- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਡੀਓ ਦੇ ਵਾਇਰਲ ਹੋਣ ਨਾਲ ਇਲਾਕੇ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਲੋਕ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਵਿਚ ਕੰਮ ਕਰਨ ਵਾਲੇ ਵਰਗਾਂ ਦਾ ਮੰਨਣਾ ਹੈ ਕਿ ਜੇਕਰ ਵੀਡੀਓ ’ਚ ਦਿਖਾਏ ਜਾ ਰਹੇ ਦ੍ਰਿਸ਼ ਸਹੀ ਹਨ ਤਾਂ ਇਹ ਸਿਰਫ਼ ਇਕ ਪਰਿਵਾਰਕ ਮਾਮਲਾ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਮਾਮਲਾ ਬਣ ਸਕਦਾ ਹੈ।

ਕੇਪੀ ਗਿੱਲ•ਪੰਜਾਬੀ ਜਾਗਰਣ, ਕੈਰੋਂ : ਪੰਜਾਬ ਵਿਚ ਔਰਤਾਂ ਦੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਇਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵੀਡੀਓ ਵਿਚ ਇਕ ਔਰਤ ਨੂੰ ਨਿਰਵਸਤਰ ਹਾਲਤ ਵਿਚ ਮੰਜੇ ਨਾਲ ਬੰਨ੍ਹਿਆ ਹੋਇਆ ਦਿਖਾਇਆ ਜਾ ਰਿਹਾ ਹੈ, ਜਦੋਂਕਿ ਉਹ ਰੋਂਦੀ ਹੋਈ ਆਪਣੇ ਆਪ ਨੂੰ ਛੱਡਣ ਦੀਆਂ ਮਿੰਨਤਾਂ ਕਰ ਰਹੀ ਹੈ।
ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ, ਇਹ ਵੀਡੀਓ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਨਾਲ ਸਬੰਧਤ ਇਕ ਪਿੰਡ ਦੀ ਦੱਸੀ ਜਾ ਰਹੀ ਹੈ। ਦਾਅਵਾ ਹੈ ਕਿ ਪੀੜ੍ਹਤ ਔਰਤ ਦੀ ਸੱਸ ਉਸ ਨੂੰ ਇਸ ਹਾਲਤ ਵਿਚ ਰੱਖ ਕੇ ਕਿਸੇ ਹੋਰ ਔਰਤ ਨੂੰ ਵੀਡੀਓ ਕਾਲ ਰਾਹੀਂ ਦਿਖਾ ਰਹੀ ਸੀ। ਵੀਡੀਓ ਦੌਰਾਨ ਉਹ ਪੀੜਤਾ ਦੇ ਸਰੀਰ ’ਤੇ ਮੌਜੂਦ ਨਿਸ਼ਾਨਾਂ ਅਤੇ ਉਸ ਦੇ ਹੋਏ ਵੱਡੇ ਆਪ੍ਰੇਸ਼ਨ ਦਾ ਵੀ ਜ਼ਿਕਰ ਕਰਦੀ ਸੁਣਾਈ ਦਿੰਦੀ ਹੈ।
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਕਰ ਇਹ ਦਾਅਵੇ ਸਹੀ ਹਨ ਤਾਂ ਕਿਸ ਤਰ੍ਹਾਂ ਇਕ ਔਰਤ ਨਾਲ ਇਸ ਹੱਦ ਤਕ ਅਣਮਨੁੱਖੀ ਵਿਵਹਾਰ ਕਰ ਸਕਦੀ ਹੈ? ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਨਿਰਵਸਤਰ ਕਰਕੇ ਬੰਨ੍ਹਣਾ, ਉਸ ਦੀ ਇੱਜ਼ਤ ਅਤੇ ਨਿੱਜਤਾ ਨੂੰ ਠੇਸ ਪਹੁੰਚਾਉਣਾ ਨਾ ਸਿਰਫ਼ ਸਮਾਜਕ ਤੌਰ ’ਤੇ ਨਿੰਦਣਯੋਗ ਹੈ, ਸਗੋਂ ਕਾਨੂੰਨੀ ਤੌਰ 'ਤੇ ਵੀ ਬਹੁਤ ਗੰਭੀਰ ਅਪਰਾਧ ਹੋ ਸਕਦਾ ਹੈ।
ਵੀਡੀਓ ਦੇ ਵਾਇਰਲ ਹੋਣ ਨਾਲ ਇਲਾਕੇ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਲੋਕ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਵਿਚ ਕੰਮ ਕਰਨ ਵਾਲੇ ਵਰਗਾਂ ਦਾ ਮੰਨਣਾ ਹੈ ਕਿ ਜੇਕਰ ਵੀਡੀਓ ’ਚ ਦਿਖਾਏ ਜਾ ਰਹੇ ਦ੍ਰਿਸ਼ ਸਹੀ ਹਨ ਤਾਂ ਇਹ ਸਿਰਫ਼ ਇਕ ਪਰਿਵਾਰਕ ਮਾਮਲਾ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਮਾਮਲਾ ਬਣ ਸਕਦਾ ਹੈ।
ਹਾਲਾਂਕਿ, ਇਸ ਵੇਲੇ ਇਹ ਗੱਲ ਅਧਿਕਾਰਤ ਤੌਰ ’ਤੇ ਸਾਬਤ ਨਹੀਂ ਹੋਈ ਕਿ ਵੀਡੀਓ ਕਦੋਂ ਅਤੇ ਕਿੱਥੇ ਬਣਾਈ ਗਈ ਸੀ।
ਇਸ ਸਬੰਧੀ ਪੁਲਿਸ ਚੌਕੀ ਸਭਰਾ ਦੇ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵੀਡੀਓ ਕਿੱਥੋਂ ਦੀ ਹੈ ਅਤੇ ਇਸ ਵਿਚ ਦਿਖਾਈ ਦੇ ਰਹੇ ਪੀੜਤ ਅਤੇ ਹੋਰ ਵਿਅਕਤੀ ਕੌਣ ਹਨ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।