ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਸੁਰਸਿੰਘ ਵਾਲਿਆਂ ਦੀ ਯਾਦ 'ਚ ਬੱਚਿਆਂ ਦੇ ਕਰਵਾਏ ਧਾਰਮਿਕ ਮੁਕਾਬਲੇ
ਇਲਾਕੇ ਭਰ ਦੇ ਵੱਖ-ਵੱਖ ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।
Publish Date: Sat, 17 Jan 2026 06:06 PM (IST)
Updated Date: Sun, 18 Jan 2026 04:13 AM (IST)

ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰਸਾਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਗਿਆਰਵੇਂ ਜਾਨਸ਼ੀਨ ਸੱਚਖੰਡਵਾਸੀ ਸੰਤ ਬਾਬਾ ਦਇਆ ਸਿੰਘ ਜੀ ਦੀ 12ਵੀਂ ਬਰਸੀ ਨੂੰ ਸਮਰਪਿਤ ਵੱਖ-ਵੱਖ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਲ ਪੰਥ ਦੇ ਮੌਜੂਦਾ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਕਰਵਾਏ ਗਏ। ਜਿਸ ’ਚ ਇਲਾਕੇ ਭਰ ਦੇ ਵੱਖ-ਵੱਖ ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਚ ਵਿਦਿਆਰਥੀਆਂ ਦੇ ਕਵਿਤਾ, ਦੁਮਾਲੇ, ਕੀਰਤਨ, ਦਸਤਾਰ ਬੰਦੀ, ਭਾਸ਼ਣ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਧਾਰਮਿਕ ਮੁਕਾਬਲਿਆਂ ਚ ਜੇਤੂ ਰਹੇ ਬੱਚਿਆਂ ਨੂੰ ਬਾਬਾ ਬਿਧੀ ਚੰਦ ਸੰਪਰਦਾਇ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਨੇ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਸਿੱਖੀ ਸਰੂਪ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਮਨਜਿੰਦਰ ਸਿੰਘ ਹੀਰਾ, ਰਣਜੀਤ ਸਿੰਘ ਸਤਿਨਾਮ ਟਰੱਸਟ, ਜਥੇਦਾਰ ਅਵਤਾਰ ਸਿੰਘ ਭੈਲ, ਜਥੇਦਾਰ ਗੁਰਜੰਟ ਸਿੰਘ ਬੈਂਕਾਂ, ਜਥੇਦਾਰ ਕੁਲਦੀਪ ਸਿੰਘ ਬੇਗੇਪੁਰ, ਜੁਝਾਰ ਸਿੰਘ, ਜਥੇਦਾਰ ਸਤਨਾਮ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਬੱਚਿਆਂ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।