
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਮਨਾਇਆ ਜਾਵੇਗਾ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ

ਤਰਨਤਾਰਨ ਸ਼ਹਿਰ ’ਚ ਥਾਂ-ਥਾਂ ਸਜੀਆਂ ਰੱਖੜੀ ਤੇ ਮਠਿਆਈ ਦੀਆਂ ਦੁਕਾਨਾਂ
10 ਤੋਂ 300 ਰੁਪਏ ਤੱਕ ਦੀਆਂ ਰੱਖੜੀਆਂ ਬਣੀਆਂ ਦੁਕਾਨਾਂ ਦਾ ਸ਼ਿੰਗਾਰ
ਬੱਚਿਆਂ ’ਚ ਕਾਰਟੂਨ, ਲਾਈਟਾਂ ਤੇ ਖਿਡੌਣਿਆਂ ਵਾਲੀਆਂ ਰੱਖੜੀਆਂ ਦੀ ਖਿੱਚ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ
ਤਰਨਤਾਰਨ : ਭੈਣ-ਭਰਾ ਦੇ ਪਵਿੱਤਰ ਪਿਆਰ, ਸਨੇਹ ਅਤੇ ਆਪਸੀ ਸਾਂਝ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ ਦੇਸ਼-ਵਿਦੇਸ਼ ਵਿਚ ਵੱਸਦੇ ਭਾਰਤੀਆਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਤਿਉਹਾਰ ਨੂੰ ਲੈ ਕੇ ਤਰਨਤਾਰਨ ਸ਼ਹਿਰ ਦੇ ਬਾਜ਼ਾਰਾਂ ਵਿਚ ਰੌਣਕ ਵਧ ਗਈ ਹੈ ਅਤੇ ਵੱਖ-ਵੱਖ ਥਾਵਾਂ ’ਤੇ ਰੱਖੜੀਆਂ, ਮਠਿਆਈਆਂ ਅਤੇ ਤੋਹਫਿਆਂ ਦੀਆਂ ਦੁਕਾਨਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਜਿੱਥੋਂ ਲੋਕ ਖੁੱਲ੍ਹੇ ਦਿਲ ਨਾਲ ਖਰੀਦਦਾਰੀ ਕਰ ਰਹੇ ਹਨ। ਹਾਲਾਂਕਿ ਖਰੀਦਦਾਰੀ ’ਤੇ ਮਹਿੰਗਾਈ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ, ਇਸ ਦੇ ਬਾਵਜੂਦ ਲੋਕਾਂ ਵਿਚ ਤਿਉਹਾਰ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ।
ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ, ਜਦੋਂਕਿ ਭਰਾ ਆਪਣੀਆਂ ਭੈਣਾਂ ਨੂੰ ਤੋਹਫੇ ਦੇ ਕੇ ਉਨ੍ਹਾਂ ਦੀ ਰੱਖਿਆ ਅਤੇ ਹਰ ਸਮੇਂ ਸਾਥ ਦੇਣ ਦਾ ਵਾਅਦਾ ਕਰਦੇ ਹਨ। ਇਸੇ ਕਾਰਨ ਇਸ ਤਿਉਹਾਰ ਨੂੰ ਭੈਣ-ਭਰਾ ਦੇ ਪਿਆਰ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਮੰਨਿਆ ਜਾਂਦਾ ਹੈ। ਤਰਨਤਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰੱਖੜੀਆਂ ਦੀਆਂ ਅਨੇਕਾਂ ਕਿਸਮਾਂ ਦੁਕਾਨਾਂ ਦੀ ਰੌਣਕ ਵਧਾ ਰਹੀਆਂ ਹਨ। ਇਸ ਵਾਰ ਬਾਜ਼ਾਰ ਵਿਚ ਸਧਾਰਨ ਰੱਖੜੀਆਂ ਤੋਂ ਲੈ ਕੇ ਡਿਜ਼ਾਈਨਰ ਅਤੇ ਆਕਰਸ਼ਕ ਰੱਖੜੀਆਂ ਉਪਲਬਧ ਹਨ। ਦੁਕਾਨਦਾਰ ਹਰਭਜਨ ਸਿੰਘ, ਵਿਸ਼ਾਲ ਕੁਮਾਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਰੱਖੜੀਆਂ ਦੀ ਕੀਮਤ ਲਗਭਗ 10 ਰੁਪਏ ਤੋਂ ਸ਼ੁਰੂ ਹੋ ਕੇ 300 ਰੁਪਏ ਤੱਕ ਜਾਂ ਚਾਂਦੀ ਦੀ ਰੱਖੜੀ ਇਸ ਤੋਂ ਵੀ ਵੱਧ ਕੀਮਤ ਵਿਚ ਉਪਲੱਬਧ ਹੈ। ਵੱਖ-ਵੱਖ ਕੀਮਤਾਂ ਅਤੇ ਡਿਜ਼ਾਈਨਾਂ ਕਾਰਨ ਹਰ ਵਰਗ ਦੇ ਗਾਹਕ ਆਪਣੀ ਪਸੰਦ ਅਤੇ ਬਜਟ ਅਨੁਸਾਰ ਰੱਖੜੀ ਦੀ ਖਰੀਦਦਾਰੀ ਕਰ ਰਹੇ ਹਨ।
ਬੱਚਿਆਂ ਵਿੱਚ ਕਾਰਟੂਨ ਕਿਰਦਾਰਾਂ, ਰੰਗ-ਬਿਰੰਗੀਆਂ ਲਾਈਟਾਂ ਅਤੇ ਛੋਟੇ ਖਿਡੌਣਿਆਂ ਵਾਲੀਆਂ ਰੱਖੜੀਆਂ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਫੈਂਸੀ ਡਿਜ਼ਾਈਨਾਂ ਅਤੇ ਮੋਤੀਆਂ, ਸਟੋਨ ਤੇ ਰੰਗੀਨ ਧਾਗਿਆਂ ਨਾਲ ਤਿਆਰ ਕੀਤੀਆਂ ਰੱਖੜੀਆਂ ਵੀ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਭੈਣਾਂ ਆਪਣੇ ਭਰਾਵਾਂ ਲਈ ਤਾਂ ਰੱਖੜੀ ਦੀ ਖਰੀਦ ਕਰ ਹੀ ਰਹੀਆਂ ਹਨ, ਨਾਲ ਹੀ ਭਰਜਾਈਆਂ ਵਾਸਤੇ ਵੀ ਵਿਸ਼ੇਸ਼ ਤਰ੍ਹਾਂ ਦੀ ਰੱਖੜੀ ਦੀ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮਠਿਆਈਆਂ ਅਤੇ ਬੇਕਰੀ ਨਾਲ ਸਬੰਧਤ ਦੁਕਾਨਾਂ ’ਤੇ ਵੀ ਖਰੀਦਦਾਰੀ ਲਈ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਗਾਹਕ ਭਰਾਵਾਂ ਅਤੇ ਭੈਣਾਂ ਲਈ ਮਠਿਆਈਆਂ ਦੇ ਡੱਬਿਆਂ ਤੋਂ ਇਲਾਵਾ ਬਿਸਕੁਟ, ਕੇਕ, ਜੂਸ ਅਤੇ ਹੋਰ ਪਦਾਰਥਾਂ ਨਾਲ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਤੋਹਫੇ ਵੀ ਖਰੀਦ ਰਹੇ ਹਨ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਬਣੀ ਰੌਣਕ ਕਾਰਨ ਦੁਕਾਨਦਾਰਾਂ ’ਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤਿਉਹਾਰ ਨੂੰ ਲੈ ਕੇ ਭੈਣਾਂ ਵਿਚ ਖਾਸ ਉਤਸ਼ਾਹ ਹੈ ਅਤੇ ਕਈ ਪਰਿਵਾਰਾਂ ਵੱਲੋਂ ਰੱਖੜੀ ਬੰਨ੍ਹਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਔਰਤਾਂ ਗੁਰਪ੍ਰੀਤ ਕੌਰ, ਸਰਬਜੀਤ ਕੌਰ ਤੇ ਬਲਜੀਤ ਕੌਰ ਨੇ ਕਿਹਾ ਕਿ ਭੈਣਾਂ ਨੂੰ ਬੜੀ ਬੇਸਬਰੀ ਨਾਲ ਇਸ ਤਿਉਹਾਰ ਦੀ ਉਡੀਕ ਰਹਿੰਦੀ ਹੈ। ਇਸ ਦਿਨ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਦਾ ਚਾਅ ਤਾਂ ਹੁੰਦਾ ਹੀ ਹੈ, ਨਾਲ ਹੀ ਪਰਿਵਾਰਾਂ ਦੇ ਇਕੱਠੇ ਹੋਣ ਦੀ ਖੁਸ਼ੀ ਵੀ ਇਸ ਤਿਉਹਾਰ ਨੂੰ ਚਾਰ ਚੰਨ੍ਹ ਲਗਾ ਦਿੱਤੀ ਹੈ।