- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤੀ ਮੌਸਮ ’ਚ ਸੱਪ ਦੇ ਡੰਗ ਤੋਂ ਬਚਾਅ ਹੀ ਸਭ ਤੋਂ ਵੱਡੀ ਸੁਰੱਖਿਆ- ਡਾ. ਚੇਤਨਬੀਰ ਸਿੰਘ

ਗੁਰਬਰਿੰਦਰ ਸਿੰਘ• ਪੰਜਾਬੀ ਜਾਗਰਣ
ਸ੍ਰੀ ਗੋਇੰਦਵਾਲ ਸਾਹਿਬ : ਬਰਸਾਤ ਦੇ ਮੌਸਮ ਦੌਰਾਨ ਖੇਤਾਂ, ਘਾਹ-ਭਰੀਆਂ ਥਾਵਾਂ, ਪਾਣੀ ਵਾਲੇ ਇਲਾਕਿਆਂ ਤੇ ਕਈ ਵਾਰ ਘਰਾਂ ਵਿਚ ਵੀ ਸੱਪਾਂ ਦੀ ਆਵਾਜਾਈ ਵਧ ਜਾਂਦੀ ਹੈ। ਇਸ ਕਾਰਨ ਸੱਪ ਦੇ ਡੰਗ ਮਾਰਨ ਦੀਆਂ ਘਟਨਾਵਾਂ ਵਿਚ ਵੀ ਵਾਧਾ ਦੇਖਣ ਨੂੰ ਮਿਲਦਾ ਹੈ। ਡਾਕਟਰ ਚੇਤਨਬੀਰ ਸਿੰਘ ਨੇ ਕਿਹਾ ਕਿ ਜ਼ਹਿਰੀਲੇ ਸੱਪ ਦੇ ਕੱਟਣ ਨਾਲ ਮਰੀਜ਼ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ, ਪਰ ਸਮੇਂ ਸਿਰ ਸਹੀ ਸਹਾਇਤਾ ਤੇ ਡਾਕਟਰੀ ਇਲਾਜ ਨਾਲ ਜ਼ਿਆਦਾਤਰ ਮਾਮਲਿਆਂ ਵਿਚ ਜਾਨ ਬਚਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ ਹਜ਼ਾਰਾਂ ਲੋਕ ਸੱਪ ਦੇ ਡੰਗ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ। ਇਸ ਲਈ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ। ਸਭ ਤੋਂ ਪਹਿਲਾਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸੱਪ ਦੇ ਡੰਗ ਨੂੰ ਕਦੇ ਵੀ ਹਲਕੇ ਵਿਚ ਨਾ ਲਿਆ ਜਾਵੇ ਤੇ ਟੋਟਕਿਆਂ, ਫੂਕਾਂ-ਫਾਂਡਿਆਂ ਜਾਂ ਝਾੜ-ਫੂਕ ਵਰਗੀਆਂ ਗੱਲਾਂ 'ਤੇ ਵਿਸ਼ਵਾਸ ਕਰਨ ਦੀ ਬਜਾਏ ਤੁਰੰਤ ਮਾਹਿਰ ਡਾਕਟਰ ਜਾਂ ਹਸਪਤਾਲ ਦਾ ਰੁਖ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਸੱਪ ਡੰਗ ਮਾਰ ਦੇਵੇ, ਤਾਂ ਸਭ ਤੋਂ ਪਹਿਲਾਂ ਉਸ ਨੂੰ ਸ਼ਾਂਤ ਰੱਖੋ ਤੇ ਘਬਰਾਉਣ ਨਾ ਦਿਓ। ਡੰਗ ਵਾਲੀ ਥਾਂ ਤੋਂ ਗਹਿਣੇ, ਘੜੀ ਜਾਂ ਤੰਗ ਕੱਪੜੇ ਹਟਾ ਦਿਓ, ਤਾਂ ਜੋ ਸੋਜ ਵਧਣ ਦੀ ਸਥਿਤੀ ਵਿਚ ਕੋਈ ਦਿੱਕਤ ਨਾ ਆਵੇ। ਡੰਗ ਵਾਲੀ ਥਾਂ ਨੂੰ ਸਾਬਣ ਤੇ ਹਲਕੇ ਗੁਣਗੁਣੇ ਪਾਣੀ ਨਾਲ ਸਾਫ਼ ਕਰਕੇ ਸੁੱਕੀ ਪੱਟੀ ਨਾਲ ਢੱਕ ਦਿਓ। ਪ੍ਰਭਾਵਿਤ ਅੰਗ ਨੂੰ ਬਿਲਕੁਲ ਸਥਿਰ ਰੱਖੋ ਤੇ ਦਿਲ ਦੇ ਪੱਧਰ ਤੋਂ ਹੇਠਾਂ ਰੱਖਣ ਦੀ ਕੋਸ਼ਿਸ਼ ਕਰੋ। ਮਰੀਜ਼ ਨੂੰ ਤੁਰਨ-ਫਿਰਨ ਤੋਂ ਬਚਾਓ ਤੇ ਜਿੰਨੀ ਜਲਦੀ ਹੋ ਸਕੇ ਨਜ਼ਦੀਕੀ ਹਸਪਤਾਲ ਜਾਂ ਸਿਹਤ ਕੇਂਦਰ ਪਹੁੰਚਾਉ। ਡਾ. ਚੇਤਨਬੀਰ ਸਿੰਘ ਨੇ ਦੱਸਿਆ ਕਿ ਡਾਕਟਰ ਲੋੜ ਅਨੁਸਾਰ ਐਂਟੀ-ਵੈਨਮ ਇਲਾਜ ਦੇ ਕੇ ਜ਼ਹਿਰ ਦੇ ਪ੍ਰਭਾਵ ਨੂੰ ਘਟਾਉਂਦੇ ਹਨ। ਸੱਪ ਦੇ ਡੰਗ ਦੇ ਲੱਛਣਾਂ ਵਿਚ ਡੰਗ ਵਾਲੀ ਥਾਂ 'ਤੇ ਦਰਦ, ਸੋਜ, ਲਾਲੀ, ਉਲਟੀਆਂ, ਚੱਕਰ ਆਉਣਾ, ਸਾਹ ਲੈਣ ਵਿਚ ਮੁਸ਼ਕਿਲ ਤੇ ਬਲੱਡ ਪ੍ਰੈਸ਼ਰ ਘੱਟ ਹੋਣਾ ਸ਼ਾਮਲ ਹੋ ਸਕਦਾ ਹੈ। ਅਜਿਹੇ ਲੱਛਣ ਨਜ਼ਰ ਆਉਣ 'ਤੇ ਇਲਾਜ ਵਿਚ ਦੇਰੀ ਨਹੀਂ ਕਰਨੀ ਚਾਹੀਦੀ।
ਇਸ ਦੇ ਨਾਲ ਹੀ ਕੁਝ ਗੱਲਾਂ ਤੋਂ ਪ੍ਰਹੇਜ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਡੰਗ ਵਾਲੀ ਥਾਂ ਨੂੰ ਕੱਟਣਾ, ਜ਼ਹਿਰ ਚੂਸਣ ਦੀ ਕੋਸ਼ਿਸ਼ ਕਰਨੀ, ਮਾਲਿਸ਼ ਕਰਨੀ ਜਾਂ ਬਰਫ਼ ਲਗਾਉਣਾ ਨੁਕਸਾਨਦਾਇਕ ਹੋ ਸਕਦਾ ਹੈ। ਇਹ ਤਰੀਕੇ ਵਿਗਿਆਨਕ ਤੌਰ 'ਤੇ ਲਾਭਦਾਇਕ ਸਾਬਿਤ ਨਹੀਂ ਹਨ ਤੇ ਕਈ ਵਾਰ ਹਾਲਤ ਹੋਰ ਵੀ ਗੰਭੀਰ ਕਰ ਸਕਦੇ ਹਨ। ਸੱਪ ਦਾ ਡੰਗ ਇਕ ਗੰਭੀਰ ਐਮਰਜੈਂਸੀ ਹੈ, ਪਰ ਸਹੀ ਜਾਣਕਾਰੀ, ਸਾਵਧਾਨੀ ਤੇ ਤੁਰੰਤ ਡਾਕਟਰੀ ਸਹਾਇਤਾ ਨਾਲ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਹਰ ਵਿਅਕਤੀ ਨੂੰ ਜਾਗਰੂਕ ਰਹਿਣ ਤੇ ਅੰਧਵਿਸ਼ਵਾਸ ਦੀ ਬਜਾਏ ਵਿਗਿਆਨਕ ਇਲਾਜ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਬਾਕਸ- ਸਰਕਾਰੀ ਹਸਪਤਾਲਾਂ ਵਿਚ ਹੁੰਦਾ ਹੈ ਸੱਪ ਦੇ ਡੰਗੇ ਦਾ ਮੁਫਤ ਇਲਾਜ : ਡਾ. ਗਿੱਲ
ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਦੇ ਐੱਸਐੱਮਓ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੱਪ ਦੇ ਡੰਗਣ ਦੀ ਸੂਰਤ ਵਿਚ ਲੋੜੀਂਦਾ ਐਂਟੀ-ਸਨੇਕ ਵੇਨਮ ਏਐੱਸਵੀ ਇੰਜੈਕਸ਼ਨ ਤੇ ਸਮੁੱਚਾ ਇਲਾਜ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰਾਂ ਤੇ ਜ਼ਿਲ੍ਹਾ ਸਿਵਲ ਹਸਪਤਾਲਾਂ ਵਿਚ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਡੱਸਣ ਦੀ ਸਥਿਤੀ ਵਿਚ ਸਮਾਂ ਬਰਬਾਦ ਕਰਨ ਜਾਂ ਝਾੜ-ਫੂਕ ਦੇ ਚੱਕਰ ਵਿਚ ਪੈਣ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਣ ਤੇ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।