- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਚਸੀ ਝਬਾਲ ਦੇ ਸਟਾਫ਼ ਨੇ ਹੈਪਾਟਾਈਟਸ ਦਿਵਸ ਮਨਾਇਆ

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਸਿਵਲ ਸਰਜਨ ਜ਼ਿਲ੍ਹਾ ਤਰਨਤਾਰਨ ਡਾ. ਸੰਦੀਪ ਧਵਨ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੇ ਨਿਯਮਾਂ ਅਧੀਨ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੂ ਚੌਹਾਨ ਦੀ ਯੋਗ ਅਗਵਾਈ ਹੇਠ ਸੀਐੱਚਸੀ ਝਬਾਲ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਚੌਹਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਲਿਵਰ ਸਬੰਧੀ ਗੰਭੀਰ ਬੀਮਾਰੀਆਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਵਿਸ਼ਵ ਹੈਪਾਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈਪਾਟਾਈਟਸ ਇਕ ਵਾਇਰਲ ਇਨਫੈਕਸ਼ਨ ਹੈ, ਜੋ ਲਿਵਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਮੁੱਖ ਤੌਰ 'ਤੇ ਪੰਜ ਕਿਸਮਾਂ ਹੁੰਦੀਆਂ ਹਨ–ਹੈਪਾਟਾਈਟਸ ਏਬੀਸੀਡੀ ਅਤੇ ਈ ਜਿਨ੍ਹਾਂ ਵਿੱਚੋਂ ਬੀ ਤੇ ਸੀ ਲੰਬੇ ਸਮੇਂ ਤਕ ਚੱਲਣ ਵਾਲੀਆਂ ਅਤੇ ਜ਼ਿਆਦਾ ਖ਼ਤਰਨਾਕ ਸਮਝੀਆਂ ਜਾਂਦੀਆਂ ਹਨ, ਜਿਨ੍ਹਾਂ ਤੋਂ ਬਚਾਅ ਲਈ ਟੀਕਾਕਰਨ ਅਤੇ ਸੁਰੱਖਿਅਤ ਤਰੀਕਿਆਂ ਦੀ ਵਰਤੋਂ ਬਹੁਤ ਜ਼ਰੂਰੀ ਹੈ। ਇਸ ਦੇ ਲੱਛਣਾਂ ਵਿਚ ਥਕਾਵਟ, ਭੁੱਖ ਨਾ ਲੱਗਣਾ, ਜਿਗਰ ਦੀ ਸੋਜ, ਭੁਖਾਰ ਅਤੇ ਪੇਟ ਦੀ ਦਰਦ ਸ਼ਾਮਿਲ ਹਨ। ਇਹ ਰੋਗ ਮੁੱਖ ਤੌਰ ‘ਤੇ ਸੰਕਰਮਿਤ ਲਹੂ, ਅਸੁਰੱਖਿਅਤ ਇੰਜੈਕਸ਼ਨ, ਗੰਦਗੀ ਵਾਲੇ ਪਾਣੀ ਜਾਂ ਖਾਣੇ, ਜਾਂ ਸੰਕਰਮਿਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਜਾਂ ਖਾਣੇ ਰਾਹੀਂ ਫੈਲਦੇ ਹਨ, ਇਸ ਲਈ ਸਾਫ਼-ਸੁਥਰੇ ਪਾਣੀ ਅਤੇ ਪੌਸ਼ਟਿਕ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਾ. ਬਲਜੀਤ ਸਿੰਘ ਮੈਡੀਕਲ ਅਫ਼ਸਰ ਨੇ ਹਾਜਰ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸਿਹਤ ਸੰਘ ਵੱਲੋਂ ਵਿਸ਼ਵ ਹੈਪਾਟਾਈਟਸ ਦਿਵਸ ਦਾ ਸਾਲ 2026 ਲਈ ਥੀਮ ਰੱਖਿਆ ਗਿਆ ਹੈ, ਜੋ ਕਿ ਹੈਪੇਟਾਈਟਸ ਦੇ ਖਾਤਮੇ ਅਤੇ ਜਿਗਰ ਦੇ ਕੈਂਸਰ ਦੀ ਰੋਕਥਾਮ ਦੇ ਰਾਹ ਵਿਚ ਆਉਣ ਵਾਲੇ ਵਿੱਤੀ, ਸਮਾਜਿਕ ਅਤੇ ਪ੍ਰਣਾਲੀਗਤ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਅਗਵਾਹੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੀਐੱਚਸੀ ਝਬਾਲ ਤੋਂ ਹੈਪਾਟਾਈਟਸ ਦੇ ਸ਼ੱਕੀ ਮਰੀਜ਼ਾਂ ਨੂੰ ਮੁੱਢਲੀ ਜਾਂਚ ਉਪਰੰਤ ਜ਼ਿਲ੍ਹਾ ਪੱਧਰੀ ਉੱਚ ਸਿਹਤ ਸੰਸਥਾਵਾਂ ਵਿਚ ਰੈਫਰ ਕੀਤਾ ਜਾਂਦਾ ਹੈ, ਜਿਥੇ ਕਿ ਉਨ੍ਹਾਂ ਨੂੰ ਮੁਫ਼ਤ ਲਿਵਰ ਫੰਕਸ਼ਨ ਟੈਸਟ ਤੇ ਹੈਪੇਟਾਈਟਿਸ ਬੀ ਤੇ ਸੀ ਦੀ ਜਾਂਚ ਦੌਰਾਨ ਪੋਜ਼ੀਟਿਵ ਪਾਏ ਗਏ, ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਹਤ ਸੰਭਾਲ ਦੇ ਵਿਸ਼ੇ ’ਤੇ ਹਮੇਸ਼ਾ ਸਾਵਧਾਨ ਰਹਿਣ ਅਤੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਹੈਪਾਟਾਈਟਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਰੋਗ ਲਿਵਰ ਫਾਈਬ੍ਰੋਸਿਸ ਅਤੇ ਲਿਵਰ ਕੈਂਸਰ ਦਾ ਗੰਭੀਰ ਰੂਪ ਧਾਰਣ ਕਰ ਸਕਦਾ ਹੈ। ਅੰਤ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਆਪਣੇ ਪਰਿਵਾਰ ਅਤੇ ਸਮਾਜ ਵਿਚ ਵੀ ਇਸ ਬੀਮਾਰੀ ਬਾਰੇ ਜਾਗਰੂਕਤਾ ਫੈਲਾਉਣ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰਾਜੂ ਚੌਹਾਨ ਦੇ ਨਾਲ ਡਾ. ਬਲਜੀਤ ਸਿੰਘ ਮੈਡੀਕਲ ਅਫ਼ਸਰ, ਗੁਰਲਾਲ ਸਿੰਘ ਬੀਈਈ, ਸੀਐੱਚਸੀ ਝਬਾਲ ਦਾ ਸਮੂਹ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਅਤੇ ਲੋਕ ਹਾਜ਼ਰ ਸਨ।