- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂ ਪਿੰਡ ਫ਼ਤਿਹਪੁਰ ਵਿਖੇ ਦਾਦੀ ਨਾਲ ਝਗੜ ਰਹੇ ਪੁੱਤ ਨੂੰ ਪਿਤਾ ਨੇ ਰੋਕਣਾ ਚਾਹਿਆ ਤਾਂ ਉਸਨੇ ਕਥਿਤ ਤੌਰ ’ਤੇ ਆਪਣੇ ਪਿਤਾ ਦੀਆਂ ਦੋਵਾਂ ਲੱਤਾਂ ਵਿਚ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਪਿਸਤੌਲ ਸਮੇਤ ਫਰਾਰ ਹੋ ਗਿਆ।

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਵਲਟੋਹਾ : ਨਵਾਂ ਪਿੰਡ ਫ਼ਤਿਹਪੁਰ ਵਿਖੇ ਦਾਦੀ ਨਾਲ ਝਗੜ ਰਹੇ ਪੁੱਤ ਨੂੰ ਪਿਤਾ ਨੇ ਰੋਕਣਾ ਚਾਹਿਆ ਤਾਂ ਉਸਨੇ ਕਥਿਤ ਤੌਰ ’ਤੇ ਆਪਣੇ ਪਿਤਾ ਦੀਆਂ ਦੋਵਾਂ ਲੱਤਾਂ ਵਿਚ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਪਿਸਤੌਲ ਸਮੇਤ ਫਰਾਰ ਹੋ ਗਿਆ। ਜ਼ਖ਼ਮੀ ਨੂੰ ਖਾਲੜਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਖੇਤਰ ਨਾਲ ਸਬੰਧਤ ਥਾਣਾ ਵਲਟੋਹਾ ਦੀ ਪੁਲਿਸ ਨੇ ਗੋਲ਼ੀਆਂ ਮਾਰਨ ਵਾਲੇ ਨੌਜਵਾਨ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਲਕੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਨਵਾਂ ਪਿੰਡ ਫਤਿਹਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਵੱਡਾ ਭਰਾ ਦਲਜੀਤ ਸਿੰਘ ਲੰਘੀ ਸ਼ਾਮ ਦਾਦੀ ਜਸਵਿੰਦਰ ਕੌਰ ਨਾਲ ਘਰੇਲੂ ਝਗੜੇ ਦੇ ਚੱਲਦਿਆਂ ਕੁੱਟਮਾਰ ਕਰ ਰਿਹਾ ਸੀ। ਉਸਦੇ ਪਿਤਾ ਸਰਵਨ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦਲਜੀਤ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਪਿਤਾ ਦੀਆਂ ਦੋਵਾਂ ਲੱਤਾਂ ’ਤੇ ਗੋਲ਼ੀਆਂ ਮਾਰ ਦਿੱਤੀਆਂ।
ਜਿਨ੍ਹਾਂ ਵਿੱਚੋਂ ਇਕ ਗੋਲ਼ੀ ਲੱਤ ਨਾਲ ਖਹਿ ਕੇ ਲੰਘ ਗਈ ਅਤੇ ਦੂਜੀ ਲੱਤ ਦੇ ਆਰ ਪਾਰ ਹੋ ਗਈ। ਉਨ੍ਹਾਂ ਨੇ ਰੌਲ਼ਾ ਪਾਇਆ ਤਾਂ ਦਲਜੀਤ ਸਿੰਘ ਧਮਕੀਆਂ ਦਿੰਦਾ ਹੋਇਆ ਪਿਸਤੌਲ ਸਣੇ ਘਰੋਂ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਰਿਆਮ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂਕਿ ਮੌਕੇ ਤੋਂ 32 ਬੋਰ ਦੇ ਖੋਲ੍ਹ ਬਰਾਮਦ ਹੋਏ ਹਨ।