- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਵਲਟੋਹਾ ਦੇ ਮੁਖੀ ਐੱਸਆਈ ਬਲਜਿੰਦਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਗੁਰਮੀਤ ਸਿੰਘ ਗੀਤੂ ਨੂੰ ਮੁਕੱਦਮੇ ਦੀ ਤਫ਼ਤੀਸ਼ ਵਿਚ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਪਾਸੋਂ ਰੋਬਿਨ ਸਿੰਘ ਰਾਹੀਂ 3 ਲੱਖ ਰੁਪਏ ਰਿਸ਼ਵਤ ਵਜੋਂ ਲਏ।

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਦੋ ਥਾਣਿਆਂ ਵਲਟੋਹਾ ਤੇ ਕੱਚਾ ਪੱਕਾ ਦੇ ਮੁਖੀਆਂ ਅਤੇ ਉਨ੍ਹਾਂ ਦੇ ਦੋ ਵਿਚੋਲਿਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਐੱਨਡੀਪੀਐੱਸ ਐਕਟ ਅਧੀਨ ਦਰਜ ਮੁਕੱਦਮਿਆਂ ਦੇ ਇਕ ਮੁਲਜ਼ਮ ਨੂੰ ਤਫ਼ਤੀਸ਼ ਦੌਰਾਨ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਪਾਸੋਂ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਜਦੋਂਕਿ ਥਾਣਾ ਕੱਚਾ ਪੱਕਾ ਦੇ ਮੁਖੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।ਹਾਲਾਂਕਿ ਬਾਕੀ ਤਿੰਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਸਰਗਰਮ ਹੋ ਗਈ ਹੈ।
ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਉਰਫ਼ ਗੀਤੂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਦੋ ਮੁਕੱਦਮੇ ਦਰਜ ਹਨ। ਇਨ੍ਹਾਂ ਵਿਚ ਮੁਕੱਦਮਾ ਨੰਬਰ 117, ਇਕ ਸਤੰਬਰ 2026 ਥਾਣਾ ਵਲਟੋਹਾ ਨਾਲ ਸਬੰਧਤ ਹੈ, ਜਿਸ ਵਿਚ 14 ਕਿਲੋ 110 ਗ੍ਰਾਮ ਅਫ਼ੀਮ ਬਰਾਮਦ ਹੋਈ ਸੀ। ਇਸੇ ਤਰ੍ਹਾਂ ਮੁਕੱਦਮਾ ਨੰਬਰ 76, ਦੋ ਸਤੰਬਰ 2026 ਥਾਣਾ ਕੱਚਾਪੱਕਾ ਵਿਖੇ ਦਰਜ ਹੋਇਆ, ਜਿਸ ਵਿਚ 2 ਕਿਲੋ ਅਫ਼ੀਮ ਬਰਾਮਦ ਹੋਈ ਸੀ।
ਥਾਣਾ ਵਲਟੋਹਾ ਦੇ ਮੁਖੀ ਐੱਸਆਈ ਬਲਜਿੰਦਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਗੁਰਮੀਤ ਸਿੰਘ ਗੀਤੂ ਨੂੰ ਮੁਕੱਦਮੇ ਦੀ ਤਫ਼ਤੀਸ਼ ਵਿਚ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਪਾਸੋਂ ਰੋਬਿਨ ਸਿੰਘ ਰਾਹੀਂ 3 ਲੱਖ ਰੁਪਏ ਰਿਸ਼ਵਤ ਵਜੋਂ ਲਏ। ਇਸੇ ਤਰ੍ਹਾਂ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਸਬ ਇੰਸਪੈਕਟਰਕ ਕਿਰਪਾਲ ਸਿੰਘ ’ਤੇ ਪੂਰਨ ਸਿੰਘ ਰਾਹੀਂ ਉਕਤ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਪਾਸੋਂ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹਨ।
ਦੋਸ਼ ਹੈ ਕਿ ਰੋਬਿਨ ਸਿੰਘ ਅਤੇ ਪੂਰਨ ਸਿੰਘ ਨੇ ਇਸ ਕਥਿਤ ਲੈਣ-ਦੇਣ ਵਿਚ ਵਿਚੋਲਿਆਂ ਦੀ ਭੂਮਿਕਾ ਨਿਭਾਈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਮੁਖੀ ਐੱਸਆਈ ਬਲਜਿੰਦਰ ਸਿੰਘ, ਥਾਣਾ ਕੱਚਾ ਪੱਕਾ ਦੇ ਮੁਖੀ ਐੱਸਆਈ ਕਿਰਪਾਲ ਸਿੰਘ ਤੋਂ ਇਲਾਵਾ ਰੋੋਬਿਨ ਸਿੰਘ ਵਾਸੀ ਮਾੜੀ ਮੇਘਾ ਤੇ ਪੂਰਨ ਸਿੰਘ ਵਾਸੀ ਦਾਓਕੇ ਨੂੰ ਕੇਸ ਵਿਚ ਨਾਮਜ਼ਦ ਕਰਕੇ ਐੱਸਆਈ ਕਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਬਾਕੀ ਤਿੰਨ ਮੁਲਜ਼ਮ ਐੱਸਆਈ ਬਲਜਿੰਦਰ ਸਿੰਘ, ਰੋਬਿਨ ਸਿੰਘ ਅਤੇ ਪੂਰਨ ਸਿੰਘ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਡੀਐੱਸਪੀ ਸਬ ਡਵੀਜ਼ਨ ਭਿੱਖੀਵਿੰਡ ਅਤੁਲ ਸੋਨੀ ਵੱਲੋਂ ਕੀਤੀ ਜਾ ਰਹੀ ਹੈ।