ਸਟੱਡੀ ਸਰਕਲ ਨੇ ਅਧਿਆਪਕ ਕਾਰਜਸ਼ਾਲਾ ਤੇ ਸਨਮਾਨ ਸਮਾਗਮ ਕਰਵਾਇਆ
ਅਜਿਹੀਆਂ ਕਾਰਜਸ਼ਾਲਾਵਾਂ ਅਧਿਆਪਕਾਂ ਨੂੰ ਨਵੀਂ ਸੋਚ ਅਤੇ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ
Publish Date: Mon, 01 Jun 2026 05:36 PM (IST)
Updated Date: Tue, 02 Jun 2026 04:04 AM (IST)
ਦਲਜਿੰਦਰ ਸਿੰਘ ਰਾਜਪੂਤ•,ਪੰਜਾਬੀ ਜਾਗਰਣ, ਅਲਗੋਂ ਕੋਠੀ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨਰੋਏ ਸਮਾਜ ਦੀ ਸਿਰਜਣਾ ਅਤੇ ਸਿੱਖਿਆ ਦੇ ਖੇਤਰ ਵਿਚ ਉਸਾਰੂ ਯੋਗਦਾਨ ਪਾਉਣ ਦੇ ਮੰਤਵ ਨਾਲ ਅੰਮ੍ਰਿਤਸਰ-ਤਰਨਤਾਰਨ ਜ਼ੋਨ ਦੇ ਖੇਤਰ ਅਮਰਕੋਟ ਅਧੀਨ ਅਧਿਆਪਕ ਕਾਰਜਸ਼ਾਲਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਭੁੱਲਰ ਫਾਰਮ, ਅਲਗੋਂ ਵਿਖੇ ਆਯੋਜਿਤ ਇਸ ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ ਕਰੀਬ 70 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ।
ਖੇਤਰ ਪ੍ਰਧਾਨ ਡਾ. ਦਲਜੀਤ ਸਿੰਘ ਨੇ ਸੰਗਤ ਨੂੰ ‘ਜੀ ਆਇਆਂ’ ਆਖਦਿਆਂ ਸਮਾਗਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਜ਼ੋਨਲ ਸਕੱਤਰ ਡਾ. ਮਲਕੀਅਤ ਸਿੰਘ ਨੇ ਕਾਰਜਸ਼ਾਲਾ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ ਤੇ ਅਧਿਆਪਕਾਂ ਦੀ ਸਮਾਜ ਨਿਰਮਾਣ ਵਿਚ ਭੂਮਿਕਾ ਨੂੰ ਰੇਖਾਂਕ੍ਰਿਤ ਕੀਤਾ। ਕਾਰਜਸ਼ਾਲਾ ਦੇ ਮੁੱਖ ਬੁਲਾਰੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਐਡੀਸ਼ਨਲ ਚੀਫ਼ ਸਕੱਤਰ ਅਕਾਦਮਿਕ ਨਰਿੰਦਰਪਾਲ ਸਿੰਘ ਸਨ।
ਉਨ੍ਹਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਸਮਾਜਿਕ ਅਤੇ ਸਿੱਖਿਅਕ ਸੰਦਰਭਾਂ ਦੇ ਪ੍ਰਸੰਗ ਵਿਚ ਅਧਿਆਪਕ ਦੀ ਅਹਿਮੀਅਤ, ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਦੇ ਭਵਿੱਖ ਦਾ ਨਿਰਮਾਣ ਹੀ ਨਹੀਂ ਕਰਦੇ, ਸਗੋਂ ਸਮਾਜ ਨੂੰ ਸਹੀ ਦਿਸ਼ਾ ਦੇਣ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਹਾਜ਼ਰ ਅਧਿਆਪਕਾਂ ਨੇ ਬਹੁਤ ਧਿਆਨ ਅਤੇ ਇਕਾਗਰਤਾ ਨਾਲ ਸੁਣਿਆ।
ਸਮਾਗਮ ਦੌਰਾਨ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਾਹਿਤ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਟੀਮ ਵੱਲੋਂ ਮੁੱਖ ਬੁਲਾਰੇ ਨਰਿੰਦਰਪਾਲ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਡੀਸ਼ਨਲ ਚੀਫ਼ ਆਰਗੇਨਾਈਜ਼ਰ ਗੁਰਦੇਵ ਸਿੰਘ ਅਮਰਕੋਟ ਨੇ ਸਮਾਗਮ ਵਿਚ ਸ਼ਾਮਿਲ ਹੋਏ ਸਮੂਹ ਅਧਿਆਪਕਾਂ, ਸਕੂਲ ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਅਧਿਆਪਕਾਂ ਨੂੰ ਨਵੀਂ ਸੋਚ ਅਤੇ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ। ਸਮਾਗਮ ਦੀ ਸਫ਼ਲਤਾ ਵਿਚ ਕਸ਼ਮੀਰ ਸਿੰਘ ਅਲਗੋਂ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਦਕਿ ਸੈਮੀਨਾਰ ਹਾਲ ਦੀ ਸੇਵਾ ਗੁਰਜੀਤ ਸਿੰਘ ਭੁੱਲਰ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰਦੇਵ ਸਿੰਘ ਅਮਰਕੋਟ, ਡਾ. ਦਲਜੀਤ ਸਿੰਘ, ਸੁਖਵਿੰਦਰ ਸਿੰਘ ਵਲਟੋਹਾ, ਗੁਰਜੰਟ ਸਿੰਘ ਵਲਟੋਹਾ, ਕਸ਼ਮੀਰ ਸਿੰਘ ਅਲਗੋਂ, ਕਰਨੈਲ ਸਿੰਘ ਕਲਸੀ, ਜਸਵੰਤ ਸਿੰਘ ਦੂਲ, ਗੁਰਜੀਤ ਸਿੰਘ ਭੁੱਲਰ, ਹਰਪਵਿਤ ਸਿੰਘ ਅਮਰਕੋਟ ਅਤੇ ਡਾ. ਮਲਕੀਅਤ ਸਿੰਘ ਸਮੇਤ ਹੋਰ ਪਤਵੰਤੇ ਹਾਜਰ ਸਨ।