ਬਰਸਾਤ ਤੇ ਤੇਜ਼ ਹਵਾਵਾਂ ਨੇ ਡੇਗੀ ਪੱਕਣ ਕੰਢੇ ਪੁੱਜੀ ਕਣਕ, ਕਿਸਾਨ ਚਿੰਤਾ ’ਚ
ਬਰਸਾਤ ਤੇ ਤੇਜ਼ ਹਵਾਵਾਂ ਨੇ ਡੇਗੀ ਪੱਕਣ ਕਿਨਾਰੇ ਪੁੱਜੀ ਕਣਕ, ਕਿਸਾਨ ਚਿੰਤਾ ’ਚ
Publish Date: Thu, 02 Apr 2026 04:59 PM (IST)
Updated Date: Fri, 03 Apr 2026 04:08 AM (IST)
ਕੈਪਸ਼ਨ - ਪਿੰਡ ਛੀਨਾ ਬਿਧੀ ਚੰਦ ਦੇ ਕੁਲਜੀਤ ਸਿੰਘ ਛੀਨਾ ਡਿੱਗੀ ਹੋਈ ਕਣਕ ਦੀ ਫ਼ਸਲ ਦਿਖਾਉਂਦੇ ਹੋਏ।
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ
ਖਾਲੜਾ : ਇਕ ਪਾਸੇ ਕਣਕ ਦੀ ਫ਼ਸਲ ਪੱਕ ਚੱਲੀ ਹੈ, ਉਥੇ ਹੀ ਦੋ ਦਿਨਾਂ ਤੋਂ ਪੰਜਾਬ ਵਿਚ ਚੱਲਣ ਵਾਲੀਆਂ ਤੇਜ਼ ਹਵਾਵਾਂ, ਗੜੇਮਾਰੀ ਅਤੇ ਬਰਸਾਤ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸੈਣ ਭਗਤ ਤੋਂ ਪ੍ਰੈੱਸ ਸਕੱਤਰ ਕੁਲਜੀਤ ਸਿੰਘ ਛੀਨਾ ਨੇ ਤੇਜ਼ ਹਵਾਵਾਂ ਤੇ ਬਰਸਾਤ ਕਾਰਨ ਲਗਭਗ ਡਿੱਗ ਚੁੱਕੀ ਕਣਕ ਦੀ ਪੱਕੀ ਫ਼ਸਲ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਬੇਮੌਸਮੀ ਬਰਸਾਤ ਦੇ ਕਾਰਨ ਹਰ ਕਿਸਾਨ ਅਜਿਹੇ ਨੁਕਸਾਨ ਤੋਂ ਪ੍ਰਭਾਵਿਤ ਹੋ ਕੇ ਸਦਮੇਂ ਅੰਦਰ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਆਮ ਕਿਸਾਨ ਵੱਲੋਂ ਆਪਣੀ ਫ਼ਸਲ ਨੂੰ ਬੀਜਣ ਤੋਂ ਪੱਕਣ ਤਕ ਵੱਖ-ਵੱਖ ਪੜਾਵਾਂ ਤਹਿਤ ਬੀਜ, ਬਿਜਾਈ, ਖਾਦ, ਬਿਮਾਰੀਆਂ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਅਤੇ ਹੋਰ ਲੇਬਰ ਮਜ਼ਦੂਰੀ ਆਦਿ ਦੇ ਖਰਚੇ ਕਰਕੇ ਇਸ ਨੂੰ ਮੰਡੀਕਰਨ ਲਈ ਸੁਪਨੇ ਸੰਜੋਏ ਹੁੰਦੇ ਹਨ। ਪਰ ਇਸ ਬੇਮੌਸਮੀ ਤੇਜ਼ ਹਵਾਵਾਂ, ਬਾਰਸ਼, ਗੜੇਮਾਰੀ ਆਦਿ ਨਾਲ ਕਿਸਾਨ ਦਾ ਸਭ ਕੁਝ ਦਾਅ ’ਤੇ ਲੱਗ ਜਾਂਦਾ ਹੈ। ਉਨ੍ਹਾਂ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਤੇ ਸਬੰਧਤ ਵਿਭਾਗ ਨੂੰ ਇਸ ਮੁਸ਼ਕਿਲ ਦੌਰ ਵਿਚ ਸਾਥ ਦੇਣ ਤੇ ਬਣਦਾ ਮੁਆਵਜ਼ਾ ਰਾਸ਼ੀ ਦੇਣ ਦੀ ਅਪੀਲ ਕੀਤੀ।