ਸ੍ਰੀ ਦਰਬਾਰ ਸਾਹਿਬ ਤੇ ਪ੍ਰਕਰਮਾ ਸਮੇਤ ਦੀਵਾਨ ਹਾਲ ਦੀਆਂ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਵਟ ਕੀਤੀ ਜਾਵੇਗੀ

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਮੌਕੇ ਤਰਨਤਾਰਨ ’ਚ ਹੋਣ ਵਾਲੇ ਦਸ ਰੋਜ਼ਾ ਸਮਾਗਮ ਅੱਜ ਆਰੰਭ ਹੋਣ ਜਾ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦੇ ਪਹਿਲੇ ਦਿਨ ਦੇ ਸਮਾਗਮ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਣ ਜਾ ਰਹੇ ਹਨ। ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸੇਵਾਦਾਰਾਂ ਨੇ ਦੱਸਿਆ ਕਿ 31 ਮਾਰਚ ਨੂੰ ਪਹਿਲੇ ਦਿਨ ਦੇ ਸਮਾਗਮਾਂ ’ਚ ਭਾਈ ਅਮਨਦੀਪ ਸਿੰਘ ਕੀਰਤਨੀ ਜਥਾ ਗੁਰਦੁਆਰਾ ਸ੍ਰੀ ਲਕੀਰ ਸਾਹਿਬ, ਗਿਆਨੀ ਗੁਰਬਚਨ ਸਿੰਘ ਕਲਸੀਆਂ ਪ੍ਰਚਾਰਕ ਸ਼੍ਰੋਮਣੀ ਕਮੇਟੀ, ਭਾਈ ਨਿਸ਼ਾਨ ਸਿੰਘ ਤਰਨਤਾਰਨ ਵਾਲੇ, ਗਿਆਨੀ ਪ੍ਰਿਤਪਾਲ ਸਿੰਘ ਕਥਾ ਵਾਚਕ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਪਟਿਆਲਾ, ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਸ਼ਾਮ 6 ਤੋਂ ਰਾਤ 10 ਵਜੇ ਤਕ ਸੰਗਤ ਨੂੰ ਹਰ ਜਸ ਸਰਵਣ ਕਰਵਾਉਣਗੇ।
ਸੇਵਾਦਾਰਾਂ ਨੇ ਦੱਸਿਆ 1 ਅਪ੍ਰੈਲ ਨੂੰ ਗੁਰਦੁਆਰਾ ਪੁਲਿਸ ਕਾਲੋਨੀ ਅੰਮ੍ਰਿਤਸਰ ਰੋਡ, 2 ਅਪ੍ਰੈਲ ਨੂੰ ਗੁਰਦੁਆਰਾ ਭਗਤ ਨਾਮਦੇਵ ਜੀ ਮੁਹੱਲਾ ਟਾਂਕਕਸ਼ੱਤਰੀ, 3 ਅਪ੍ਰੈਲ ਨੂੰ ਗੁਰਦੁਆਰਾ ਖੂਹ ਬੀਬੀ ਭਾਨੀ ਜੀ, 4 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਕਾ ਖੂਹ, 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਅਫ਼ਸਰ ਐਵੀਨਿਊ ਫੋਕਲ ਪੁਆਇੰਟ ਤੇ 6 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਮੁਰਾਦਪੁਰਾ ਵਿਖੇ ਸ਼ਾਮ 6 ਤੋਂ ਰਾਤ 10 ਵਜੇ ਤਕ ਗੁਰਮਤਿ ਸਮਾਗਮ ਕਰਵਾਏ ਜਾਣਗੇ।
ਜਿਨ੍ਹਾਂ ’ਚ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਹਾਜ਼ਰੀ ਭਰੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 7, 8 ਤੇ 9 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਗੁਰਮਤਿ ਸਮਾਗਮ ਹੋਣਗੇ। 7 ਅਪ੍ਰੈਲ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਸਥਾਨ ਸਰਾਂ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਜਦੋਂਕਿ ਸ਼ਾਮ 5 ਵਜੇ ਤੋਂ ਰਾਤ 11 ਵਜੇ ਤਕ ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ’ਚ ਹੋਣ ਵਾਲੇ ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। 8 ਅਪ੍ਰੈਲ ਨੂੰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤਕ ਗੁਰਮਤਿ ਸਮਾਗਮ ਦੀਵਾਨ ਹਾਲ ’ਚ ਹੋਵੇਗਾ ਤੇ 9 ਅਪ੍ਰੈਲ ਨੂੰ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਵੇਰੇ ਸਾਢੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਸੰਗਤ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰੇਗੀ। ਸਵੇਰੇ ਸਾਢੇ 11 ਵਜੇ ਤੋਂ ਦੁਪਹਿਰ ਸਵਾ 2 ਵਜੇ ਤਕ ਕੀਰਤਨ ਤੇ ਗੁਰਮਤਿ ਸਮਾਗਮ ਹੋਵੇਗਾ। ਉਪਰੰਤ ਸ਼ਾਮ 5 ਵਜੇ ਤੋਂ ਰਾਤ 12 ਵਜੇ ਤਕ ਦੀਵਾਨ ਹਾਲ ’ਚ ਹੋਣ ਵਾਲੇ ਗੁਰਮਤਿ ਸਮਾਗਮ ’ਚ ਵੀ ਪੰਥ ਪ੍ਰਸਿੱਧ ਜਥੇ ਸੰਗਤ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ। ਰਾਤ 12 ਵਜੇ ਸ੍ਰੀ ਗੁਰੂ ਸਾਹਿਬ ’ਤੇ ਫੁੱਲਾਂ ਦੀ ਵਰਖਾ ਤੇ ਆਤਿਸ਼ਬਾਜ਼ੀ ਹੋਵੇਗੀ।
ਸ੍ਰੀ ਦਰਬਾਰ ਸਾਹਿਬ ਤੇ ਪ੍ਰਕਰਮਾ ਸਮੇਤ ਦੀਵਾਨ ਹਾਲ ਦੀਆਂ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਵਟ ਕੀਤੀ ਜਾਵੇਗੀ ਤੇ ਦੀਵਾਨ ਹਾਲ ਨੂੰ ਫੁੱਲਾਂ ਨਾਲ ਸਜਾਇਆ ਜਾਵੇਗਾ। ਸ੍ਰੀ ਦਰਬਾਰ ਸਾਹਿਬ ’ਚ ਲਾਈਟਾਂ ਲਾਉਣ ਦਾ ਕਾਰਜ ਆਰੰਭ ਵੀ ਹੋ ਚੁੱਕਾ ਹੈ।