ਪੱਟੀ ਦੇ ਬਲੱਡ ਬੈਂਕ ’ਚ ਸਹੂਲਤਾਂ ਵਧਾਉਣ ਲਈ ਸੁਸਾਇਟੀ ਵੱਲੋਂ ਐੱਸਐੱਮਓ ਨੂੰ ਮੰਗ ਪੱਤਰ ਪੱਟੀ ਦੇ ਸਰਕਾਰੀ ਬਲੱਡ ਬੈਂਕ ਵਿਚ ਸਹੂਲਤਾਂ ਵਧਾਉਣ ਲਈ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਨੇ ਦਿੱਤਾ ਐੱਸਐੱਮਓ ਨੂੰ ਮੰਗ ਪੱਤਰ
Publish Date: Wed, 22 Jul 2026 05:51 PM (IST)
Updated Date: Thu, 23 Jul 2026 04:05 AM (IST)
ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਪੱਟੀ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਸੀਸ ਗੁਪਤਾ ਨੂੰ ਸਰਕਾਰੀ ਬਲੱਡ ਬੈਂਕ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਸੁਸਾਇਟੀ ਦੇ ਨੁਮਾਇੰਦਿਆਂ ਨੇ ਬਲੱਡ ਬੈਂਕ ਵਿਚ ਮੌਜੂਦ ਕਈ ਅਹਿਮ ਕਮੀਆਂ ਵੱਲ ਧਿਆਨ ਦਿਵਾਉਂਦਿਆਂ ਜਲਦ ਹੱਲ ਦੀ ਮੰਗ ਕੀਤੀ। ਇਸ ਮੌਕੇ ਸੁਸਾਇਟੀ ਦੇ ਆਗੂ ਸੁਖਬੀਰ ਸਿੰਘ ਨੇ ਕਿਹਾ ਕਿ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਲੋਕ ਸਰਕਾਰੀ ਬਲੱਡ ਬੈਂਕ ਦੀਆਂ ਸੇਵਾਵਾਂ ਤੇ ਨਿਰਭਰ ਹਨ। ਪਰ ਪੈਕਡ ਰੈੱਡ ਬਲੱਡ ਸੈੱਲਜ਼ ਅਤੇ ਹੋਰ ਬਲੱਡ ਕੰਪੋਨੈਂਟਸ ਦੀ ਸਹੂਲਤ ਨਾ ਹੋਣ ਕਾਰਨ ਮਰੀਜ਼ਾਂ ਨੂੰ ਅੰਮ੍ਰਿਤਸਰ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਐਮਰਜੈਂਸੀ ਦੀ ਸਥਿਤੀ ਵਿਚ ਇਹ ਦੇਰੀ ਕਈ ਵਾਰ ਮਰੀਜ਼ ਦੀ ਜਾਨ ਲਈ ਵੀ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ, ਸਾਡੀ ਮੰਗ ਹੈ ਕਿ ਸਰਕਾਰੀ ਬਲੱਡ ਬੈਂਕ, ਪੱਟੀ ਨੂੰ ਵੀ ਆਧੁਨਿਕ ਸਾਜ਼ੋ-ਸਾਮਾਨ ਅਤੇ ਹਰ ਲੋੜੀਂਦੀ ਸਹੂਲਤ ਨਾਲ ਲੈਸ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆਪਣੇ ਹੀ ਸ਼ਹਿਰ ਵਿਚ ਵਧੀਆ ਸਿਹਤ ਸੇਵਾਵਾਂ ਮਿਲ ਸਕਣ। ਇਸ ਦੇ ਨਾਲ ਹੀ ਖ਼ੂਨਦਾਨੀਆਂ ਲਈ ਆਰਾਮਦਾਇਕ ਡੋਨਰ ਚੇਅਰਾਂ, ਖ਼ੂਨਦਾਨ ਤੋਂ ਬਾਅਦ ਬੈਠਣ ਅਤੇ ਆਰਾਮ ਕਰਨ ਦੀ ਉਚਿੱਤ ਵਿਵਸਥਾ ਅਤੇ ਸਟਾਫ਼ ਦੀ ਘਾਟ ਨੂੰ ਵੀ ਜਲਦ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸੁਖਬੀਰ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਬਲੱਡ ਬੈਂਕ, ਪੱਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਸੁਸਾਇਟੀ ਵੱਲੋਂ ਸਮੇਂ-ਸਮੇਂ ਤੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਐਮਰਜੈਂਸੀ ਸਮੇਂ ਲੋੜ੍ਹਵੰਦ ਮਰੀਜ਼ਾਂ ਲਈ ਤੁਰੰਤ ਖ਼ੂਨਦਾਨ ਕਰਵਾ ਕੇ ਅਨੇਕਾਂ ਕੀਮਤੀ ਜ਼ਿੰਦਗੀਆਂ ਬਚਾਈਆਂ ਜਾਂਦੀਆਂ ਹਨ। ਭਵਿੱਖ ਵਿਚ ਵੀ ਸੁਸਾਇਟੀ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੱਟੀ ਦੇ ਸਰਕਾਰੀ ਬਲੱਡ ਬੈਂਕ ’ਚ ਲੁੜੀਂਦੀਆਂ ਸਹੂਲਤਾਂ ਦਾ ਜਲਦ ਵਿਸਥਾਰ ਕਰੇਗਾ, ਜਿਸ ਨਾਲ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਮਾਸਟਰ ਗੁਰਵਿੰਦਰ ਸਿੰਘ, ਮਲਕੀਤ ਸਿੰਘ, ਫਾਰਮਸਿਸਟ ਅਮਨਦੀਪ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।