ਮੈਰੀਟੋਰੀਅਸ ਸਕੂਲ ਅੱਗੇ ਅਧਿਆਪਕਾਂ ਸਾੜਿਆ ਸਰਕਾਰ ਦਾ ਪੁਤਲਾ ਮੈਰੀਟੋਰੀਅਸ ਸਕੂਲ ਅੱਗੇ ਅਧਿਆਪਕਾਂ ਸਾੜਿਆ ਸਰਕਾਰ ਦਾ ਪੁਤਲਾ
Publish Date: Sat, 05 Sep 2026 04:10 PM (IST)
Updated Date: Sun, 06 Sep 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕਾ ਨਾ ਕੀਤੇ ਜਾਣ ਦੇ ਰੋਸ ਵਜੋਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਨੇ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕਰਦਿਆਂ ਸ਼ਨਿੱਚਰਵਾਰ ਨੂੰ ਮੈਰੀਟੋਰੀਅਸ ਸਕੂਲ ਘਾਬਦਾਂ ਦੇ ਮੁੱਖ ਗੇਟ ਅੱਗੇ ਸਕੂਲ ਸਮੇਂ ਤੋਂ ਬਾਅਦ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆਂ ਬਿਕਰਮਜੀਤ ਸਿੰਘ, ਨਵਦੀਪ ਸਿੰਘ, ਮਨੀਸ਼ ਕੁਮਾਰ, ਮਨਜਿੰਦਰ ਕੌਰ, ਮਨਪ੍ਰੀਤ ਕੌਰ, ਸੁਖਦੀਪ ਕੌਰ ਨੇ ਕਿਹਾ ਕਿ ਮੈਰੀਟੋਰੀਅਸ ਅਧਿਆਪਕ ਆਪਣੀ ਮਿਹਨਤ ਅਤੇ ਯੋਗਤਾ ਨਾਲ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕਾ ਕਰਨ ਦੀ ਜਾਇਜ਼ ਮੰਗ ਨੂੰ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਪੰਜਾਬ ਦੇ ਬੱਚਿਆਂ ਦਾ ਭਵਿੱਖ ਤਿਆਰ ਕਰ ਰਹੇ ਹਨ, ਉਨ੍ਹਾਂ ਦੇ ਆਪਣੇ ਭਵਿੱਖ ਨੂੰ ਅਨਿਸ਼ਚਿਤਤਾ ਵਿੱਚ ਰੱਖਣਾ ਬੇਹੱਦ ਮੰਦਭਾਗਾ ਹੈ। ਸਰਕਾਰ ਨੂੰ ਹੁਣ ਸਿਰਫ਼ ਭਰੋਸੇ ਦੇਣ ਦੀ ਬਜਾਏ ਸਿੱਖਿਆ ਵਿਭਾਗ ਵਿੱਚ ਰੈਗੂਲਰਾਈਜ਼ੇਸ਼ਨ ਸਬੰਧੀ ਠੋਸ ਫ਼ੈਸਲਾ ਲੈਣਾ ਚਾਹੀਦਾ ਹੈ। ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੈਰੀਟੋਰੀਅਸ ਅਧਿਆਪਕਾਂ ਨੂੰ ਤੁਰੰਤ ਸਿੱਖਿਆ ਵਿਭਾਗ ਵਿੱਚ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਦੇ ਬਣਦੇ ਸਾਰੇ ਜਾਇਜ਼ ਹੱਕ ਦਿੱਤੇ ਜਾਣ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮੰਗ ਨੂੰ ਹੋਰ ਲਟਕਾਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਆਪਕ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਰੀਟੋਰੀਅਸ ਅਧਿਆਪਕ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।