- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਪਿੰਡ ਨਦੌਹਰ ’ਚ ਇਕ ਘਰ ਉੱਪਰ ਕਥਿਤ ਤੌਰ ’ਤੇ ਹਮਲਾ ਕਰਕੇ ਸਾਮਾਨ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਕੁਝ ਸਾਮਾਨ ਚੋਰੀ ਵੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਮੁੰਡੇ ਵਲੋਂ ਲੜਕੀ ਨੂੰ ਭਜਾ ਕੇ ਲੈ ਜਾਣ ਦੀ ਰੰਜਿਸ਼ ਤਹਿਤ ਇਹ ਹਮਲਾ ਕੀਤਾ ਗਿਆ।

ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ, ਹਰੀਕੇ ਪੱਤਣ : ਸਥਾਨਕ ਪਿੰਡ ਨਦੌਹਰ ’ਚ ਇਕ ਘਰ ਉੱਪਰ ਕਥਿਤ ਤੌਰ ’ਤੇ ਹਮਲਾ ਕਰਕੇ ਸਾਮਾਨ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਕੁਝ ਸਾਮਾਨ ਚੋਰੀ ਵੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਮੁੰਡੇ ਵਲੋਂ ਲੜਕੀ ਨੂੰ ਭਜਾ ਕੇ ਲੈ ਜਾਣ ਦੀ ਰੰਜਿਸ਼ ਤਹਿਤ ਇਹ ਹਮਲਾ ਕੀਤਾ ਗਿਆ। ਇਲਾਕੇ ਨਾਲ ਸਬੰਧਿਤ ਥਾਣਾ ਹਰੀਕੇ ਦੀ ਪੁਲਿਸ ਨੇ ਤਿੰਨ ਜਣਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੋਨਿਕਾ ਪਤਨੀ ਰਾਜਨ ਵਾਸੀ ਨਦੌਹਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਭਰਾ ਕੋਲ ਪਿੰਡ ਨਦੌਹਰ ਰਹਿ ਰਹੀ ਹੈ। 20 ਸਤੰਬਰ ਨੂੰ ਉਸਦਾ ਭਰਾ ਪਿੰਡ ਦੀ ਲੜਕੀ ਨੂੰ ਭਜਾ ਕੇ ਲੈ ਗਿਆ। ਜਿਸਦੀ ਰੰਜਿਸ਼ ਤਹਿਤ ਲੜਕੀ ਦੇ ਪਰਿਵਾਰ ਨੇ ਰਾਤ ਕਰੀਬ 10 ਵਜੇ ਉਨ੍ਹਾਂ ਦੇ ਘਰ ’ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਉਕਤ ਲੋਕਾਂ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ। ਜਿਸ ਕਾਰਨ ਉਸਦੇ ਘਰ ’ਚ ਲੱਗਾ ਏਸੀ, ਬੈੱਡ, ਵਾਸ਼ਿੰਗ ਮਸ਼ੀਨ, ਫਰਿੱਜ, ਇਨਵਰਟਰ, ਐੱਲਸੀਡੀ ਤੇ ਹੋਰ ਸਾਮਾਨ ਸੜ ਗਿਆ।
ਜਦੋਂਕਿ ਉਨ੍ਹਾਂ ਦੇ ਘਰ ਦਾ ਲੈਂਟਰ ਵੀ ਅੱਗ ਦੇ ਸੇਕ ਨਾਲ ਪਾੜ ਗਿਆ। ਇਨ੍ਹਾਂ ਹੀ ਨਹੀਂ ਹਮਲਾਵਰ ਲੈਪਟਾਪ ਸਮੇਤ ਹੋਰ ਕੀਮਤੀ ਸਾਮਾਨ ਵੀ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਇਸ ਹਮਲੇ ਤੋਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਾਂਚ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਜੋਨਿਕਾ ਦੇ ਬਿਆਨਾਂ ’ਤੇ ਗੁਰਪ੍ਰਤਾਪ ਸਿੰਘ, ਉਸਦੇ ਭਰਾ ਲਾਡੀ ਤੇ ਪਿਤਾ ਪ੍ਰਤਾਪ ਸਿੰਘ ਨੂੰ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।