
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਜਗਤਪੁਰ ’ਚ ਨਸ਼ਾ ਵੇਚਣ ਸਬੰਧੀ ਪਿਛਲੇ ਦਿਨੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਝਬਾਲ ਦੀ ਪੁਲਿਸ ਨੇ ਐਤਵਾਰ ਨੂੰ ਪਿੰਡ ਜਗਤਪੁਰ ਨੇੜੇ ਛਾਪੇਮਾਰੀ ਕੀਤੀ। ਇਸ ਦੌਰਾਨ ਪਿੰਡ ਐਮਾ ਕਲਾਂ ਦਾ ਇਕ ਵਿਅਕਤੀ ਪੁਲਿਸ ਪਾਰਟੀ ਉੱਪਰ ਕਥਿਤ ਤੌਰ ’ਤੇ ਗੋਲ਼ੀ ਚਲਾ ਕੇ ਅਤੇ ਮਿਰਚਾਂ ਦੀ ਸਪਰੇਅ ਕਰਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ।

ਤੇਜਿੰਦਰ ਸਿੰਘ ਬੱਬੂ•ਪੰਜਾਬੀ ਜਾਗਰਣ, ਝਬਾਲ : ਪਿੰਡ ਜਗਤਪੁਰ ’ਚ ਨਸ਼ਾ ਵੇਚਣ ਸਬੰਧੀ ਪਿਛਲੇ ਦਿਨੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਝਬਾਲ ਦੀ ਪੁਲਿਸ ਨੇ ਐਤਵਾਰ ਨੂੰ ਪਿੰਡ ਜਗਤਪੁਰ ਨੇੜੇ ਛਾਪੇਮਾਰੀ ਕੀਤੀ। ਇਸ ਦੌਰਾਨ ਪਿੰਡ ਐਮਾ ਕਲਾਂ ਦਾ ਇਕ ਵਿਅਕਤੀ ਪੁਲਿਸ ਪਾਰਟੀ ਉੱਪਰ ਕਥਿਤ ਤੌਰ ’ਤੇ ਗੋਲ਼ੀ ਚਲਾ ਕੇ ਅਤੇ ਮਿਰਚਾਂ ਦੀ ਸਪਰੇਅ ਕਰਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਹਾਲਾਂਕਿ ਪੁਲਿਸ ਦੀ ਜਵਾਬੀ ਗੋਲ਼ੀਬਾਰੀ ਦੌਰਾਨ ਉਸਦੇ ਜ਼ਖ਼ਮੀ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਜੁਗਰਾਜ ਸਿੰਘ ਨੇ ਦੱਸਿਆ ਕਿ ਏਐੱਸਆਈ ਨਿਰਮਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਵੱਲੋਂ ਨਸ਼ਿਆਂ ਖ਼ਿਲਾਫ਼ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਪਿੰਡ ਐਮਾ ਕਲਾਂ ਦਾ ਪਿੰਦੂ ਪੁੱਤਰ ਜੋਗਾ ਸਿੰਘ ਕਥਿਤ ਤੌਰ ’ਤੇ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਉਕਤ ਵਿਅਕਤੀ ਨੂੰ ਕਾਬੂ ਕਰਨ ਲਈ ਜਗਤਪੁਰ ਨੇੜੇ ਪੁੱਜੀ ਤਾਂ ਉਸ ਨੇ ਏਐੱਸਆਈ ਨਿਰਮਲ ਸਿੰਘ ’ਤੇ ਮਿਰਚਾਂ ਦੀ ਸਪਰੇਅ ਕਰ ਦਿੱਤਾ ਅਤੇ ਗੋਲ਼ੀ ਵੀ ਚਲਾਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਗੋਲ਼ੀ ਚਲਾਈ ਗਈ।
ਪੁਲਿਸ ਅਨੁਸਾਰ ਇਸ ਦੌਰਾਨ ਮੁਲਜ਼ਮ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਹੈ, ਪਰ ਉਹ ਆਪਣੇ ਮੋਟਰਸਾਈਕਲ ’ਤੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਐੱਸਐੱਸਪੀ ਸੁਰਿੰਦਰ ਲਾਂਬਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਹਰ ਵਿਅਕਤੀ ਨੂੰ ਨਾਮਜ਼ਦ ਕਰਕੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।