- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਤਰਨਤਾਰਨ ਵਿਖੇ ਸੈਲੂਨ ਮਾਲਕ ਨੂੰ ਅਣਪਛਾਤਿਆਂ ਨੇ ਰੰਜਿਸ਼ ਦੇ ਚਲਦਿਆਂ ਗੋਲੀ ਮਾਰ ਦਿੱਤੀ।

ਜਾਗਰਣ ਸੰਵਾਦਦਾਤਾ, ਤਰਨਤਾਰਨ : ਪਿੰਡ ਡਾਲੇਕੇ ਦੇ ਬੱਸ ਅੱਡੇ ਨੇੜੇ ਸੈਲੂਨ ਚਲਾਉਣ ਵਾਲੇ ਮਨਜਿੰਦਰ ਸਿੰਘ ਨਾਮਕ ਨੌਜਵਾਨ ਨੂੰ ਰੰਜਿਸ਼ ਦੇ ਚਲਦਿਆਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਥਾਣਾ ਸਦਰ ਦੀ ਪੁਲਿਸ ਨੇ ਇੱਕ ਔਰਤ ਸਮੇਤ 10 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਦੱਸਿਆ ਕਿ ਏਐਸਆਈ ਰਾਜਪਾਲ ਸਿੰਘ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਅਧੀਨ ਆਉਂਦੇ ਪਿੰਡ ਖੈਹਰਾ ਵਾਸੀ ਬਿੱਕਰ ਸਿੰਘ ਦੇ ਪੁੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਡਾਲੇਕੇ ਦੇ ਬੱਸ ਅੱਡੇ ਨੇੜੇ ਸੈਲੂਨ ਚਲਾਉਂਦਾ ਹੈ। ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਭਗਵਾਨ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ, ਸੁਮਨਦੀਪ ਕੌਰ ਵਾਸੀ ਪਿੰਡ ਖੈਹਰਾ ਤੇ ਪੰਜ ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉੱਥੇ ਆਏ।ਸੈਲੂਨ ਦੇ ਬਾਹਰ ਭੀੜ ਦੇਖ ਕੇ ਉਹ ਕੰਮ ਛੱਡ ਕੇ ਬਾਹਰ ਆਇਆ। ਇਸ ਦੌਰਾਨ ਮੁਲਜ਼ਮਾਂ ਨੇ ਤਿੰਨ ਰਾਊਂਡ ਗੋਲੀਆਂ ਚਲਾਈਆਂ। ਇੱਕ ਗੋਲੀ ਉਸ ਦੀ ਲੱਤ ’ਚ ਲੱਗੀ। ਮਨਜਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ’ਚ ਦਾਖਲ ਕਰਵਾਇਆ ਗਿਆ। ਏਐਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਹੀ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਹਮਲੇ ਦੀ ਵਜ੍ਹਾ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਹਸਪਤਾਲ ’ਚ ਇਲਾਜ ਅਧੀਨ ਮਨਜਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।