ਤਰਨਤਾਰਨ ਪੁਲਿਸ ਦਾ ਵੱਡਾ ਐਕਸ਼ਨ: ਨਕਲੀ ਸਬ-ਇੰਸਪੈਕਟਰ ਕੀਤਾ ਗ੍ਰਿਫ਼ਤਾਰ, ਇਕਾਂਤ ਥਾਵਾਂ ’ਤੇ ਨਾਕੇ ਲਗਾ ਕੇ ਕਰਦਾ ਸੀ ਠੱਗੀ
ਤਰਨਤਾਰਨ ਪੁਲਿਸ ਨੇ ਕਥਿਤ ਤੌਰ ’ਤੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਬਣਨ ਦੇ ਨਾਲ-ਨਾਲ ਇਕਾਂਤ ਜਗ੍ਹਾ ’ਤੇ ਨਾਕਾ ਲਗਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸ ਕੋਲੋਂ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ।
Publish Date: Sun, 26 Jul 2026 03:43 PM (IST)
Updated Date: Sun, 26 Jul 2026 03:46 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਪੁਲਿਸ ਨੇ ਕਥਿਤ ਤੌਰ ’ਤੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਬਣਨ ਦੇ ਨਾਲ-ਨਾਲ ਇਕਾਂਤ ਜਗ੍ਹਾ ’ਤੇ ਨਾਕਾ ਲਗਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸ ਕੋਲੋਂ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ। ਤਰਨਤਾਰਨ ਦੇ ਮੁਰਾਦਪੁਰ ਇਲਾਕੇ ਦੇ ਉਕਤ ਵਿਅਕਤੀ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਕਰਨਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮੁਰਾਦਪੁਰ ਤਰਨਤਾਰਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਵਰਦੀ ਪਾ ਕੇ ਇਕਾਂਤ ’ਚ ਨਾਕਾ ਲਗਾ ਕੇ ਲੋਕਾਂ ਨੂੰ ਰੋਕਦਾ ਸੀ ਅਤੇ ਫਿਰ ਠੱਗੀ ਦਾ ਸ਼ਿਕਾਰ ਬਣਾ ਲੈਂਦਾ ਸੀ। ਉਹ ਜਾਅਲੀ ਸ਼ਨਾਖਤੀ ਕਾਰਡ ਵੀ ਕੋਲ ਰੱਖਦਾ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰ ਲੈਂਦਾ।
ਉਨ੍ਹਾਂ ਦੱਸਿਆ ਕਿ ਘਰੋਂ ਇਹ ਸਿਵਲ ਕੱਪੜਿਆਂ ’ਚ ਨਿਕਲਣ ਮੌਕੇ ਵਰਦੀ ਲਿਫਾਫੇ ’ਚ ਪਾ ਕੇ ਲਿਜਾਂਦਾ, ਫਿਰ ਇਕਾਂਤ ਜਗ੍ਹਾ ’ਤੇ ਨਾਕਾ ਲਗਾਉਂਦਾ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਅਧਾਰ ’ਤੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਏਐੱਸਆਈ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਦਾ ਗਠਨ ਕੀਤਾ।
ਜਿਨ੍ਹਾਂ ਨੇ ਪੁਰਾਣੀ ਕਚਿਹਰੀ ਕੋਲ ਨਾਕਾ ਲਗਾ ਕੇ ਕਰਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਿਸਦੇ ਕੋਲੋਂ ਮਿਲੇ ਲਿਫਾਫੇ ’ਚੋਂ ਪੰਜਾਬ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।