- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰਲ ਕਾਨਵੈਂਟ ਸਕੂਲ ਪੱਟੀ ਦੇ ਵਿਦਿਆਰਥੀ ਰਵਿੰਦਰਪਾਲ ਸਿੰਘ ਨੇ ਨੀਟ ਵਿਚ ਰਚਿਆ ਇਤਿਹਾਸ

-ਆਲ ਇੰਡੀਆ ’ਚ 1142ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਤੂਤ ਦੇ ਹੋਣਹਾਰ ਵਿਦਿਆਰਥੀ ਰਵਿੰਦਰਪਾਲ ਸਿੰਘ ਸਪੁੱਤਰ ਗੁਰਦੇਵ ਸਿੰਘ ਨੇ ਦੇਸ਼ ਪੱਧਰ 'ਤੇ ਹੋਈ ਨੀਟ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਲੱਖ ਤੋਂ ਵੱਧ ਉਮੀਦਵਾਰਾਂ ਵਿੱਚੋਂ ਆਲ ਇੰਡੀਆ 1142ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਪਿਆਂ, ਸਕੂਲ, ਪਿੰਡ, ਜ਼ਿਲ੍ਹਾ ਤਰਨਤਾਰਨ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਰਵਿੰਦਰਪਾਲ ਸਿੰਘ ਨੇ 720 ਵਿੱਚੋਂ 665 ਅੰਕ ਪ੍ਰਾਪਤ ਕਰਕੇ ਇਹ ਵੱਡੀ ਉਪਲੱਬਧੀ ਆਪਣੇ ਨਾਮ ਕੀਤੀ। ਜ਼ਿਕਰਯੋਗ ਹੈ ਕਿ ਰਵਿੰਦਰਪਾਲ ਸਿੰਘ ਨੇ ਸਾਲ 2025-26 ਦੌਰਾਨ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਪੱਟੀ ਤੋਂ ਸੀਬੀਐੱਸਈ ਬੋਰਡ ਅਧੀਨ ਬਾਰ੍ਹਵੀਂ ਜਮਾਤ ਮੈਡੀਕਲ ਵਿਚ 98 ਫੀਸਦੀ ਅੰਕ ਹਾਸਿਲ ਕੀਤੇ ਸਨ।
ਇਸ ਤੋਂ ਪਹਿਲਾਂ ਉਸ ਨੇ ਆਪਣੀ ਗਿਆਰਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਤੋਂ ਵੀ ਕੀਤੀ, ਜਿਥੇ ਉਸ ਨੇ ਆਪਣੀ ਪੜ੍ਹਾਈ ਦਾ ਮਜ਼ਬੂਤ ਆਧਾਰ ਤਿਆਰ ਕੀਤਾ। ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਉਸ ਦੀ ਲਗਾਤਾਰ ਮਿਹਨਤ, ਸਮੇਂ ਦੀ ਸਹੀ ਯੋਜਨਾ ਅਤੇ ਅਧਿਆਪਕਾਂ ਦਾ ਮਾਰਗਦਰਸ਼ਨ ਰਿਹਾ। ਉਸ ਨੇ ਕਿਹਾ ਕਿ ਉਸ ਨੇ ਕਿਸੇ ਵੀ ਬਾਹਰੀ ਕੋਚਿੰਗ ਦਾ ਸਹਾਰਾ ਨਹੀਂ ਲਿਆ, ਸਗੋਂ ਸਕੂਲ ਵਿਚ ਮਿਲੀ ਸਿੱਖਿਆ ਅਤੇ ਆਪਣੀ ਸਵੈ-ਪੜ੍ਹਾਈ ਦੇ ਆਧਾਰ 'ਤੇ ਨੀਟ ਦੀ ਤਿਆਰੀ ਕੀਤੀ। ਉਸ ਨੇ ਕਿਹਾ ਕਿ ਹਰ ਵਿਦਿਆਰਥੀ ਜੇਕਰ ਪੂਰੀ ਲਗਨ ਨਾਲ ਪੜ੍ਹਾਈ ਕਰੇ, ਤਾਂ ਉਹ ਆਪਣੇ ਸੁਪਨੇ ਜ਼ਰੂਰ ਪੂਰੇ ਕਰ ਸਕਦਾ ਹੈ। ਰਵਿੰਦਰਪਾਲ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ, ਤਾਂ ਉਸ ਦੇ ਪਿਤਾ ਗੁਰਦੇਵ ਸਿੰਘ ਪਿਛਲੇ ਕਈ ਸਾਲਾਂ ਤੋਂ ਦੁਬਈ ਵਿਚ ਟਰਾਲਾ ਚਲਾਉਂਦੇ ਹਨ ਅਤੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਸ ਦੀ ਇਕ ਭੈਣ ਕੈਨੇਡਾ ਵਿਚ ਇਨਫਰਮੇਸ਼ਨ ਟੈਕਨੋਲੋਜੀ ਖੇਤਰ ਵਿਚ ਨੌਕਰੀ ਕਰ ਰਹੀ ਹੈ। ਪਰਿਵਾਰ ਨੇ ਰਵਿੰਦਰਪਾਲ ਦੀ ਇਸ ਸਫਲਤਾ 'ਤੇ ਖੁਸ਼ੀ ਪ੍ਰਗਟਾਉਂਦਿਆਂ ਇਸ ਨੂੰ ਸਾਲਾਂ ਦੀ ਮਿਹਨਤ ਦਾ ਨਤੀਜਾ ਦੱਸਿਆ।
ਇਸ ਮੌਕੇ ਡਾ. ਰਾਜੇਸ਼ ਭਾਰਦਵਾਜ, ਚੇਅਰਮੈਨ, ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਨੇ ਕਿਹਾ ਕਿ ਰਵਿੰਦਰਪਾਲ ਸਿੰਘ ਦੀ ਇਹ ਪ੍ਰਾਪਤੀ ਸੰਸਥਾ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਸੰਸਥਾ ਦੇ ਗੁਣਵੱਤਾ ਭਰਪੂਰ ਸਿੱਖਿਆ ਮਾਹੌਲ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚੋਂ ਪੜ੍ਹ ਕੇ ਨਿਕਲ ਰਹੇ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿਚ ਵੱਡੀਆਂ ਉਪਲਬਧੀਆਂ ਹਾਸਿਲ ਕਰ ਰਹੇ ਹਨ, ਜੋ ਪੰਜਾਬ ਲਈ ਵੀ ਮਾਣ ਦੀ ਗੱਲ ਹੈ। ਉਨ੍ਹਾਂ ਨੇ ਇਸ ਉਪਲਬਧੀ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ਼, ਡਾ. ਮਰਿਦੁਲਾ ਭਾਰਦਵਾਜ ਪ੍ਰਿੰਸੀਪਲ, ਐਗਜ਼ੀਕਿਊਟਿਵ ਡਾਇਰੈਕਟਰ ਸੱਤਿਅਮ ਭਾਰਦਵਾਜ, ਸ਼ੁਭੀ ਭਾਰਦਵਾਜ ਤੇ ਪੂਰੀ ਅਕਾਦਮਿਕ ਟੀਮ ਦੀ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਅਜਿਹੀਆਂ ਸਫਲਤਾਵਾਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਬਣਨਗੀਆਂ। ਰਵਿੰਦਰਪਾਲ ਸਿੰਘ ਦੀ ਇਸ ਉਪਲਬਧੀ 'ਤੇ ਇਲਾਕੇ ਦੇ ਲੋਕਾਂ, ਅਧਿਆਪਕਾਂ ਅਤੇ ਸਮਾਜਿਕ ਆਗੂਆਂ ਵੱਲੋਂ ਵੀ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।