- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਪਿੰਡਾਂ ’ਚ ਰਹਿੰਦੇ ਲੋਕਾਂ ਦੀ ਨੀਂਦ ਉਡਾਈ

ਘਰਾਂ ’ਚੋਂ ਨਕਦੀ, ਸੋਨਾ ਤੇ ਹੋਰ ਸਾਮਾਨ ਦੀ ਚੋਰੀ, ਮੋਟਰਾਂ ਤੋਂ ਕੇਬਲ ਤਾਰਾਂ ’ਤੇ ਹੱਥ ਸਾਫ਼, ਅੱਧਾ ਦਰਜਨ ਦੇ ਕਰੀਬ ਚੋਰੀਆਂ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਮਦਨ ਲਾਲ, •ਪੰਜਾਬੀ ਜਾਗਰਣ,
ਸ਼ਾਹਬਾਜਪੁਰ : ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਦੋਂਕਿ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਨਜ਼ਰ ਆ ਰਿਹਾ ਹੈ। ਹੁਣ ਲੋਕ ਚੋਰੀ ਦੀ ਵਾਰਦਾਤ ਤੋਂ ਬਾਅਦ ਥਾਣੇ ਦਰਖਾਸਤ ਦੇਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ। ਕਿਉਂਕਿ ਲੋਕਾਂ ਦੇ ਮਨਾਂ ’ਚ ਇਹ ਗੱਲ ਬੈਠ ਚੁੱਕੀ ਹੈ ਕਿ ਪੁਲਿਸ ਚੋਰੀ ਦੀ ਵਾਰਦਾਤ ਵਾਲੀ ਜਗ੍ਹਾ ਸਿਰਫ਼ ਫੇਰੀ ਮਾਰਨ ਤਕ ਹੀ ਸੀਮਤ ਰਹਿ ਗਈ ਹੈ ਤੇ ਚੋਰ ਪੁਲਿਸ ਦੀ ਗ੍ਰਿਫ਼ਤ ’ਚ ਕਦੇ ਨਹੀਂ ਆਉਂਦੇ।
ਲੰਘੀ ਰਾਤ ਵੀ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਤਪਾ ਲਖਣਾ ਤੋਂ ਬਲਵੰਤ ਸਿੰਘ ਪੁੱਤਰ ਗੁਰਾ ਸਿੰਘ ਦੇ ਘਰ ’ਚੋਂ ਨਕਦੀ ਸੋਨਾ ਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਇਸੇ ਤਰ੍ਹਾਂ ਹੀ ਪਿੰਡ ਬਾਠ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਬਾਅਦ ਪਿੰਡ ਬੇਗੇਪੁਰ ’ਚ ਅਨੇਕਾਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਥੋਂ ਕੇਬਲ ਤਾਰਾਂ, ਸਪਰੇਅ ਪੰਪ, ਇਥੋਂ ਤਕ ਕਿ ਬਲਬ ਦੇ ਹੋਲਡਰ ਤਕ ਵੀ ਨਹੀਂ ਛੱਡੇ ਗਏ। ਚੋਰ ਇਨ੍ਹੇਂ ਬੇਖ਼ੌਫ ਹਨ ਕਿ ਤਾਲੇ ਤੋੜ ਕੇ ਬੜੇ ਆਰਾਮ ਨਾਲ ਅਨੇਕਾਂ ਥਾਵਾਂ ਨੂੰ ਇੱਕੋ ਰਾਤ ’ਚ ਹੀ ਨਿਸ਼ਾਨਾ ਬਣਾ ਦਿੰਦੇ।
ਚੋਰੀ ਦੀਆਂ ਵਾਰਦਾਤਾਂ ਸਬੰਧੀ ਥਾਣਾ ਕੱਚਾ ਪੱਕਾ ’ਚ ਵੱਖ-ਵੱਖ ਦਰਖਾਸਤਾਂ ਵੀ ਦਿੱਤੀਆ ਜਾ ਚੁੱਕੀਆਂ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਥਾਣਾ ਕੱਚਾ ਪੱਕਾ ਦੀ ਪੁਲਿਸ ਇਨ੍ਹਾਂ ਚੋਰਾਂ ਤਕ ਪਹੁੰਚ ਕੇ ਲੋਕਾਂ ਨੂੰ ਇਨਸਾਫ ਦਿਵਾ ਪਾਉਂਦੀ ਹੈ, ਜਾਂ ਚੋਰ ਬੇਖੌਫ਼ ਹੋ ਕੇ ਲੁੱਟਾਂ ਖੋਹਾਂ ਦੀਆਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਇਸੇ ਤਰ੍ਹਾਂ ਅੰਜਾਮ ਦਿੰਦੇ ਰਹਿਣਗੇ।
ਇਸ ਸਬੰਧੀ ਜਦੋਂ ਥਾਣਾ ਕੱਚਾ ਪੱਕਾ ਦੇ ਜਾਂਚ ਅਧਿਕਾਰੀ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਬੇਗੇਪੁਰ ’ਚ ਮੋਟਰਾਂ ਉਹ ਚੋਰਾਂ ਵੱਲੋਂ ਕੇਬਲਾਂ ਉਤਾਰੀਆਂ ਗਈਆਂ ਹਨ, ਉਨ੍ਹਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਕਬਾੜ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਚੋਰੀ ਦਾ ਸਮਾਨ ਨਾ ਖਰੀਦਣ। ਜੇਕਰ ਕੋਈ ਅਜਿਹਾ ਸਾਮਾਨ ਖਰੀਦਦਾ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਜਦੋਂ ਵੀ ਕੋਈ ਚੋਰੀ ਦਾ ਸਮਾਨ ਵੇਚਣ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਅਤੇ ਜੋ ਘਰਾਂ ’ਚ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।