- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਵਾਰ ਨੂੰ ਬਾਅਦ ਦੁਪਹਿਰ ਅਚਾਨਕ ਅਸਮਾਨ ’ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਵੇਖਦੇ ਹੀ ਵੇਖਦੇ ਚਿੱਟਾ ਦਿਨ ਹਨੇਰੇ ’ਚ ਤਬਦੀਲ ਹੋ ਗਿਆ।

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ’ਚ ਮੰਗਲਵਾਰ ਨੂੰ ਦੁਪਹਿਰ ਮੁੱਕਦਿਆਂ ਹੀ ਅਸਮਾਨ ਕਾਲੀਆਂ ਘਟਾਵਾਂ ਨਾਲ ਲਬਰੇਜ਼ ਹੋ ਗਿਆ। ਜਿਸ ਦੇ ਚੱਲਦਿਆਂ ਚਿੱਟੇ ਦਿਨ ਵੀ ਰਾਤ ਵਰਗਾ ਹਨੇਰਾ ਮਹਿਸੂਸ ਹੋਇਆ ਤੇ ਵਾਹਨਾਂ ਦੀਆਂ ਲਾਈਟਾਂ ਤਕ ਜਗਾਉਣੀਆਂ ਪੈ ਗਈਆਂ। ਜਦੋਂਕਿ ਕੁਝ ਸਮੇਂ ਬਾਅਦ ਹੀ ਤੇਜ਼ ਹਵਾਵਾਂ ਨਾਲ ਬਰਸਾਤ ਵੀ ਸ਼ੁਰੂ ਹੋ ਗਈ। ਜਿਸ ਦੇ ਚੱਲਦਿਆਂ ਸ਼ਾਮ ਨੂੰ ਕੰਮਾਂ-ਕਾਰਾਂ ਤੋਂ ਵਾਪਸ ਪਰਤਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕੁਝ ਬੱਚੇ ਬਰਸਾਤ ਦਾ ਆਨੰਦ ਮਾਣਦੇ ਵੀ ਵੇਖੇ ਗਏ।
ਤਰਨਤਾਰਨ ’ਚ ਕੁਝ ਦਿਨਾਂ ਤੋਂ ਕਦੇ ਬੱਦਲ ਤੇ ਕਦੇ ਧੁੱਪ ਵਾਲਾ ਮੌਸਮ ਬਣਿਆ ਹੋਇਆ ਸੀ। ਪਰ ਮੰਗਲਵਾਰ ਨੂੰ ਬਾਅਦ ਦੁਪਹਿਰ ਅਚਾਨਕ ਅਸਮਾਨ ’ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਵੇਖਦੇ ਹੀ ਵੇਖਦੇ ਚਿੱਟਾ ਦਿਨ ਹਨੇਰੇ ’ਚ ਤਬਦੀਲ ਹੋ ਗਿਆ। ਜਦੋਂਕਿ ਨਾਲ ਹੀ ਬੂੰਦਾ-ਬਾਂਦੀ ਤੇ ਫਿਰ ਤੇਜ਼ ਬਰਸਾਤ ਨੇ ਇਸ ਹਨੇਰੇ ਨੂੰ ਹੋਰ ਸੰਘਣਾ ਕਰ ਦਿੱਤਾ ਤੇ ਸੜਕਾਂ ’ਤੇ ਚੱਲਦੇ ਵਾਹਨਾਂ ਦੀਆਂ ਲਾਈਟਾਂ ਤਕ ਜਗਾਉਣੀਆਂ ਪਈਆਂ। ਸ਼ਾਮ ਸਮੇਂ ਕੰਮ ਕਾਰ ਤੋਂ ਪਰਤਣ ਦਾ ਸਮਾਂ ਹੋਣ ਕਰ ਕੇ ਲੋਕ ਬਰਸਾਤ ’ਚ ਘਿਰ ਗਏ ਤੇ ਕੁਝ ਲੋਕ ਮੀਂਹ ਤੋਂ ਬਚਣ ਦੇ ਉਪਾਅ ਕਰ ਕੇ ਲੰਘਦੇ ਹੋਏ ਦਿਖਾਈ ਦਿੱਤੇ। ਰਾਹਗੀਰਾਂ ਹਰਜਗਜੀਤ ਸਿੰਘ, ਜਗਮੋਹਨ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਸਾਤ ਨਾਲ ਵਧ ਰਹੇ ਤਾਪਮਾਨ ਤੋਂ ਕੁਝ ਰਾਹਤ ਤਾਂ ਮਿਲੀ ਹੈ। ਪਰ ਬਰਸਾਤ ਕਾਰਨ ਪਰੇਸ਼ਾਨੀਆਂ ਵੀ ਵਧ ਗਈਆਂ ਹਨ।
=====
ਅਗੇਤੀ ਕਣਕ ਹੋਈ ਸੁਨਹਿਰੀ, ਬਰਸਾਤ ਨੇ ਵਧਾਈ ਚਿੰਤਾ
ਦੂਜੇ ਪਾਸੇ ਅਗੇਤੀ ਵਰਾਇਟੀ 872 ਬੀਜ ਵਾਲੀ ਕਣਕ ਸੁਨਹਿਰੀ ਹੋ ਚੁੱਕੀ ਹੈ ਤੇ ਜੇਕਰ ਮੌਸਮ ਅਨੁਕੂਲ ਰਹੇ ਤਾਂ ਕੁਝ ਦਿਨਾਂ ਤਕ ਤਾਂ ਉਕਤ ਕਣਕ ਮੰਡੀਆਂ ’ਚ ਵੀ ਪਹੁੰਚ ਸਕਦੀ ਹੈ। ਪਰ ਹੁਣ ਹੋ ਰਹੀ ਬਰਸਾਤ ਨੇ ਉਕਤ ਕਣਕ ’ਤੇ ਨੁਕਸਾਨ ਦਾ ਖ਼ਦਸ਼ਾ ਖੜ੍ਹਾ ਕਰ ਦਿੱਤਾ ਹੈ। ਕਿਉਂਕਿ ਮੰਗਲਵਾਰ ਨੂੰ ਹੋਈ ਬਰਸਾਤ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਹਨ। ਹਾਲਾਂਕਿ ਕਿਸਾਨਾਂ ਦੀ ਮੰਨੀਏ ਤਾਂ ਹੁਣ ਤਕ ਕਣਕ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਰ ਜ਼ਿਆਦਾ ਬਰਸਾਤ ਜਾਂ ਗੜੇਮਾਰੀ ਹੁੰਦੀ ਹੈ ਤਾਂ ਉਕਤ ਅਗੇਤੀ ਵਰਾਇਟੀ 872 ਜਿਸ ਦੀ ਬਿਜਾਈ ਇਸ ਵਾਰ ਵੱਡੇ ਪੱਧਰ ’ਤੇ ਹੋਈ ਹੈ, ਪ੍ਰਭਾਵਿਤ ਹੋ ਸਕਦੀ ਹੈ।
ਕਿਸਾਨ ਤੇਜਿੰਦਰਪਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਵਰਾਇਟੀ ਦੀ ਕਣਕ ਸੁਨਹਿਰੀ ਹੋ ਚੁੱਕੀ ਹੈ ਤੇ ਜੇਕਰ ਮੌਸਮ ਅਨੁਕੂਲ ਰਿਹਾ ਤਾਂ 5 ਅਪ੍ਰੈਲ ਤਕ ਇਹ ਕਣਕ ਮੰਡੀਆਂ ’ਚ ਵੀ ਪਹੁੰਚ ਸਕਦੀ ਹੈ। ਜਦੋਂਕਿ ਦੋ ਹਫ਼ਤੇ ਤਕ 826 ਵਰਾਇਟੀ ਦੀ ਕਣਕ ਵੀ ਮੰਡੀਆਂ ’ਚ ਪਹੁੰਚਣ ਦੇ ਨੇੜੇ ਹੈ ਤੇ ਇਹ ਦੋਵੇਂ ਵਰਾਇਟੀਆਂ ਹੇਠ ਇਸ ਵਾਰ ਕਾਫੀ ਰਕਬਾ ਹੈ। ਜੇਕਰ ਜ਼ਿਆਦਾ ਬਰਸਾਤ ਹੋਈ ਤਾਂ ਇਨ੍ਹਾਂ ਤੋਂ ਬਣਨ ਵਾਲੀ ਤੂੜੀ ਦਾ ਰੰਗ ਕਾਲਾ ਪੈ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੋ ਦਿਨ ਪਹਿਲਾਂ ਚੱਲੀ ਹਨੇਰੀ ਕਰ ਕੇ ਆਲੂਆਂ ਆਦਿ ਵਾਲੀ ਜ਼ਮੀਨ ’ਚ ਬੀਜੀ ਗਈ ਪਛੇਤੀ ਕਣਕ ਪਹਿਲਾਂ ਹੀ ਡਿੱਗ ਚੁੱਕੀ ਹੈ।