ਖ਼ੂਨਦਾਨ ਨੂੰ ਮਿਸ਼ਨ ਦੀ ਅਧਿਆਤਮਿਕ ਸੇਵਾ ਦਾ ਇਕ ਅਨਿੱਖੜਵਾਂ ਅੰਗ ਬਣਾਉਂਦੇ ਹੋਏ ਬਾਬਾ ਹਰਦੇਵ ਸਿੰਘ ਨੇ ਅਮਰ ਸੰਦੇਸ਼ ਦਿੱਤਾ।

-178 ਯੂਨਿਟ ਖੂਨ ਇਕੱਠਾ ਕੀਤਾ, ਖ਼ੂਨਦਾਨੀਆਂ ਦਾ ਕੀਤਾ ਸਨਮਾਨ
ਲਵਦੀਪ ਦੇਵਗਨ,•ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸਮਾਜ ਸੇਵਾ, ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ, ਸੰਤ ਨਿਰੰਕਾਰੀ ਮਿਸ਼ਨ ਨੇ ਸੰਤ ਨਿਰੰਕਾਰੀ ਸਤਿਸੰਗ ਸਰਹਾਲੀ ਕਲਾਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਮਿਸ਼ਨ ਦੇ ਸ਼ਰਧਾਲੂਆਂ, ਗੁਆਂਢੀ ਸ਼ਾਖਾਵਾਂ ਦੇ ਮੈਂਬਰਾਂ ਤੇ ਜਨਤਾ ਨੇ ਖ਼ੂਨਦਾਨ ਕਰ ਕੇ ਯੋਗਦਾਨ ਪਾਇਆ। ਸਾਰਿਆਂ ਨੇ ਉਤਸ਼ਾਹ ਤੇ ਸਮਰਪਣ ਨਾਲ ਸਵੈ-ਇੱਛਾ ਨਾਲ ਮਨੁੱਖਤਾ ਦੀ ਭਲਾਈ ਲਈ ਯੋਗਦਾਨ ਪਾਇਆ।
ਸੰਯੋਜਕ ਭਾਈ ਸ਼ਾਮ ਸਿੰਘ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸੱਚ ਦੇ ਗਿਆਨ ਰਾਹੀਂ ਸਮਾਜ ਨੂੰ ਅੰਧ-ਵਿਸ਼ਵਾਸਾਂ ਤੇ ਬੁਰਾਈਆਂ ਤੋਂ ਮੁਕਤ ਕਰ ਰਹੇ ਹਨ। ਉਹ ਨਸ਼ਾ ਛੁਡਾਊ, ਸਾਦੇ ਵਿਆਹ ਤੇ ਨੌਜਵਾਨਾਂ ਨੂੰ ਸਾਕਾਰਾਤਮਕ ਸੋਚ ਨਾਲ ਜੋੜਨ ਵਰਗੀਆਂ ਲੋਕ ਭਲਾਈ ਮੁਹਿੰਮਾਂ ਰਾਹੀਂ ਮਨੁੱਖਤਾ ਨੂੰ ਪ੍ਰੇਰਿਤ ਕਰ ਰਹੇ ਹਨ।
ਬਾਬਾ ਹਰਦੇਵ ਸਿੰਘ ਨੇ ਮਾਤਾ ਸਵਿੰਦਰ ਜੀ ਨਾਲ ਮਿਲ ਕੇ 1986 ’ਚ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਸੀ। ਅੱਜ ਤਕ, ਨਿਰੰਕਾਰੀ ਮਿਸ਼ਨ ਨੇ ਲਗਭਗ 9 ਹਜ਼ਾਰ ਕੈਂਪ ਲਾਏ ਹਨ ਤੇ ਲਗਭਗ 1 ਲੱਖ 45 ਹਜ਼ਾਰ ਯੂਨਿਟ ਖ਼ੂਨਦਾਨ ਕੀਤਾ ਹੈ। ਖ਼ੂਨਦਾਨ ਨੂੰ ਮਿਸ਼ਨ ਦੀ ਅਧਿਆਤਮਿਕ ਸੇਵਾ ਦਾ ਇਕ ਅਨਿੱਖੜਵਾਂ ਅੰਗ ਬਣਾਉਂਦੇ ਹੋਏ ਬਾਬਾ ਹਰਦੇਵ ਸਿੰਘ ਨੇ ਅਮਰ ਸੰਦੇਸ਼ ਦਿੱਤਾ। ਖੂਨ ਨਾੜੀਆਂ ’ਚ ਵਹਿਣਾ ਚਾਹੀਦਾ ਹੈ, ਨਾਲੀਆਂ ’ਚ ਨਹੀਂ। ਇਹ ਸੰਦੇਸ਼ ਅੱਜ ਵੀ ਹਰ ਨਿਰੰਕਾਰੀ ਸ਼ਰਧਾਲੂ ਦੇ ਦਿਲਾਂ ’ਚ ਸੇਵਾ ਤੇ ਸਮਰਪਣ ਦੀ ਇਕ ਪ੍ਰੇਰਨਾਦਾਇਕ ਲਾਈਨ ਵਜੋਂ ਜ਼ਿੰਦਾ ਹੈ। ਇਸ ਖ਼ੂਨਦਾਨ ਕੈਂਪ ’ਚ ਪੱਟੀ ਸਿਵਲ ਹਸਪਤਾਲ, ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਤੇ ਸਿਵਲ ਹਸਪਤਾਲ ਬਲੱਡ ਬੈਂਕ, ਤਰਨਤਾਰਨ ਦੀ ਮਾਹਿਰ ਟੀਮ ਨੇ 178 ਯੂਨਿਟ ਖ਼ੂਨ ਇਕੱਠਾ ਕੀਤਾ। ਇਹ ਧਿਆਨ ਦੇਣ ਯੋਗ ਹੈ ਕਿ ਮਿਸ਼ਨ ਨੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਤੇ ਦਾਨੀਆਂ ਨੂੰ ਪ੍ਰਦਾਨ ਕੀਤੇ ਗਏ ਸ਼ਾਨਦਾਰ ਰਿਫਰੈਸ਼ਮੈਂਟ ਨੇ ਇਸ ਸੇਵਾ ਨੂੰ ਹੋਰ ਵੀ ਸੰਗਠਿਤ ਤੇ ਮਾਣਮੱਤਾ ਬਣਾਇਆ। ਇਹ ਮੁਹਿੰਮ ਸਿਰਫ਼ ਖ਼ੂਨਦਾਨ ਤੱਕ ਸੀਮਤ ਨਹੀਂ ਹੈ, ਸਗੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਇਆ, ਸੇਵਾ ਤੇ ਏਕਤਾ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਇਕ ਜੀਵੰਤ ਮਾਧਿਅਮ ਹੈ, ਜੋ ਸਾਨੂੰ ਸਿਖਾਉਂਦੇ ਹਨ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ।
ਇਸ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਨੂੰ ਸੇਵਾ ਤੇ ਸਮਰਪਣ ਦੇ ਮਾਰਗ 'ਤੇ ਅੱਗੇ ਵਧਾ ਰਿਹਾ ਹੈ। ਚੰਨ ਸਿੰਘ ਮੁਖੀ ਤੇ ਸੰਚਾਲਕ ਬਲਦੇਵ ਸਿੰਘ ਨੇ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ’ਚ ਪੂਰਾ ਸਹਿਯੋਗ ਦੇਣ ਲਈ ਪੂਰੀ ਸੇਵਾ ਦਲ ਟੀਮ ਤੇ ਨਾਲ ਲੱਗਦੀਆਂ ਸ਼ਾਖਾਵਾਂ ਤੋਂ ਸੰਗਤ ਦੇ ਨਾਲ-ਨਾਲ ਅੰਮ੍ਰਿਤਸਰ ਤੇ ਤਰਨਤਾਰਨ ਪੱਟੀ ਦੀਆਂ ਟੀਮਾਂ ਦਾ ਵੀ ਧੰਨਵਾਦ ਕੀਤਾ।