- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੰਜਵੜ ਵਿਚ ਐਤਵਾਰ ਰਾਤ ਅੰਮ੍ਰਿਤਪਾਲ ਨਾਂ ਦੇ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿਚ ਉਸ ਦਾ ਪਿਤਾ ਕਸ਼ਮੀਰ ਸਿੰਘ ਵੀ ਜ਼ਖ਼ਮੀ ਹੋ ਗਿਆ।

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਪਿੰਡ ਪੰਜਵੜ ਵਿਚ ਐਤਵਾਰ ਰਾਤ ਅੰਮ੍ਰਿਤਪਾਲ ਨਾਂ ਦੇ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿਚ ਉਸ ਦਾ ਪਿਤਾ ਕਸ਼ਮੀਰ ਸਿੰਘ ਵੀ ਜ਼ਖ਼ਮੀ ਹੋ ਗਿਆ। ਦੋਸ਼ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜ਼ਿੱਦ ਕਰ ਕੇ ਆਪਣੇ ਮਾਮੇ ਦੀ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ ਜਿਸ ਕਾਰਨ ਲੜਕੀ ਦੇ ਪਰਿਵਾਰ ਵਾਲੇ ਨਾਰਾਜ਼ ਹੋ ਗਏ ਸਨ। ਪੁਲਿਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਜਸਪਤ ਖਾਂ (ਤੇਜਾ ਸਿੰਘ ਵਾਲਾ) ਦੇ ਵਾਸੀ ਦਿਲਬਾਗ ਸਿੰਘ ਦੀ ਨਾਬਾਲਗ ਧੀ ਨੂੰ ਸਾਲ 2022 ਵਿਚ ਉਸ ਦੀ ਭੂਆ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਭਜਾ ਕੇ ਲੈ ਗਿਆ ਸੀ। ਉਸ ਸਮੇਂ ਲੜਕੀ ਨਾਬਾਲਗ ਹੋਣ ਕਾਰਨ ਉਸ ਨੂੰ ਬਰਾਮਦ ਕਰ ਕੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ।
ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਮਮੇਰੀ ਭੈਣ ਸੁਮਨਪ੍ਰੀਤ ਕੌਰ ਵਿਚਕਾਰ ਪ੍ਰੇਮ ਪ੍ਰਸੰਗ ਸੀ ਪਰ ਨਾਬਾਲਗ ਹੋਣ ਕਾਰਨ ਦੋਵੇਂ ਪਰਿਵਾਰ ਇਸ ਰਿਸ਼ਤੇ ਲਈ ਤਿਆਰ ਨਹੀਂ ਸਨ। ਬਾਅਦ ਵਿਚ ਅੰਮ੍ਰਿਤਪਾਲ ਦੇ ਪਿਤਾ ਕਸ਼ਮੀਰ ਸਿੰਘ ਰਿਸ਼ਤੇ ਲਈ ਰਾਜ਼ੀ ਹੋ ਗਏ ਪਰ ਲੜਕੀ ਦੇ ਪਿਤਾ ਦਿਲਬਾਗ ਸਿੰਘ ਨੇ ਇਹ ਕਹਿੰਦੇ ਹੋਏ ਰਿਸ਼ਤਾ ਠੁਕਰਾਇਆ ਕਿ ਮਮੇਰੀ ਭੈਣ ਨਾਲ ਵਿਆਹ ਕਰਨ ’ਤੇ ਸਮਾਜ ਵਿਚ ਉਨ੍ਹਾਂ ਦਾ ਨੱਕ ਕੱਟ ਜਾਵੇਗਾ। 15 ਸਤੰਬਰ ਨੂੰ ਲੜਕੀ ਬਾਲਗ ਹੋਈ ਅਤੇ ਅੰਮ੍ਰਿਤਪਾਲ ਨੇ 17 ਸਤੰਬਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਉਸ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਅੰਮ੍ਰਿਤਪਾਲ ਪਤਨੀ ਨਾਲ ਘਰ ਵਾਪਸ ਆਇਆ ਤਾਂ ਉਸ ਦੇ ਪਿਤਾ ਕਸ਼ਮੀਰ ਸਿੰਘ ਨੇ ਕੁਝ ਦਿਨ ਰਿਸ਼ਤੇਦਾਰਾਂ ਕੋਲ ਰਹਿਣ ਦੀ ਸਲਾਹ ਦਿੱਤੀ ਤਾਂ ਜੋ ਲੜਕੀ ਦੇ ਪਰਿਵਾਰ ਦਾ ਗੁੱਸਾ ਸ਼ਾਂਤ ਹੋ ਸਕੇ।
ਐਤਵਾਰ ਰਾਤ ਦਿਲਬਾਗ ਸਿੰਘ ਆਪਣੇ ਰਿਸ਼ਤੇਦਾਰ ਕੁਲਵੰਤ ਸਿੰਘ, ਉਸ ਦੇ ਭਰਾ ਬਾਉ ਸਿੰਘ, ਮੁਕੱਦਰ ਸਿੰਘ ਕਾਕਾ ਅਤੇ ਉਸ ਦੇ ਪੁੱਤਰ ਮੋਹਿਤ ਕੁਮਾਰ ਨਾਲ ਅੰਮ੍ਰਿਤਪਾਲ ਦੇ ਘਰ ਪਹੁੰਚੇ। ਉੱਥੇ ਦੋਹਾਂ ਪੱਖਾਂ ਵਿਚ ਤਕਰਾਰ ਹੋ ਗਈ ਤੇ ਇਸ ਦੌਰਾਨ ਅੰਮ੍ਰਿਤਪਾਲ ਨੂੰ ਗੋਲ਼ੀ ਮਾਰ ਦਿੱਤੀ ਗਈ। ਉਸ ਨੂੰ ਬਚਾਉਣ ਲਈ ਅੱਗੇ ਆਏ ਉਸ ਦੇ ਪਿਤਾ ਕਸ਼ਮੀਰ ਸਿੰਘ ਨੂੰ ਵੀ ਗੋਲ਼ੀ ਮਾਰ ਦਿੱਤੀ ਗਈ।
ਦੋਹਾਂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਸੋਮਵਾਰ ਸਵੇਰੇ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ। ਹਮਲੇ ਦੌਰਾਨ ਕੁਲਵੰਤ ਸਿੰਘ ਦੇ ਵੀ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਝਬਾਲ ਵਿਚ ਕੁਲਵੰਤ ਸਿੰਘ, ਉਸ ਦੇ ਭਰਾ ਬਾਉ ਸਿੰਘ, ਦਿਲਬਾਗ ਸਿੰਘ, ਮੁਕੱਦਰ ਸਿੰਘ ਕਾਕਾ ਅਤੇ ਉਸ ਦੇ ਪੁੱਤਰ ਮੋਹਿਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।