਾਏ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਏ ਜਾ ਸਕਣ। ਕਈ ਥਾਵਾਂ ’ਤੇ ਚਾਹ ਦੇ ਲੰਗਰ ਲਾ ਕੇ ਵੀ ਭਾਰੀ ਠੰਢ ’ਚ ਸੰਗਤ ਨੂੰ ਛਕਾਏ ਗਏ। === ਚੌਦਸ ਤੇ ਮੱਸਿਆ ਦੇ ਦਿਹਾੜੇ ’ਤੇ ਕੀਤੇ ਜਾਂਦੇ ਹਨ ਵਿਸ਼ੇਸ਼ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਭਾਈ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਚੌਦਸ ਅਤੇ ਮੱਸਿਆ ਦੇ ਦਿਹਾੜੇ ਦਾ ਤਰਨਤਾਰਨ ’ਚ ਖਾਸ ਮਹੱਤਵ ਹੈ। ਦੋਵੇਂ ਦਿਨ ਗੁਰੂ ਘਰ ’ਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਚੱਲਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਵਿਸ਼ੇਸ਼ ਤਰੀਕੇ ਨਾਲ ਕੀਤੇ ਜਾਂਦੇ ਹਨ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਮੂਹ ਸਟਾਫ ਵੱਲੋ ਚੌਦਸ ਤੇ ਮੱਸਿਆ ਦੇ ਦਿਹਾੜੇ ’ਤੇ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ। === ਰਣਜੀਤ ਸਿੰਘ ਠੇਕੇਦਾਰ ਨੇ ਕੀਤਾ ਸੰਗਤ ਦਾ ਸਵਾਗਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੇਵਾ ਕਰਨ ਵਾਲੇ ਭਾਈ ਰਣਜੀਤ ਸਿੰਘ ਬੱਬੀ ਠੇਕੇਦਾਰ ਨੇ ਚੌਦਸ ਤੇ ਮੱਸਿਆ ਦੇ ਦਿਹਾੜੇ ’ਤੇ ਪੁੱਜੀ ਸੰਗਤ ਦਾ ਜਿੱਥੇ ਸਵਾਗਤ ਕੀਤਾ, ਉੱਥੇ ਹੀ ਦੱਸਿਆ ਕਿ ਗੁਰੂ ਘਰ ’ਚ ਮਨਾਏ ਜਾਣ ਵਾਲੇ ਪਵਿੱਤਰ ਦਿਹਾੜਿਆਂ ’ਤੇ ਵੱਡੀ ਗਿਣਤੀ ਸੰਗਤ ਜੁੜਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਿਹਾੜਿਆਂ ’ਤੇ ਵੱਖ-ਵੱਖ ਸਭਾ ਸੁਸਾਇਟੀਆਂ ਦੇ ਸੇਵਾਦਾਰਾਂ ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।