ਪਿੰਡ ਠੱਠੀਆਂ ਮਹੰਤਾਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਜਿਨ੍ਹਾਂ ਦਾ ਬੁੱਧਵਾਰ ਨੂੰ ਪਿੰਡ ਸ਼ੇਰੋਂ ’ਚ ਸਥਿਤ ਸਿੱਧੂ ਫਾਰਮ ਨਾਂ ਦੇ ਪੈਲੇਸ ’ਚ ਚੱਲਦੇ ਵਿਆਹ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੀਰਵਾਰ ਨੂੰ ਗੈਂਗਸਟਰ ਕੁਨੈਕਸ਼ਨ ਸਾਹਮਣੇ ਆਇਆ ਹੈ।

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਠੱਠੀਆਂ ਮਹੰਤਾਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਜਿਨ੍ਹਾਂ ਦਾ ਬੁੱਧਵਾਰ ਨੂੰ ਪਿੰਡ ਸ਼ੇਰੋਂ ’ਚ ਸਥਿਤ ਸਿੱਧੂ ਫਾਰਮ ਨਾਂ ਦੇ ਪੈਲੇਸ ’ਚ ਚੱਲਦੇ ਵਿਆਹ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੀਰਵਾਰ ਨੂੰ ਗੈਂਗਸਟਰ ਕੁਨੈਕਸ਼ਨ ਸਾਹਮਣੇ ਆਇਆ ਹੈ। ਦਰਅਸਲ ਲਖਬੀਰ ਲੰਡਾ ਨਾਂ ਦੇ ਸੋਸ਼ਲ ਖਾਤੇ ਤੋਂ ਵਾਇਰਲ ਹੋਈ ਪੋਸਟ ਵਿਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।
ਹਾਲਾਂਕਿ ਪੁਲਿਸ ਦੀ ਮੰਨੀਏ ਤਾਂ ਉਕਤ ਪੋਸਟ ਦੀ ਸੱਚਾਈ ਬਾਰੇ ਜਾਂਚ ਚੱਲ ਰਹੀ ਹੈ ਅਤੇ ਕਤਲ ਕਰਨ ਵਾਲੇ ਜਦੋਂਕਿ ਤੱਕ ਫੜੇ ਨਹੀਂ ਜਾਂਦੇ, ਓਨੀ ਦੇਰ ਇਸ ਮਾਮਲੇ ਵਿਚ ਕੋਈ ਗੈਂਗਸਟਰ ਕੁਨੈਕਸ਼ਨ ਹੈ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਲੰਡਾ ਹਰੀਕੇ ਦੇ ਨਾਂ ਤੋਂ ਪਾਈ ਗਈ ਪੋਸਟ ਦੀ ਗੱਲ ਕਰੀਏ ਤਾਂ ਉਸ ਵਿਚ ਲਿਖਿਆ ਹੈ ਕਿ ਅੱਜ ਜੋ ਸ਼ੇਰੋਂ ਸਿੱਧੂ ਫਾਰਮ ਪੈਲੇਸ ਵਿਚ ਸਰਪੰਚ ਦਾ ਕਤਲ ਹੋਇਆ ਹੈ, ਉਹ ਅਸੀਂ ਕੀਤਾ ਹੈ। ਕਿਉਂਕਿ ਇਨ੍ਹਾਂ ਨੇ ਸਾਡੇ ਨਿਕੇ ਭਰਾ ਨੋਨੀ ਦਾ ਨੁਕਸਾਨ ਕੀਤਾ ਸੀ ਜਿਸ ਵਿਚ ਇਹ ਗਵਾਹ ਸੀ ਤੇ ਇਸਦਾ ਬਿਆਨ ਸੀ ਕਿ ਇਸ ਨੇ ਮੁੰਡੇ ਲਾਗੋਂ ਹਥਿਆਰ ਚੁੱਕਿਆ।
ਬਾਕੀ ਜਿਹੜੇ ਇੰਟਰਵਿਊ ਵਿਚ ਕਹਿੰਦੇ ਹਨ ਕਿ ਇਨ੍ਹਾਂ ਦੇ ਹਥਿਆਰ ਨਹੀਂ ਚੱਲਣੇ, ਤੁਹਾਡੀ ਔਕਾਤ ਨਹੀਂ ਸੀ 47, ਇਹ ਸਿਰਫ ਇਕ ਟਰੇਲਰ ਸੀ, ਹੁਣ ਤੁਹਾਡੇ ’ਤੇ ਜੋ ਕੁਝ ਹੁਣ ਅੱਗੇ ਚੱਲਣਾ ਹੈ, ਤੁਹਾਡੀਆਂ ਸੱਤ ਪੀੜੀਆਂ ਨਾਂ ਨਾ ਲੈਣਗੀਆਂ ਹਥਿਆਰ ਦਾ। ਬਾਕੀ ਜਿਹੜੇ ਇਨ੍ਹਾਂ ਦੇ ਨਾਲ ਸ਼ੌਕ ਨੂੰ ਹਥਿਆਰ ਲੈ ਕੇ ਤੁਰੇ ਫਿਰਦੇ ਆ, ਇਹ ਆਪਣੇ ਹਥਿਆਰ ਕਾਕ ਕਰ ਕੇ ਰੱਖਿਓ। ਪਹਿਲ ਅਸੀਂ ਕੀਤੀ ਨਹੀਂ, ਦੂਹਲ ਅਸੀਂ ਦੁੱਗਣੀ ਕਰਕੇ ਮੋੜਾਂਗੇ। ਬਾਕੀ ਜਿਹੜੀ ਪੁਲਿਸ ਨਾਜਾਇਜ਼ ਇਨਕਾਉਂਟਰ ਕਰ ਰਹੀ ਹੈ, ਜਾਂ ਤਾਂ ਨਾਜਾਇਜ਼ ਇਨਕਾਉਂਟਰ ਬੰਦ ਕਰੋ ਨਹੀਂ ਤੇ ਫਿਰ ਸਾਰੇ ਭਰਾਵਾਂ ਦਾ ਬਦਲਾ ਇੱਕੋ ਦਿਨ ਹੀ ਲਿਆ ਜਾਵੇਗਾ।
ਤਰਨਤਾਰਨ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਉਕਤ ਪੋਸਟ ਸਬੰਧੀ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰਿਵਾਰ ਮੁਤਾਬਕ ਸਰਪੰਚ ਨੂੰ ਕੋਈ ਧਮਕੀ ਨਹੀਂ ਸੀ। ਇਸ ਪੋਸਟ ਦੀ ਕੀ ਸੱਚਾਈ ਹੈ, ਇਹ ਸ਼ੂਟਰਾਂ ਨੂੰ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਕਾਤਲਾਂ ਨੂੰ ਫੜਨ ਲਈ ਯਤਨ ਕਰ ਰਹੀ ਹੈ ਅਤੇ ਇਸ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ ਤੋਂ ਇਲਾਵਾ ਹੋਰ ਕਈ ਐਂਗਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ। ਏਕੇ 47 ਦੀ ਵਰਤੋਂ ਸਬੰਧੀ ਐੱਸਐੱਸਪੀ ਨੇ ਦੱਸਿਆ ਕਿ ਬੁਲੇਟ ਦੀ ਫੌਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਹਥਿਆਰ ਦੀ ਵਰਤੋਂ ਹੋਈ ਹੈ।
ਤਿੰਨ ਡਾਕਟਰਾਂ ਨੇ ਕੀਤਾ ਪੋਸਟਮਾਰਟਮ
ਸਰਪੰਚ ਹਰਬਰਿੰਦਰ ਸਿੰਘ ਦੀ ਲਾਸ਼ ਦਾ ਵੀਰਵਾਰ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਤਿੰਨ ਡਾਕਟਰਾਂ ਜਿਨ੍ਹਾਂ ’ਚ ਡਾ. ਸ਼ਿਵਮ, ਡਾ. ਹਰਮਨ ਕੌਰ ਅਤੇ ਡਾ. ਰਬਿੰਦਰ ਚੌਧਰੀ ਸ਼ਾਮਲ ਸਨ ਵੱਲੋਂ ਪੋਸਟਮਾਰਟਮ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਇਕ ਗੋਲ਼ੀ ਸਰਪੰਚ ਦੇ ਸਿਰ ਵਿੱਚੋਂ ਆਰ ਪਾਰ ਹੋਈ ਸੀ ਅਤੇ ਇਕ ਗੋਲ਼ੀ ਪੇਟ ਵਿਚ ਲੱਗੀ ਸੀ।