ਭਾਜਪਾ ਨੇ ਖਡੂਰ ਸਾਹਿਬ ਹਲਕੇ ’ਚ ਲਾਈ ਸ਼੍ਰੋਮਣੀ ਅਕਾਲੀ ਦਲ ਨੂੰ ਸੰਨ੍ਹ
ਭਰੋਵਾਲ ਇਮਾਨਦਾਰ, ਗੁਰਸਿੱਖ ਤੇ ਤਕੜੇ ਬੁਲਾਰੇ ਹੋਣ ਕਾਰਨ ਖਡੂਰ ਸਾਹਿਬ ਦੇ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਮੁੱਖ ਆਗੂਆਂ ’ਚ ਜਾਣੇ ਜਾਂਦੇ ਹਨ
Publish Date: Mon, 30 Mar 2026 07:24 PM (IST)
Updated Date: Tue, 31 Mar 2026 04:10 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਨੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ’ਚ ਵੱਡੀ ਸੰਨ੍ਹ ਲਗਾਉਂਦਿਆਂ ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾ ਨੂੰ ਭਾਜਪਾ ’ਚ ਸ਼ਾਮਲ ਕਰ ਲਿਆ ਹੈ। ਪੰਜਾਬ ਦੇ ਪੰਥਕ ਹਲਕੇ ਵਜੋਂ ਜਾਣੇ ਜਾਂਦੇ ਇਸ ਹਲਕੇ ’ਚੋਂ ਰਮਨਦੀਪ ਸਿੰਘ ਭਰੋਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ’ਚ ਸ਼ਾਮਿਲ ਕਰ ਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਰਮਨਦੀਪ ਸਿੰਘ ਭਰੋਵਾਲ 2011 ਤੋਂ 2014 ਤੱਕ ਪਾਰਟੀ ਦੇ ਜਨਰਲ ਸਕੱਤਰ ਰਹੇ ਤੇ 2014 ਤੋ ਹੁਣ ਤਕ ਲਗਾਤਾਰ ਮੀਤ ਪ੍ਰਧਾਨ ਚੱਲੇ ਆ ਰਹੇ ਹਨ। ਭਰੋਵਾਲ ਇਮਾਨਦਾਰ, ਗੁਰਸਿੱਖ ਤੇ ਤਕੜੇ ਬੁਲਾਰੇ ਹੋਣ ਕਾਰਨ ਖਡੂਰ ਸਾਹਿਬ ਦੇ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਮੁੱਖ ਆਗੂਆਂ ’ਚ ਜਾਣੇ ਜਾਂਦੇ ਹਨ। ਉਨ੍ਹਾਂ ਦੀ ਭਾਜਪਾ ’ਚ ਸ਼ਮੂਲੀਅਤ ਨੇ ਹਲਕੇ ’ਚ ਸਿਆਸੀ ਹਲਚਲ ਛੇੜ ਦਿੱਤੀ ਹੈ। ਭਰੋਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ’ਚ ਸੁਧਾਰਾਂ ਲਈ ਜਾਣੀ ਜਾਂਦੀ ਹੈ ਤੇ ਪੰਜਾਬ ’ਚ ਵੀ ਪਾਰਟੀ ਦਾ ਆਧਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਰੋਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨਾਲ ਤਰਨਤਾਰਨ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਭੁਪਿੰਦਰ ਸਿੰਘ ਟੀਟੂ, ਬੀਸੀ ਵਿੰਗ ਦੇ ਮੀਤ ਪ੍ਰਧਾਨ ਤਰਸੇਮ ਸਿੰਘ ਛਾਪੜੀ ਨੇ ਵੀ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਚਰਨਜੀਤ ਸਿੰਘ ਬਰਾੜ, ਵਨੀਤ ਜੋਸ਼ੀ, ਸ਼ੁਭਾਸ਼ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।