ਪੱਟੀ ’ਚ ਸਫ਼ਾਈ ਸੇਵਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਪੱਟੀ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਸਫਾਈ ਸੇਵਕਾਂ ਨੇ ਰੋਸ ਮਾਰਚ ਕਰਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Publish Date: Thu, 30 Jul 2026 08:40 PM (IST)
Updated Date: Thu, 30 Jul 2026 08:43 PM (IST)
ਪੱਟੀ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਸਫਾਈ ਸੇਵਕਾਂ ਦੀ ਹੜਤਾਲ 22ਵੇਂ ਦਿਨ ’ਚ ਦਾਖ਼ਲ ਬੱਲੂ ਮਹਿਤਾ• ਪੰਜਾਬੀ ਜਾਗਰਣ ਪੱਟੀ : ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਭਰ ਵਿਚ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ ਬਰਨਾਲਾ ਵਿਖੇ ਸ਼ਾਂਤਮਈ ਧਰਨੇ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪੱਟੀ ਸ਼ਹਿਰ ਵਿਚ ਭਰਵਾਂ ਹੁੰਗਾਰਾ ਮਿਲਿਆ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸੰਘਰਸ਼ ਨੂੰ ਸਮਰਥਨ ਦਿੱਤਾ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਲੋਅਰ ਗਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਵੱਲੋਂ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਪੱਟੀ ਦੇ ਦਫ਼ਤਰ ਸਾਹਮਣੇ ਚੱਲ ਰਹੇ ਧਰਨੇ ਵਿਚ ਸਫ਼ਾਈ ਸੇਵਕਾਂ, ਵਾਲਮੀਕਿ ਭਾਈਚਾਰੇ, ਡਾ.ਬੀਆਰ ਅੰਬੇਡਕਰ ਭਲਾਈ ਮੰਚ, ਭਗਵਾਨ ਵਾਲਮੀਕਿ ਸ਼ਕਤੀ ਦਲ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਸਟੇਸ਼ਨ ਰੋਡ ਤੋਂ ਗਾਂਧੀ ਚੌਕ ਤਕ ਵਿਸ਼ਾਲ ਰੋਸ ਮਾਰਚ ਕੱਢਿਆ। ਮਾਰਚ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਗਾਂਧੀ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵੰਤ ਰਾਏ, ਜਨਰਲ ਸਕੱਤਰ ਗੁਰਨਾਮ ਸਿੰਘ, ਕ੍ਰਾਂਤੀ ਸੈਨਾ ਦੇ ਪ੍ਰਧਾਨ ਸ਼ਕਤੀ ਕੁਮਾਰ ਤੇ ਕੈਰੋਂ ਗਰੁੱਪ ਦੇ ਆਗੂ ਗੁਰਦੇਵ ਸਿੰਘ ਸੋਨੂੰ ਚੀਮਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ 22ਵੇਂ ਦਿਨ ਵਿਚ ਦਾਖ਼ਲ ਹੋ ਚੁੱਕੀ ਹੈ, ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਰਮਚਾਰੀਆਂ ’ਤੇ ਬਰਨਾਲਾ ਵਿਖੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਲੋਕਤੰਤਰ ’ਤੇ ਹਮਲਾ ਹੈ, ਜਿਸ ਵਿਚ ਕਈ ਕਰਮਚਾਰੀ ਗੰਭੀਰ ਰੂਪ ਵਿਚ ਜ਼ਖਮੀ ਹੋਏ। ਆਗੂਆਂ ਨੇ ਮੰਗ ਕੀਤੀ ਕਿ ਬਰਨਾਲਾ ਦੇ ਡੀਐੱਸਪੀ ਤੇ ਸਬੰਧਤ ਥਾਣਾ ਮੁਖੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਇਸ ਦੇ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਫ਼ਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ, ਹਰ ਵਰਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ ਤੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਲਖਬੀਰ ਸਿੰਘ ਸ਼ਹੀਦ, ਸੁਖਦੇਵ ਰਾਜ ਵਾਈਸ ਪ੍ਰਧਾਨ, ਲੇਖ ਰਾਜ ਸਾਬਕਾ ਪ੍ਰਧਾਨ, ਰਾਮ ਲਾਲ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਗਗਨਦੀਪ ਸਿੰਘ, ਰਵੀ, ਸੁੱਚਾ ਸਿੰਘ, ਦਿਲਬਾਗ ਸਿੰਘ, ਮੀਤ ਪ੍ਰਧਾਨ ਚਾਂਦ, ਗੁਰਪ੍ਰੀਤ ਸਿੰਘ ਮੋਨੂੰ ਕੌਂਸਲਰ, ਗੁਰਦੇਵ ਸਿੰਘ ਸੋਨੂੰ ਚੀਮਾ, ਰਮਨ ਸ਼ਰਮਾ, ਬਿਕਰਮਜੀਤ ਸਿੰਘ ਸੋਹਲ, ਲਖਵਿੰਦਰ ਸਿੰਘ ਭੁੱਟੋ, ਸ਼ਕਤੀ ਪ੍ਰਧਾਨ ਕ੍ਰਾਂਤੀ ਸੈਨਾ, ਕਾਮਰੇਡ ਮਹਿੰਦਰ ਸਿੰਘ, ਬਲਵੰਤ ਰਾਏ ਪ੍ਰਧਾਨ ਰੇਗਰ ਸਮਾਜ਼, ਵਿਕਾਸ ਮਿੰਟਾ, ਵਿੱਕੀ, ਕਿਸ਼ਨ ਲਾਲ, ਹੇਮ ਰਾਜ, ਜਸਬੀਰ ਸਿੰਘ, ਲਖਬੀਰ ਸਿੰਘ ਬਿੱਟੂ, ਹੰਸ ਰਾਜ, ਮਲਕੀਤ ਸਿੰਘ, ਨਿੱਕਾ ਸਾਬਕਾ ਪ੍ਰਧਾਨ, ਬਲਜਿੰਦਰ ਸਿੰਘ ਪਹਿਲਵਾਨ, ਬਿੰਦਰ ਸਿੰਘ ਬਹੁਜਨ ਸਮਾਜ ਪਾਰਟੀ, ਗੌਰਵ ਸਾਬਕਾ ਪ੍ਰਧਾਨ, ਗੁਲਸ਼ਨ ਕੁਮਾਰ ਕੱਕੜ, ਵਿਕਾਸ ਕੁਮਾਰ ਮਿੰਟਾਂ, ਮਾਸਟਰ ਚਾਨਣ ਸਿੰਘ, ਜਰਨੈਲ ਸਿੰਘ, ਗੋਪਾਲ ਸਿੰਘ ਪੰਜਾਬ ਰੋਡਵੇਜ਼, ਮਾਸਟਰ ਜਗਤਾਰ ਸਿੰਘ ਆਸਲ, ਰਮਨ ਕੁਮਾਰ ਸ਼ਰਮਾ, ਜਸਵਿੰਦਰ ਸਿੰਘ ਜਸ, ਅਜੇ ਕੁਮਾਰ ਸਾਬਕਾ ਕੌਂਸਲਰ, ਨੰਬਰਦਾਰ ਲਛਮਣ ਸਿੰਘ, ਮੇਜਰ ਸਿੰਘ ਸਾਬਕਾ ਪ੍ਰਧਾਨ, ਸੋਹਣ ਲਾਲ, ਗੁਰਪ੍ਰੀਤ ਸਿੰਘ ਮੋਨੂੰ ਕੌਂਸਲਰ, ਵੀਰਪਾਲ ਤੇ ਸੁਰਿੰਦਰ ਕੁਮਾਰ ਪ੍ਰਧਾਨ ਰੇਹੜੀ ਯੂਨੀਅਨ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਕਰਮਚਾਰੀ ਹਾਜ਼ਰ ਸਨ।