- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਦ ਦੌਰਾਨ ਸਭ ਤੋਂ ਵੱਡਾ ਸਹਿਯੋਗ ਦੁਕਾਨਦਾਰਾਂ ਦਾ, ਪਰ ਸਭ ਤੋਂ ਵੱਧ ਮੁਸ਼ਕਿਲਾਂ ਵੀ ਉਹੀ ਝੱਲਦੇ : ਲਾਡੀ

ਪੱਤਰ ਪ੍ਰੇਰਕ •ਪੰਜਾਬੀ ਜਾਗਰਣ
ਤਰਨਤਾਰਨ : ਤਰਨਤਾਰਨ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਨੇ ਕਿਹਾ ਹੈ ਕਿ ਕਿਸੇ ਵੀ ਬੰਦ ਨੂੰ ਸਫਲ ਬਣਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਦੁਕਾਨਦਾਰਾਂ ਦੀ ਹੁੰਦੀ ਹੈ। ਜਦੋਂ ਵੀ ਕਿਸੇ ਜਥੇਬੰਦੀ ਜਾਂ ਸੰਸਥਾ ਵੱਲੋਂ ਪੰਜਾਬ ਬੰਦ ਜਾਂ ਭਾਰਤ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਦੁਕਾਨਦਾਰ ਹਰ ਵਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਪੂਰਾ ਸਹਿਯੋਗ ਦਿੰਦੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਜਦੋਂ ਦੁਕਾਨਦਾਰਾਂ ਦੀਆਂ ਆਪਣੀਆਂ ਸਮੱਸਿਆਵਾਂ ਦੀ ਗੱਲ ਆਉਂਦੀ ਹੈ ਤਾਂ ਨਾ ਸਰਕਾਰਾਂ ਉਨ੍ਹਾਂ ਵੱਲ ਧਿਆਨ ਦਿੰਦੀਆਂ ਹਨ ਅਤੇ ਨਾ ਹੀ ਬਹੁਤੀਆਂ ਜਥੇਬੰਦੀਆਂ ਉਨ੍ਹਾਂ ਦੀ ਆਵਾਜ਼ ਬਣਦੀਆਂ ਹਨ।
ਲਾਡੀ ਨੇ ਕਿਹਾ ਕਿ ਪੰਜਾਬ ਬੰਦ ਹੋਵੇ ਜਾਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਦਿੱਤਾ ਗਿਆ ਬੰਦ, ਉਸ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਆਧਾਰ ਬਾਜ਼ਾਰਾਂ ਦਾ ਬੰਦ ਹੋਣਾ ਹੁੰਦਾ ਹੈ। ਜੇਕਰ ਦੁਕਾਨਦਾਰ ਸਹਿਯੋਗ ਨਾ ਦੇਣ ਤਾਂ ਕਿਸੇ ਵੀ ਬੰਦ ਦਾ ਪ੍ਰਭਾਵ ਨਹੀਂ ਬਣਦਾ। ਇਸ ਦੇ ਬਾਵਜੂਦ ਦੁਕਾਨਦਾਰ ਵਰਗ ਦੀਆਂ ਸਮੱਸਿਆਵਾਂ ਵੱਲ ਕੋਈ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਕਿਹਾ ਕਿ ਅੱਜ ਵਪਾਰੀਆਂ ਨੂੰ ਟੈਕਸ ਵਿਭਾਗ, ਸਿਹਤ ਵਿਭਾਗ ਤੇ ਹੋਰ ਸਰਕਾਰੀ ਵਿਭਾਗਾਂ ਦੇ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਬਿਜਲੀ ਦੇ ਲਗਾਤਾਰ ਵਧ ਰਹੇ ਬਿੱਲਾਂ ਦਾ ਵੀ ਭਾਰੀ ਬੋਝ ਝੱਲਣਾ ਪੈ ਰਿਹਾ ਹੈ। ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਲਈ ਕਾਰੋਬਾਰ ਚਲਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਮਹਿੰਗਾਈ, ਘਟਦੀ ਖਰੀਦ ਸ਼ਕਤੀ ਤੇ ਵਧਦੇ ਖਰਚਿਆਂ ਕਾਰਨ ਵਪਾਰੀਆਂ ਦੀ ਆਰਥਿਕ ਸਥਿਤੀ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਗੁਰਿੰਦਰ ਸਿੰਘ ਲਾਡੀ ਨੇ ਕਿਹਾ ਕਿ ਦੁਕਾਨਦਾਰ ਸਰਕਾਰ ਨੂੰ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਰਾਹੀਂ ਵੱਡਾ ਮਾਲੀਆ ਦਿੰਦੇ ਹਨ, ਜਿਸ ਨਾਲ ਸਰਕਾਰੀ ਖਜ਼ਾਨਾ ਭਰਦਾ ਹੈ ਤੇ ਵਿਕਾਸ ਕਾਰਜਾਂ ਲਈ ਵਿੱਤੀ ਸਰੋਤ ਉਪਲਬਧ ਹੁੰਦੇ ਹਨ।
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਦੁਕਾਨਦਾਰਾਂ ਲਈ ਵੀ ਰਾਹਤ ਭਰੀ ਨੀਤੀਆਂ ਬਣਾਈਆਂ ਜਾਣ, ਟੈਕਸ ਪ੍ਰਣਾਲੀ ਨੂੰ ਸਰਲ ਕੀਤਾ ਜਾਵੇ ਤੇ ਛੋਟੇ ਕਾਰੋਬਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ, ਧਾਰਮਿਕ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਸਮੇਂ-ਸਮੇਂ 'ਤੇ ਦੁਕਾਨਦਾਰਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਪਾਰੀ ਵਰਗ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗਾ ਤਾਂ ਇਸ ਦਾ ਸਿੱਧਾ ਲਾਭ ਸੂਬੇ ਦੀ ਆਰਥਿਕਤਾ ਤੇ ਆਮ ਲੋਕਾਂ ਨੂੰ ਵੀ ਮਿਲੇਗਾ। ਇਸ ਮੌਕੇ ਵਿਕਰਮਜੀਤ ਸਿੰਘ ਸੁਹਾਵਾ, ਵਰਿੰਦਰ ਸਿੰਘ, ਪਲਵਿੰਦਰ ਸਿੰਘ ਵੀ ਮੌਜੂਦ ਸਨ।