- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਪਰਦਾਇ ਕਾਰ ਸੇਵਾ ਸਰਹਾਲੀ ਕਰੇਗੀ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ - ਬਾਬਾ ਸੁੱਖਾ ਸਿੰਘ

ਟੀਚਾ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਲਗਾਏ ਜਾ ਰਹੇ ਬੂਟੇ
ਸਰਹਾਲੀ-ਚੋਹਲਾ ਸਾਹਿਬ ਸੜਕ ’ਤੇ ਬੂਟੇ ਲਗਾਏ
ਲਵਦੀਪ ਦੇਵਗਨ •ਪੰਜਾਬੀ ਜਾਗਰਣ
ਸਰਹਾਲੀ ਕਲਾਂ : ਵਾਤਾਵਰਨ ਦੀ ਸੰਭਾਲ ਦੇ ਉਦੇਸ਼ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਸ ਸਾਲ ਡੇਢ ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਾਲ ਪੱਧਰ ’ਤੇ ਬੂਟੇ ਲਗਾਉਣ ਦੀ ਸੇਵਾ ਨਿਰੰਤਰ ਜਾਰੀ ਹੈ। ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਹੇਠ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਇਹ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ, ਨੌਜਵਾਨਾਂ ਤੇ ਸੇਵਾਦਾਰਾਂ ਵੱਲੋਂ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾਂਦੀ ਹੈ।
ਸੇਵਾਦਾਰਾਂ ਨੇ ਦੱਸਿਆ ਕਿ ਇਸ ਸਾਲ ਦਾ ਬੂਟੇ ਲਗਾਉਣ ਦਾ ਸੇਵਾ ਕਾਰਜ 1 ਜੁਲਾਈ ਤੋਂ ਆਰੰਭ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਵੱਖ-ਵੱਖ ਸੜਕਾਂ, ਲਿੰਕ ਮਾਰਗਾਂ ਤੇ ਜਨਤਕ ਥਾਵਾਂ ’ਤੇ ਹਜ਼ਾਰਾਂ ਬੂਟੇ ਲਗਾਏ ਜਾ ਚੁੱਕੇ ਹਨ। ਸੰਪਰਦਾਇ ਦਾ ਉਦੇਸ਼ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਹਰ ਵਿਅਕਤੀ ਨੂੰ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਵੀ ਹੈ। ਆਸਟ੍ਰੇਲੀਆ ਦੀ ਗੁਰਮਤਿ ਪ੍ਰਚਾਰ ਫੇਰੀ ਤੋਂ ਵਾਪਸ ਪਰਤਣ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਤੁਰੰਤ ਇਸ ਸੇਵਾ ਕਾਰਜ ਦੀ ਕਮਾਨ ਸੰਭਾਲ ਲਈ ਤੇ ਖੁਦ ਸੰਗਤਾਂ ਦੇ ਨਾਲ ਬੂਟੇ ਲਗਾਉਣ ਦੀ ਸੇਵਾ ਵਿਚ ਸ਼ਾਮਲ ਹੋ ਰਹੇ ਹਨ।
ਵੀਰਵਾਰ ਨੂੰ ਇਸ ਮੁਹਿੰਮ ਤਹਿਤ ਸਰਹਾਲੀ ਤੋਂ ਚੋਹਲਾ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਵੱਡੇ ਪੱਧਰ ’ਤੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਇਸ ਦੇ ਨਾਲ ਹੀ ਪਹਿਲਾਂ ਲਗਾਏ ਜਾ ਚੁੱਕੇ ਬੂਟਿਆਂ ਦੀ ਸਾਂਭ ਸੰਭਾਲ ਦੇ ਯਤਨ ਕੀਤੇ ਗਏ। ਇਸ ਮੌਕੇ ਬਾਬਾ ਜੀ ਪਿੰਡ ਸਭਰਾ ਦੀ ਸੰਗਤ ਤੇ ਰਸਤੇ ਵਿਚ ਜਾ ਰਹੇ ਰਾਹਗੀਰਾਂ ਨੂੰ ਬੂਟੇ ਵੰਡੇ ਤੇ ਆਪਣੇ ਘਰਾਂ ਤੇ ਖੇਤਾਂ ਵਿਚ ਬੂਟੇ ਲਗਾਉਣ ਦੀ ਪ੍ਰੇਰਨਾ ਦਿੱਤੀ। ਅੱਜ ਦੀ ਸੇਵਾ ਵਿਚ ਬਾਬਾ ਮੰਗਤ ਸਿੰਘ ਜੀ ਝਾੜ ਸਾਹਿਬ ਵਾਲੇ, ਕੰਵਲਜੀਤ ਸਿੰਘ ਠੱਠਾ ਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰ ਕੇ ਸੇਵਾ ਵਿਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਜੇਕਰ ਹਰ ਵਿਅਕਤੀ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਰੁੱਖ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਕਰ ਲਵੇ, ਤਾਂ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਨੂੰ ਕਾਫ਼ੀ ਹੱਦ ਤਕ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਸੰਪਰਦਾਇ ਵੱਲੋਂ ਇਸ ਸਾਲ ਨਿਰਧਾਰਤ ਡੇਢ ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਕੇ ਪੰਜਾਬ ਦੀ ਧਰਤੀ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਯਤਨ ਜਾਰੀ ਰੱਖੇ ਜਾਣਗੇ।