ਤਰਨਤਾਰਨ ’ਚ ਸ਼ਨਿਚਰਵਾਰ ਨੂੰ ਵੀ ਬਰਸਾਤ ਨੇ ਕੀਤਾ ਜਨ ਜੀਵਨ ਪ੍ਰਭਾਵਿਤ
ਕਈ ਥਾਵਾਂ ’ਤੇ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਕਣਕ ਦੀ ਪੱਕਣ ਕਿਨਾਰੇ ਪਹੁੰਚੀ ਫ਼ਸਲ ਵੀ ਖੇਤਾਂ ’ਚ ਵਿਛ ਗਈ।
Publish Date: Sat, 04 Apr 2026 07:44 PM (IST)
Updated Date: Sun, 05 Apr 2026 04:10 AM (IST)
ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਬੱਦਲਵਾਈ ਤੇ ਬਰਸਾਤ ਦੇ ਚੱਲਦਿਆਂ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਉੱਥੇ ਹੀ ਅਸਮਾਨ ’ਤੇ ਆਏ ਕਾਲੇ ਬੱਦਲ ਕਿਸਾਨਾਂ ਲਈ ਚਿੰਤਾ ਦਾ ਘਰ ਬਣੇ ਰਹੇ। ਹਾਲਾਂਕਿ ਮੀਂਹ ਦੇ ਚੱਲਦਿਆਂ ਕਈ ਕੰਮ ਕਾਜ ਪ੍ਰਭਾਵਿਤ ਹੋਏ ਅਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਕਈ ਥਾਵਾਂ ’ਤੇ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਕਣਕ ਦੀ ਪੱਕਣ ਕਿਨਾਰੇ ਪਹੁੰਚੀ ਫ਼ਸਲ ਵੀ ਖੇਤਾਂ ’ਚ ਵਿਛ ਗਈ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਜਿੱਥੇ ਸਾਰਾ ਦਿਨ ਰੁਕ-ਰੁਕ ਕੇ ਹੋਈ ਬਰਸਾਤ ਕਰ ਕੇ ਲੋਕ ਪ੍ਰਭਾਵਿਤ ਰਹੇ ਸਨ, ਉੱਥੇ ਹੀ ਸ਼ਨਿਚਰਵਾਰ ਦੀ ਸਵੇਰ ਵੀ ਬੱਦਲਵਾਈ ਨਾਲ ਹੋਈ ਤੇ ਫਿਰ ਲਗਭਗ ਸਾਰਾ ਦਿਨ ਕਦੇ ਭਾਰੀ ਛੜਾਕੇ ਤੇ ਕਦੇ ਕਿਣ-ਮਿਣ ਨਾਲ ਜਨ ਜੀਵਨ ਪ੍ਰਭਾਵਿਤ ਹੁੰਦਾ ਰਿਹਾ। ਦੂਜੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਰਾਤਰੀ ਸਮਾਗਮਾਂ ’ਚ ਜਾਣ ਵਾਲੀ ਸੰਗਤ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮੀਂਹ ਕਾਰਨ ਰੇਹੜੀਆਂ ਆਦਿ ਲਾ ਕੇ ਕਾਰੋਬਾਰ ਕਰਨ ਵਾਲੇ ਲੋਕ ਜ਼ਿਆਦਾ ਪ੍ਰਭਾਵਿਤ ਦਿਖਾਈ ਦਿੱਤੇ। ਛੱਤਰੀਆਂ ਤੇ ਤਰਪਾਲਾਂ ਦੀ ਮਦਦ ਨਾਲ ਰੇਹੜੀਆਂ ਢੱਕ ਕੇ ਸੜਕਾਂ ਕਿਨਾਰੇ ਗਾਹਕਾਂ ਦੀ ਉਡੀਕ ’ਚ ਵਿਹਲੇ ਖੜ੍ਹੇ ਇਨ੍ਹਾਂ ਰੇਹੜੀਆਂ ਵਾਲਿਆਂ ਦੇ ਚਿਹਰਿਆਂ ’ਤੇ ਵੀ ਮਾਯੂਸੀ ਛਾਈ ਰਹੀ।
ਸੰਘਣੇ ਬੱਦਲਾਂ ਤੇ ਕਾਲੀਆਂ ਘਟਾਵਾਂ ਨਾਲ ਦਿਨ ਵੇਲੇ ਹਨੇਰਾ ਛਾ ਜਾਣ ਕਾਰਨ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੋਕ ਆਪਣੀ ਮੰਜ਼ਿਲ ਵੱਲ ਵਧਦੇ ਦਿਖਾਈ ਦਿੱਤੇ। ਹਾਲਾਂਕਿ ਦੋ ਦਿਨ ਤੋਂ ਪੈ ਰਹੀ ਬਰਸਾਤ ਦੇ ਚੱਲਦਿਆਂ ਪਾਰਾ ਹੇਠਾਂ ਆਇਆ ਤੇ ਮੌਸਮ ’ਚ ਠੰਢਕ ਵਧ ਗਈ ਹੈ। ਦੂਜੇ ਪਾਸੇ ਮੌਸਮ ਦੇ ਬਦਲੇ ਮਿਜ਼ਾਜ ਦੇ ਚੱਲਦਿਆਂ ਕਿਸਾਨਾਂ ’ਚ ਨਿਰਾਸ਼ਾ ਤੇ ਚਿੰਤਾ ਦਾ ਆਲਮ ਬਣਿਆ ਹੋਇਆ ਹੈ। ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ ਅਤੇ ਕੁਝ ਦਿਨਾਂ ਤਕ ਇਸ ਦੇ ਮੰਡੀਆਂ ’ਚ ਪੁੱਜਣ ਦੀ ਆਸ ਸੀ।
ਪਰ ਲਗਾਤਾਰ ਹੋ ਰਹੀ ਬਰਸਾਤ ਤੇ ਗੜੇਮਾਰੀ ਦੇ ਚੱਲਦਿਆਂ ਇਸ ’ਚ ਦੇਰੀ ਹੋਣ ਦੇ ਨਾਲ-ਨਾਲ ਕਈ ਥਾਵਾਂ ’ਤੇ ਤੇਜ਼ ਹਵਾਵਾਂ ਦੇ ਚੱਲਦਿਆਂ ਪਛੇਤੀ ਕਣਕ ਵਿਛ ਵੀ ਗਈ ਹੈ। ਹਾਲਾਂਕਿ ਅਗੇਤੀ ਫ਼ਸਲ ਦੀ ਤੂੜੀ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੀ ਕਿਸਾਨਾਂ ਵੱਲੋਂ ਜਤਾਇਆ ਜਾ ਰਿਹਾ ਹੈ। ਪਰ ਜੇਕਰ ਗੜੇਮਾਰੀ ਹੁੰਦੀ ਹੈ ਤਾਂ ਹਲਾਤ ਕੁਝ ਹੋਰ ਬਣ ਸਕਦੇ ਹਨ।