- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਕੇਐੱਮ ਨੇ ਮੁਕਤ ਵਪਾਰ ਸਮਝੌਤੇ ਖਿਲਾਫ਼ ਉਸਮਾ ਟੋਲ ਪਲਾਜ਼ਾ ਟੋਲ ਮੁਕਤ ਕੀਤਾ

-ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਦਾ ਵੀ ਡਟ ਕੇ ਕੀਤਾ ਸਮਰਥਨ
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ‘ਤੇ ਬੁੱਧਵਾਰ ਨੂੰ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਨੈਸ਼ਨਲ ਹਾਈਵੇ-54 ‘ਤੇ ਪੈਂਦੇ ਉਸਮਾ ਟੋਲ ਪਲਾਜ਼ੇ ਨੂੰ ਦੁਪਿਹਰ 12 ਤੋਂ 3 ਵਜੇ ਤਕ ਤਿੰਨ ਘੰਟਿਆਂ ਲਈ ਟੋਲ ਮੁਕਤ ਕੀਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਕਿਸਾਨ ਆਗੂ ਮੁਖਤਾਰ ਸਿੰਘ ਮੱਲਾ, ਕਵਲਪ੍ਰੀਤ ਸਿੰਘ ਪੰਨੂ, ਡਾਕਟਰ ਇੰਦਰਜੀਤ ਸਿੰਘ ਮਰਹਾਣਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਾਬਾ ਸੁਲੱਖਣ ਸਿੰਘ ਮੰਡਾਲਾ, ਗੁਰਦੇਵ ਸਿੰਘ ਚੋਹਲਾ ਸਾਹਿਬ, ਜਸਬੀਰ ਸਿੰਘ ਪੰਨੂ, ਬਾਬਾ ਮਹਿੰਦਰ ਸਿੰਘ ਵੇਈਂਪੂੰਈਂ, ਗੋਪਾਲ ਸਿੰਘ ਕੁਹਾੜਕਾ, ਗੁਰਵਿੰਦਰ ਸਿੰਘ ਲੌਹੁਕਾ, ਰੇਸ਼ਮ ਸਿੰਘ ਫੈਲੋਕੇ ਦੀ ਅਗਵਾਈ ਹੇਠ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਦੀ ਮੋਦੀ ਹਕੂਮਤ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਅਵਾਜ਼ ਬੁਲੰਦ ਕੀਤੀ।
ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਅਮਰੀਕਾ ਭਾਰਤ ਟਰੇਡ ਸੰਧੀ ਨੂੰ ਭਾਰਤ ਦੇਸ਼ ਦੇ ਕਰੋੜਾਂ ਕਿਸਾਨਾਂ-ਮਜ਼ਦੂਰਾਂ ਸਮੇਤ ਸਭਨਾਂ ਛੋਟੇ ਕਾਰੋਬਾਰੀ ਲੋਕਾਂ ਲਈ ਘਾਤਕ ਦੱਸਦੇ ਹੋਏ ਲੋਕ ਵਿਰੋਧੀ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅੱਗੇ ਗੋਡੇ ਟੇਕ ਕੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਿਹਾ ਹੈ। ਆਗੂਆਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਾਬੇ ਹੇਠ ਦੇਸ਼ ਨੂੰ ਗਹਿਣੇ ਪਾਉਣ ਲਈ ਪੱਬਾਂ ਭਾਰ ਹੋ ਕੇ ਕੰਮ ਕਰ ਰਹੀਆਂ ਹਨ। ਜਿਸ ਨੂੰ ਦੇਸ਼ ਦੇ ਮਿਹਨਤਕਸ਼ ਲੋਕ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ।
ਆਗੂਆਂ ਨੇ ਮੋਦੀ ਸਰਕਾਰ ਦੀ ਪਾਰਲੀਮੈਂਟ ਵੱਲ ਰੋਸ ਮਾਰਚ ਕਰ ਰਹੇ ਦੇਸ਼ ਦੇ ਨੌਜਵਾਨਾਂ ’ਤੇ ਤਸ਼ੱਦਦ ਕਰਨ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਵਜ਼ਾਰਤ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਆਗੂਆਂ ਨੇ ਸੂਬੇ ਦੇ ਬਿਜਲੀ ਕਾਮਿਆਂ ਦੀ ਹੜਤਾਲ ਦੀ ਡਟਵੀਂ ਹਮਾਇਤ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਬਿਜਲੀ ਅਦਾਰੇ ਵਿਚ ਸਨਅਤੀ ਅਮਨ ਬਹਾਲ ਕਰਨ ਦੀ ਮੰਗ ਕਰਦੇ ਹੋਏ ਅਦਾਰੇ ਵਿਚ ਹਜ਼ਾਰਾਂ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ ਦੀ ਮੰਗ ਕੀਤੀ।
ਇਸ ਮੌਕੇ ਹਰਮਿੰਦਰ ਸਿੰਘ ਗਿੱਲ, ਗੁਰਬਚਨ ਸਿੰਘ ਘੜਕਾ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂ ਸੂਬੇਦਾਰ ਤਾਰਾ ਸਿੰਘ ਸਰਹਾਲੀ, ਖੇਤ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਸੈਂਟਰਲ ਟਰੇਡ ਯੂਨੀਅਨ ਸੀਟੂ ਦੇ ਸੂਬਾ ਕਮੇਟੀ ਆਗੂ ਧਰਮ ਸਿੰਘ ਪੱਟੀ, ਬਲਵਿੰਦਰ ਸਿੰਘ ਫੈਲੋਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕੈਪਟਨ ਸਿੰਘ ਕਾਹਲਵਾਂ, ਡਾਕਟਰ ਅਮੋਲਕ ਸਿੰਘ, ਫਤਿਹ ਸਿੰਘ ਆਦਿ ਨੇ ਦੇਸ਼ ਦੀਆਂ ਸੰਘਰਸ਼ਸ਼ੀਲ ਧਿਰਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਖੇਤੀ ਕਾਨੂੰਨਾਂ ਦੀ ਤਰਜ ’ਤੇ ਵੱਡੀ ਲਾਮਬੰਦੀ ਕਰਨ ਦਾ ਸੱਦਾ ਦਿੱਤਾ।