ਹਰੇਕ ਰਜਿਸਟ੍ਰੇਸ਼ਨ ’ਤੇ ਸਤਿਕਾਰ ਸਖੀਆਂ ਨੂੰ ਮਿਲਣਗੇ 300 ਰੁਪਏ : ਮੁੱਖ ਮੰਤਰੀ ਹਰੇਕ ਰਜਿਸਟ੍ਰੇਸ਼ਨ ’ਤੇ ਸਤਿਕਾਰ ਸਖੀਆਂ ਨੂੰ ਮਿਲਣਗੇ 300 ਰੁਪਏ- ਮੁੱਖ ਮੰਤਰੀ
Publish Date: Wed, 26 Aug 2026 08:14 PM (IST)
Updated Date: Thu, 27 Aug 2026 04:04 AM (IST)
ਕੈਪਸ਼ਨ- ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਕਾਰ ਸਖੀਆਂ ਦੇ ਸਨਮਾਨ ਲਈ ਰੱਖੇ ਗਏ ਸਮਾਗਮ ਵਿਚ ਹਾਜਰ ਵੱਡੀ ਗਿਣਤੀ ਸਖੀਆਂ। ਕੈਪਸ਼ਨ- ਰਾਸ਼ੀ ਪ੍ਰਾਪਤ ਹੋਣ ਦੇ ਮੈਸੇਜ ਦਿਖਾਉਣ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਸਤਿਕਾਰ ਸਖੀਆਂ। ਕੈਪਸ਼ਨ- ਮੋਬਾਈਲ ’ਤੇ ਮੈਸੇਜ ਦਿਖਾਉਂਦੀ ਹੋਈ ਇਕ ਸਤਿਕਾਰ ਸਖੀ। * ਕਿਹਾ, 100 ਰੁਪਏ ਪ੍ਰਤੀ ਰਜਿਸਟ੍ਰੇਸ਼ਨ ਦੇ ਹਿਸਾਬ ਨਾਲ ਪਹਿਲੀ ਕਿਸ਼ਤ ਜਾਰੀ ਕੀਤੀ * ਰਜਿਸਟਰਡ ਹੋਈਆਂ 76.11 ਲੱਖ ਔਰਤਾਂ ’ਚੋਂ 68.06 ਲੱਖ ਦੇ ਖਾਤਿਆਂ ’ਚ 2381 ਕਰੋੜ ਭੇਜੇ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪਰਿਵਾਰ ਦੀ ਭਲਾਈ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਤੇ ਆਰਥਿਕ ਫੈਸਲੇ ਲੈਣ |ਚ ਔਰਤਾਂ ਦੀ ਭਾਈਵਾਲੀ ਵਧਾਉਣ ਲਈ ਉਨ੍ਹਾਂ ਦੀ ਵਿੱਤੀ ਆਜ਼ਾਦੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਜਿਸ ਤਹਿਤ ਹੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ’ਚ ਪੈਂਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਸਮਾਗਮ ਨੂੰ ਵਰਚੂਅਲ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਔਰਤਾਂ ਦੀ ਭਲਾਈ ਤੇ ਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਰੱਖੜੀ ਤਿਉਹਾਰ ’ਤੇ ਮੁੱਖ ਮੰਤਰੀ ਨੇ ਕਿਹਾ ਕਿ ‘ਮੈਂ 1.37 ਲੱਖ ਸਤਿਕਾਰ ਸਖੀਆਂ ਨੂੰ 52.20 ਕਰੋੜ ਰੁਪਏ ਟਰਾਂਸਫਰ ਕਰ ਕੇ ਭਰਾ ਦਾ ਫਰਜ਼ ਨਿਭਾਇਆ ਹੈ। ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਵੱਡੀ ਸਫਲਤਾ ਦਿਵਾਉਣ ’ਚ ਸਤਿਕਾਰ ਸਖੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਕਿਉਂਕਿ ਉਨ੍ਹਾਂ ਦੇ ਸੁਹਿਰਦ ਯਤਨਾਂ ਕਰ ਕੇ ਹੀ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋਈ ਹੈ। ਉਨ੍ਹਾਂ ਅੱਗੇ ਕਿਹਾ, ਸਤਿਕਾਰ ਸਖੀਆਂ ਨੇ ਇਸ ਯੋਜਨਾ ਨੂੰ ਪੂਰੇ ਪੰਜਾਬ ਦੀਆਂ ਔਰਤਾਂ ਤੱਕ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਮਿਹਨਤ ਸਦਕਾ ਹੀ 75 ਲੱਖ ਤੋਂ ਵੱਧ ਔਰਤਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜ ਸਕੀਆਂ ਹਨ। ਸੀਐੱਮ ਮਾਨ ਨੇ ਦੱਸਿਆ ਕਿ ਸਤਿਕਾਰ ਸਖੀਆਂ ਨੂੰ ਹਰੇਕ ਰਜਿਸਟ੍ਰੇਸ਼ਨ ਲਈ 300 ਰੁਪਏ ਮਿਲਣਗੇ ਤੇ 100 ਰੁਪਏ ਪ੍ਰਤੀ ਰਜਿਸਟ੍ਰੇਸ਼ਨ ਦੇ ਹਿਸਾਬ ਨਾਲ 52.20 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਇਕ ਕਰੋੜ ਔਰਤਾਂ ਨੂੰ ਯੋਜਨਾ ਨਾਲ ਜੋੜਨ ਦਾ ਟੀਚਾ ਰੱਖਿਆ ਹੈ। ਸਤਿਕਾਰ ਸਖੀਆਂ ਇਸ ਪਹਿਲਕਦਮੀ ਰਾਹੀਂ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ ਰਜਿਸਟਰਡ 76.11 ਲੱਖ ਔਰਤਾਂ ’ਚੋਂ 68.06 ਲੱਖ ਔਰਤਾਂ ਦੇ ਖਾਤਿਆਂ ’ਚ 2,381 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਭੇਜੀ ਜਾ ਚੁੱਕੀ ਹੈ। ਇਹ ਦੇਸ਼ ਦੀ ਇੱਕੋ-ਇੱਕ ਅਜਿਹੀ ਯੋਜਨਾ ਹੈ ਜੋ 18 ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਨੂੰ ਬਿਨਾਂ ਕਿਸੇ ਸ਼ਰਤ ਦੇ ਮਾਣ-ਭੱਤਾ ਦਿੰਦੀ ਹੈ। ਇਸ ਦੌਰਾਨ ਆਪ ਪੰਜਾਬ ਦੇ ਮਹਿਲਾ ਵਿੰਗ ਦੀ ਪ੍ਰਧਾਨ ਤੇ ਵਿਧਾਇਕਾ ਡਾ. ਅਮਨਦੀਪ ਕੌਰ ਨੇ ਪੰਜਾਬ ਭਰ ਦੀਆਂ ਔਰਤਾਂ ਤੱਕ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਪਹੁੰਚਾਉਣ ਵਿੱਚ ਸਤਿਕਾਰ ਸਖੀਆਂ ਅਤੇ ਸਮੁੱਚੇ ਮਹਿਲਾ ਵਿੰਗ ਦੇ ਸਮਰਪਿਤ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਭੈਣਾਂ ਸਿਰਫ਼ ਔਰਤਾਂ ਦੇ ਫਾਰਮ ਭਰਵਾਉਣ ਵਿੱਚ ਹੀ ਮਦਦ ਨਹੀਂ ਕਰ ਰਹੀਆਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਿੱਚ ਇੱਕ ਵੱਡੇ ਸਹਾਰੇ ਦਾ ਸਰੋਤ ਬਣ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, ਮਹਿਲਾ ਵਿੰਗ ਆਮ ਆਦਮੀ ਪਾਰਟੀ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੀ ਸਭ ਤੋਂ ਮਜ਼ਬੂਤ ਤਾਕਤ ਵਜੋਂ ਉੱਭਰਿਆ ਹੈ, ਜੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਸੱਤਾ ਵਿੱਚ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਇੱਕ ਹੋਰ ਵੱਡਾ ਉਪਰਾਲਾ ਹੈ ਜਿਸ ਰਾਹੀਂ ਭਗਵੰਤ ਸਿੰਘ ਮਾਨ ਸਰਕਾਰ ਨੇ ਔਰਤਾਂ ਦੇ ਮਾਣ-ਸਨਮਾਨ ਅਤੇ ਸਵੈ-ਮਾਣ ਨੂੰ ਵਧਾਇਆ ਹੈ। ਵਿਧਾਇਕਾ ਡਾ. ਅਮਨਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਪ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਖ਼ਾਸ ਤੌਰ ਤੇ ਅਜਿਹੀ ਸਰਕਾਰ ਹੈ ਜੋ ਔਰਤਾਂ ਦੇ ਯੋਗਦਾਨ ਅਤੇ ਲੋੜਾਂ ਨੂੰ ਪਛਾਣਦੀ ਹੈ। ਵਿਧਾਇਕਾ ਡਾ. ਅਮਨਦੀਪ ਕੌਰ ਨੇ ਕਿਹਾ, “ਪੰਜਾਬ ਵਿੱਚ 11 ਮਹਿਲਾ ਵਿਧਾਇਕ ਹਨ ਅਤੇ ਆਪ ਸਰਕਾਰ ਨੇ ਔਰਤਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਹੈ। ਔਰਤਾਂ ਨੂੰ ਚੇਅਰਪਰਸਨ ਵਜੋਂ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਇੱਥੋਂ ਤੱਕ ਕਿ ਹੁਣ ਔਰਤਾਂ ਡੀਸੀ ਅਤੇ ਐੱਸਐੱਸਪੀ ਵਰਗੇ ਵੱਡੇ ਅਹੁਦਿਆਂ ’ਤੇ ਵੀ ਤਾਇਨਾਤ ਹਨ। ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਨੇ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੇ ਗਏ ਕਈ ਲੋਕ-ਪੱਖੀ ਉਪਰਾਲਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੂਰ ਅੰਦੇਸ਼ੀ ਫ਼ੈਸਲਿਆਂ ਰਾਹੀਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ। ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਅਤੇ ਨਿਡਰ ਲੋਕ ਸੂਬਾ ਸਰਕਾਰ ਦਾ ਡਟ ਕੇ ਸਮਰਥਨ ਕਰ ਰਹੇ ਹਨ, ਜਿਸ ਦੇ ਚਲਦਿਆਂ ਆਪ ਮੁੜ ਭਾਰੀ ਬਹੁਮਤ ਨਾਲ ਸੂਬੇ ਵਿੱਚ ਸਰਕਾਰ ਬਣਾਏਗੀ। ਇਸ ਮੌਕੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਸਨਮਾਨਿਤ ਵੀ ਕੀਤਾ। ਜਦੋਂਕਿ ਸਮਾਗਮ ਵਿਚ ਪਹੁੰਚੀਆਂ ਸਤਿਕਾਰ ਸਖੀਆਂ ਦਾ ਧੰਨਵਾਦ ਕੀਤਾ।