- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਬਿਜਲੀ ਕਾਮਿਆਂ ਸਮੂਹਿਕ ਛੁੱਟੀ ਲੈ ਕੇ ਦੂਜੇ ਦਿਨ ਵੀ ਸਰਕਲ ਤਰਨਤਾਰਨ ‘ਚ ਕੀਤੇ ਰੋਸ ਪ੍ਰਦਰਸ਼ਨ

-ਮੰਗਾਂ ਹੱਲ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ
ਸਰਕਲ ਦਫ਼ਤਰ ਤਰਨਤਾਰਨ ਅੱਗੇ ਪ੍ਰਦਰਸ਼ਨ ਕਰਦੇ ਹੋਏ ਪਾਵਰਕਾਮ ਦੇ ਮੁਲਾਜ਼ਮ ਤੇ ਪੈਨਸ਼ਨਰ।
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ :
ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਮੁਲਾਜ਼ਮ ਯੂਨਾਇਟਿਡ ਔਰਗੇਨਾਈਜ਼ੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੇ ਸੱਦੇ ‘ਤੇ ਬੁੱਧਵਾਰ ਨੂੰ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਮੂਹਿਕ ਛੁੱਟੀ ਲੈ ਕੇ ਸਮੁੱਚੇ ਪੰਜਾਬ ਦਾ ਕੰਮ-ਕਾਜ ਠੱਪ ਕੀਤਾ, ਜਿਸ ਤਹਿਤ ਤਰਨਤਾਰਨ ਸਰਕਲ ਦਫ਼ਤਰ ਅੱਗੇ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਸਾਂਝੇ ਥੜੇ ਦੇ ਆਗੂਆਂ ਗੁਰਭੇਜ ਸਿੰਘ ਢਿੱਲੋਂ, ਲਖਵੰਤ ਸਿੰਘ, ਮੰਗਲ ਸਿੰਘ ਨਾਗੋਕੇ, ਕੁਲਵਿੰਦਰ ਸਿੰਘ ਬਾਗੜੀਆ, ਐੱਸਡੀਓ ਕਰਮਜੀਤ ਸਿੰਘ, ਜੇਈ ਧਰਮਬੀਰ ਸਿੰਘ, ਕਰਮਬੀਰ ਸਿੰਘ ਮਨਜਿੰਦਰ ਸਿੰਘ ਦਿਆਲਪੁਰਾ, ਸ਼ਮਸ਼ੇਰ ਸਿੰਘ ਪੱਟੀ, ਹਰਜਿੰਦਰ ਸਿੰਘ ਕੋਹਲੀ, ਲਖਬੀਰ ਸਿੰਘ ਸੰਧੂ, ਜਸਬੀਰ ਸਿੰਘ ਸ਼ੇਰੋਂ, ਲਖਬੀਰ ਸਿੰਘ ਰੈਸੀਆਣਾ, ਪੂਰਨ ਦਾਸ, ਲਖਵਿੰਦਰ ਸਿੰਘ ਬਹਿਲਾ, ਬਾਬਾ ਚਰਨਜੀਤ ਸਿੰਘ, ਬੁੱਧ ਸਿੰਘ, ਸਤਪਾਲ ਸਿੰਘ ਜੇਈ, ਜਸਪ੍ਰੀਤ ਸਿੰਘ ਸੋਹਲ, ਗੁਰਪਿੰਦਰ ਸਿੰਘ ਰਿੰਕੂ, ਮੰਗਲ ਸਿੰਘ ਪੱਟੀ, ਮੇਜਰ ਸਿੰਘ, ਰਾਜਬੀਰ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਅਹਿਮ ਮੰਗਾਂ ਤੇ ਮਸਲਿਆਂ ਨੂੰ ਅੱਖੋਂ ਪਰੋਖੇ ਕਰਦੀ ਆ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਬਿਜਲੀ ਨਿਗਮ ਅੰਦਰ ਹਜ਼ਾਰਾਂ ਅਸਾਮੀਆਂ ਖ਼ਾਲੀ ਹਨ, ਭਾਰੀ ਕੰਮ ਦੇ ਬੋਝ ਹੇਠ ਦਬੇ ਕਾਮੇ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਫਿਰ ਵੀ ਇਨ੍ਹਾਂ ਕਾਮਿਆਂ ਨੂੰ ਆਪਣੀਆਂ ਹੱਕੀਂ ਮੰਗਾਂ ਜਿਵੇਂ ਕਿ 17 ਜੁਲਾਈ 2020 ਦਾ ਪੱਤਰ ਰੱਦ ਕਰਕੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਅਨੁਸਾਰ ਬਿਜਲੀ ਕਾਮਿਆਂ ਉਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕੀਤੇ ਜਾਣ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀ ਹੋਣ ਵਾਲੇ ਕਰਮਚਾਰੀਆਂ ਨੂੰ ਪੇ ਬੈਂਡ ਲਾਗੂ ਕਰਨਾ, 18 ਫੀਸਦੀ ਡੀਏ ਦੀ ਕਿਸ਼ਤ ਅਤੇ ਇਸਦਾ ਬਕਾਇਆ, ਪੁਰਾਣੀ ਪੈਨਸ਼ਨ ਦੀ ਬਹਾਲੀ, ਸੋਲੇਸ਼ੀਅਮ ਪਾਲਿਸੀ ਅਧੀਨ ਭਰਤੀ ਕੀਤੇ ਕਰਮਚਾਰੀਆਂ ਤੋਂ 12ਫੀਸਦੀ ਵਿਆਜ਼ ਦੀ ਸ਼ਰਤ ਹਟਾਉਣ, ਸਪੈਸ਼ਲ ਪੈਨਸ਼ਨ ਦਾ ਹੱਕ ਬਹਾਲ ਕਰਨ ਕਰਵਾਉਣ, ਵਿੱਤ ਸਰਕੂਲਰ 10-16 ਦੀ ਬਹਾਲੀ, ਵਿੱਤ ਸਰਕੂਲਰ 3-24 ਨਾਲ ਭੰਗ ਹੋਈ ਪੇ ਪੈਰਿਟੀ ਬਹਾਲ ਕਰਾਉਣ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਬਕਾਇਆ, ਤਿੰਨ ਸੀਆਰਏ ਦੇ ਕੰਨਟ੍ਰੈਕਟ ਸਮੇਂ ਨੂੰ ਰੈਗੂਲਰ ਸੇਵਾ ਵਿਚ ਜੋੜਨ, ਨਵੀਂ ਰੈਗੂਲਰ ਭਰਤੀ ਰਾਹੀਂ ਖ਼ਾਲੀ ਅਸਾਮੀਆਂ ਨੂੰ ਭਰਨ, ਨਵੀਆਂ ਅਸਾਮੀਆਂ ਦੀ ਰਚਨਾ, ਕੰਟੀਜੈਂਟ ਕਾਮਿਆਂ ਨੂੰ ਪੂਰੀ ਤਨਖਾਹ ਅਤੇ ਪਿਛਲੀ ਸੇਵਾ ਦਾ ਸੇਵਾ ਲਾਭ ਦੇਣਾ, ਵੱਖ-ਵੱਖ ਸਰੋਤਾਂ ਰਾਹੀਂ ਮਹਿਕਮੇ ਅੰਦਰ ਭਰਤੀ ਕੀਤੇ ਆਉਟਸੋਰਸਿੰਗ ਕਾਮਿਆਂ ਨੂੰ ਮਹਿਕਮੇ ਅੰਦਰ ਸਿੱਧੇ ਤੌਰ ‘ਤੇ ਸਮਾਂ ਦੇ ਕੇ ਰੈਗੂਲਰ ਕਰਨ ਦੀ ਪਾਲਿਸੀ ਬਣਾਉਣ ਅਤੇ ਉਜ਼ਰਤਾਂ ਵਿਚ ਵਾਧੇ, ਗੋਇੰਦਵਾਲ ਥਰਮਲ ਪਲਾਂਟ ਵਿਚ ਰੈਗੂਲਰ ਮੁਲਾਜ਼ਮਾਂ ਦੀ ਨਿਯੁਕਤੀ, 200 ਰੁਪਏ ਵਿਕਾਸ ਟੈਕਸ ਦੀ ਕਟੌਤੀ, ਪੈਨਸ਼ਨਰਜ਼ ਦੀ 2.45 ਫੈਕਟਰ ਦੀ ਥਾਂ 2.59 ਫੈਕਟਰ ਨਾਲ ਪੈਨਸ਼ਨ ਸੋਧਣੀ ਅਤੇ ਪੈਨਸ਼ਨਰਜ਼ ਨੂੰ ਬਿਨ੍ਹਾਂ ਸ਼ਰਤ 23 ਸਾਲਾ ਦਾ ਲਾਭ ਦੇਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਪੈਡੀ ਸੀਜ਼ਨ ਦੌਰਾਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ।
ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੀ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨਾਲ ਕਈ ਵਾਰ ਮੀਟਿੰਗ ਹੋਈ ਹੈ, ਪ੍ਰੰਤੂ ਮੰਗਾਂ ਮਸਲੇ ਹੱਲ ਕਰਨ ਦੀ ਬਜਾਇ ਮੈਨੇਜਮੈਂਟ ਅਤੇ ਸਰਕਾਰ ਵਲੋਂ ਨਵੇਂ ਮਸਲੇ ਪੈਦਾ ਕੀਤੇ ਜਾ ਰਹੇ ਹਨ। ਜਿਸ ਦੇ ਵਿਰੋਧ ਵਿਚ ਪੰਜਾਬ ਦੇ ਰੈਗੂਲਰ ਬਿਜਲੀ ਕਾਮੇ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਅਪਣਾ ਰੋਸ ਪ੍ਰਗਟ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਅੰਦਰ ਲਗਭਗ 80ਫੀਸਦੀ ਤੋਂ ਉੱਪਰ ਕਾਮੇ ਸਮੂਹਿਕ ਛੁੱਟੀ ’ਤੇ ਹਨ ਅਤੇ 23 ਜੁਲਾਈ ਨੂੰ ਵੀ ਕਮਾਈ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ, ਤਾਂ ਇਸ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਮੈਨੇਜਮੈਂਟ ਦੀ ਆਪਣੀ ਹੋਵੇਗੀ।