
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਭਾਰਤੀ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨ ਕ੍ਰਮਵਾਰ ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ ਪੰਜਾਬ ਤੋਂ ਹਨ। ਪੰਜਾਬ ਦੇ 21 ਖਿਡਾਰੀ ਆਈਪੀਐੱਲ ’ਚ ਖੇਡ ਰਹੇ ਹਨ।’’

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਪਹਿਲੀ ਵਾਰ ਫਰੈਂਚਾਇਜ਼ੀ ਆਧਾਰਤ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਈ ਜਾ ਰਹੀ ਇਸ ਲੀਗ ’ਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ 13 ਸਤੰਬਰ ਤੱਕ ਪੀਸੀਏ ਕ੍ਰਿਕਟ ਸਟੇਡੀਅਮ, ਮੋਹਾਲੀ ’ਚ ਖੇਡਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ’ਚ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹਨ। ਇਸੇ ਕਾਰਨ ਸੂਬਾ ਸਰਕਾਰ ਖੇਡਾਂ ’ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ ਅਤੇ ਨੌਜਵਾਨਾਂ ਨੂੰ ਆਪਣੀ ਊਰਜਾ ਸਕਾਰਾਤਮਕ ਦਿਸ਼ਾ ’ਚ ਲਾਉਣ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ। ਸੂਬੇ ’ਚ ਬਿਹਤਰ ਖੇਡ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੀਗ ਪੰਜਾਬ ਦੇ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਨੂੰ ਵੱਡੇ ਮੰਚ ’ਤੇ ਮੁਕਾਬਲਾ ਕਰਨ ਅਤੇ ਸਥਾਪਤ ਖਿਡਾਰੀਆਂ ਨਾਲ ਖੇਡਣ ਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਦੇਵੇਗੀ। ਉਨ੍ਹਾਂ ਕਿਹਾ, ‘‘ਸ਼ੇਰ-ਏ-ਪੰਜਾਬ ਟੀ-20 ਲੀਗ ਪੰਜਾਬ ’ਚ ਕ੍ਰਿਕਟ ਨੂੰ ਹੁਲਾਰਾ ਦੇਣ ਅਤੇ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਨੂੰ ਖੇਡ ’ਚ ਅੱਗੇ ਵਧਣ ਦੇ ਵੱਧ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਹੈ।’’
ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਭਾਰਤੀ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨ ਕ੍ਰਮਵਾਰ ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ ਪੰਜਾਬ ਤੋਂ ਹਨ। ਪੰਜਾਬ ਦੇ 21 ਖਿਡਾਰੀ ਆਈਪੀਐੱਲ ’ਚ ਖੇਡ ਰਹੇ ਹਨ।’’ ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤੀ ਪੁਰਸ਼ ਕ੍ਰਿਕਟ ਟੀਮ ’ਚ ਪੰਜਾਬ ਦੇ ਚਾਰ ਖਿਡਾਰੀ ਹਨ ਜਿਨ੍ਹਾਂ ਦੇ ਨਾਂ ਹਨ ਕਪਤਾਨ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ। ਇਹ ਲੀਗ ਕ੍ਰਿਕਟਰਾਂ ਦੀ ਅਗਲੀ ਪੀੜ੍ਹੀ ਲਈ ਇਕ ਸਮਰਪਿਤ ਮੰਚ ਤਿਆਰ ਕਰ ਕੇ ਇਸ ਮਾਣਮੱਤੀ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਖੇਡ ਸਰਗਰਮੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸੂਬੇ ਭਰ ’ਚ 3,100 ਸਟੇਡੀਅਮ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਰੱਖਿਆ ਗਿਆ ਹੈ ਜੋ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਅਤੇ ਮੌਕੇ ਮੁਹੱਈਆ ਕਰਵਾਉਣ ’ਚ ਮਦਦ ਕਰ ਰਿਹਾ ਹੈ।
ਸਾਰੀਆਂ ਟੀਮਾਂ ਦੀ ਕਮਾਨ ਪੰਜਾਬੀਆਂ ਦੇ ਹੱਥ
ਉਦਘਾਟਨੀ ਸਮਾਰੋਹ ’ਚ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਅੰਮ੍ਰਿਤਸਰ ਸੂਰਮਾ ਅਤੇ ਮੋਹਾਲੀ ਕਿੰਗਜ਼ ਵਿਚਾਲੇ ਖੇਡਿਆ ਗਿਆ। ਇਸ ਲੀਗ ’ਚ ਛੇ ਫਰੈਂਚਾਇਜ਼ੀ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ’ਚੋਂ ਹਰੇਕ ਟੀਮ ਦੀ ਕਮਾਨ ਪੰਜਾਬ ਦੇ ਪ੍ਰਮੁੱਖ ਕ੍ਰਿਕਟਰ ਸੰਭਾਲ ਰਹੇ ਹਨ। ਫਾਜ਼ਿਲਕਾ ਫਾਲਕਨਜ਼ ਦੀ ਕਪਤਾਨੀ ਸ਼ੁਭਮਨ ਗਿੱਲ, ਲੁਧਿਆਣਾ ਲਾਇਨਜ਼ ਦੀ ਅਰਸ਼ਦੀਪ ਸਿੰਘ, ਅੰਮ੍ਰਿਤਸਰ ਸੂਰਮਾ ਦੀ ਅਭਿਸ਼ੇਕ ਸ਼ਰਮਾ, ਜਲੰਧਰ ਵਾਰੀਅਰਜ਼ ਦੀ ਪ੍ਰਭਸਿਮਰਨ ਸਿੰਘ, ਮੋਹਾਲੀ ਕਿੰਗਜ਼ ਦੀ ਰਮਨਦੀਪ ਸਿੰਘ ਅਤੇ ਬਠਿੰਡਾ ਰਾਇਲਜ਼ ਦੀ ਕਪਤਾਨੀ ਗੁਰਨੂਰ ਬਰਾੜ ਕਰ ਰਹੇ ਹਨ।
‘ਖੇਡਾਂ ਵਤਨ ਪੰਜਾਬ ਦੀਆਂ’ ਪੰਜ ਤੋਂ
ਮੁੱਖ ਮੰਤਰੀ ਨੇ ਦੱਸਿਆ ਕਿ ਪੰਜ ਸਤੰਬਰ ਨੂੰ ਬਠਿੰਡਾ ’ਚ ਸਭ ਤੋਂ ਵੱਡੇ ਖੇਡ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਹੋਵੇਗਾ। ਉਨ੍ਹਾਂ ਕਿਹਾ, ‘‘ਖਿਡਾਰੀਆਂ ਦੀਆਂ ਤਿੰਨ ਪੀੜ੍ਹੀਆਂ ਇਸ ਖੇਡ ਸਮਾਗਮ ’ਚ ਹਿੱਸਾ ਲੈਣਗੀਆਂ ਜੋ ਇਸ ਨੂੰ ਪੰਜਾਬ ਦੀ ਖੇਡ ਭਾਵਨਾ ਦਾ ਵਿਲੱਖਣ ਜਸ਼ਨ ਬਣਾਏਗਾ।’’