ਵਰਕਰ ਪਾਰਟੀ ਦੀ ਤਾਕਤ, ਜਿਨ੍ਹਾਂ ਬਿਨ੍ਹਾਂ ਕੋਈ ਸੰਗਠਨ ਮਜ਼ਬੂਤ ਨਹੀਂ ਹੋ ਸਕਦਾ : ਕੈਰੋਂ
ਹਰ ਨਿਹਾਲ ਭਵਨ ’ਚ ਲੱਗਾ ਵਰਕਰਾਂ ਦਾ ਤਾਂਤਾ
Publish Date: Thu, 26 Mar 2026 04:59 PM (IST)
Updated Date: Fri, 27 Mar 2026 04:03 AM (IST)

ਹਰ ਨਿਹਾਲ ਭਵਨ ’ਚ ਲੱਗਾ ਵਰਕਰਾਂ ਦਾ ਤਾਂਤਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਰਕਰਾਂ ਨਾਲ ਕੀਤੀ ਮੁਲਾਕਾਤ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਹਲਕੇ ਦੀ ਸਿਆਸਤ ਵਿਚ ਇਕ ਵਾਰ ਫਿਰ ਚਲਹਲ ਪੈਦਾ ਹੋ ਗਈ, ਜਦੋਂ ਹਰ ਨਿਹਾਲ ਭਵਨ ਵਿਖੇ ਵਰਕਰਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਖਾਸ ਤੌਰ ’ਤੇ ਹਾਜਰੀ ਭਰਦਿਆਂ ਪਾਰਟੀ ਵਰਕਰਾਂ ਨਾਲ ਰੁਬਰੂ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਇਕੱਠ ਦੌਰਾਨ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਦੂਰ-ਦੂਰ ਤੋਂ ਆਏ ਵਰਕਰਾਂ ਨੇ ਆਪਣੇ ਆਗੂ ਨਾਲ ਮਿਲ ਕੇ ਖੁਸ਼ੀ ਜਤਾਈ ਅਤੇ ਹਲਕੇ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਗੱਲਬਾਤ ਕੀਤੀ। ਭਵਨ ਦੇ ਅੰਦਰ ਤੇ ਬਾਹਰ ਵਰਕਰਾਂ ਦੀ ਭੀੜ ਲੱਗੀ ਰਹੀ, ਜਿਸ ਕਾਰਨ ਪੂਰਾ ਮਾਹੌਲ ਰਾਜਨੀਤਿਕ ਰੰਗ ਵਿਚ ਰੰਗਿਆ ਹੋਇਆ ਦਿੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਪਾਰਟੀ ਦੀ ਤਾਕਤ ਉਸਦੇ ਵਰਕਰ ਹੁੰਦੇ ਹਨ ਅਤੇ ਉਨ੍ਹਾਂ ਦੇ ਬਿਨ੍ਹਾਂ ਕੋਈ ਵੀ ਸੰਗਠਨ ਮਜ਼ਬੂਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਤੇ ਲਗਨ ਨਾਲ ਹੀ ਹਲਕੇ ਵਿਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ ਹਨ ਅਤੇ ਭਵਿੱਖ ਵਿਚ ਵੀ ਇਹ ਜਜ਼ਬਾ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕਿ ਉਹ ਹਮੇਸ਼ਾਂ ਵਰਕਰਾਂ ਦੇ ਨਾਲ ਖੜੇ ਰਹਿਣਗੇ ਅਤੇ ਹਲਕੇ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਵਰਕਰਾਂ ਨੂੰ ਇਕਜੁੱਟ ਰਹਿਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕਈ ਵਰਕਰਾਂ ਨੇ ਆਪਣੇ ਇਲਾਕਿਆਂ ਨਾਲ ਸਬੰਧਤ ਮਸਲੇ ਵੀ ਉਨ੍ਹਾਂ ਦੇ ਸਾਹਮਣੇ ਰੱਖੇ, ਜਿਨ੍ਹਾਂ ਨੂੰ ਧਿਆਨ ਨਾਲ ਸੁਣਦੇ ਹੋਏ ਕੈਰੋਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਵਰਕਰਾਂ ਨੇ ਵੀ ਆਪਣੇ ਆਗੂ ਪ੍ਰਤੀ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਉਹ ਹਰ ਵੇਲੇ ਕੈਰੋਂ ਪਰਿਵਾਰ ਦੇ ਨਾਲ ਖੜੇ ਹਨ। ਇਹ ਇਕੱਠ ਹਲਕੇ ਦੀ ਸਿਆਸਤ ਵਿਚ ਇਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ, ਜਿਥੇ ਵਰਕਰਾਂ ਦੀ ਭਾਰੀ ਭਾਗੀਦਾਰੀ ਨੇ ਸਪੱਸ਼ਟ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਰਾਜਨੀਤਿਕ ਸਰਗਰਮੀਆਂ ਹੋਰ ਤੇਜ਼ ਹੋਣ ਵਾਲੀਆਂ ਹਨ। ਇਸ ਮੌਕੇ ਗੁਰਿੰਦਰਪਾਲ ਸਿੰਘ ਸੰਧੂ ਓਐੱਸਡੀ, ਖੁਸ਼ਵਿੰਦਰ ਸਿੰਘ ਭਾਟੀਆ, ਸਤਪਾਲ ਅਰੋੜਾ, ਗੁਰਚਰਨ ਸਿੰਘ ਚੰਨ, ਜਸਬੀਰ ਸਿੰਘ ਜੱਸ ਪ੍ਰਧਾਨ, ਰਮਨ ਸ਼ਰਮਾ, ਰਾਮਦੀਪ ਸੋਨੂੰ, ਅਮਨ ਰਾੜੀਆ, ਲਵਲੀ ਅਰੋੜਾ, ਸੋਨੂੰ ਚੀਮਾ, ਇਕਬਾਲ ਸਿੰਘ ਮੈਨੀ, ਅਮਰੀਕ ਸਿੰਘ ਭੁੱਲਰ, ਅਮਨਦੀਪ ਸਿੰਘ ਭਾਟੀਆ, ਲਖਵਿੰਦਰ ਭੁੱਟੋ, ਸੁਖਵਿੰਦਰ ਸਿੰਘ ਉਬੋਕੇ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਸਾਬਕਾ ਸਰਪੰਚ ਹਾਜ਼ਰ ਸਨ।