- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਡਮ ਫਾਈਟਰਜ਼ ਉੱਤਰਾਅਧਿਕਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਏਡੀਸੀ ਨੂੰ ਸੌਂਪਿਆ ਮੰਗ ਪੱਤਰ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਤਰਨਤਾਰਨ ਵੱਲੋਂ ਆਪਣੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਰਾਜਪਾਲ ਦੇ ਨਾਮ ’ਤੇ ਏਡੀਸੀ ਨੂੰ ਮੰਗ ਪੱਤਰ ਭੇਟ ਕੀਤਾ ਗਿਆ। ਇਸ ਸਬੰਧੀ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ, ਜ਼ਿਲ੍ਹਾ ਜਨਰਲ ਸਕੱਤਰ ਸਿੰਘ ਪਹੂਵਿੰਡ, ਜੋਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਸਰਕਾਰ ਤੋਂ ਗੱਲਬਾਤ ਲਈ ਸਮੇਂ ਦੀ ਮੰਗ ਕੀਤੀ ਗਈ ਸੀ, ਪਰ ਮੁੱਖ ਮੰਤਰੀ ਪੰਜਾਬ ਨੇ ਸੰਸਥਾ ਨੂੰ ਤਿੰਨ ਵਾਰ ਮੀਟਿੰਗ ਲਈ ਪੱਤਰ ਜਾਰੀ ਕਰਨ ਦੇ ਬਾਵਜੂਦ ਮੀਟਿੰਗ ਨਹੀਂ ਕੀਤੀ, ਜਿਸ ਨਾਲ ਸੰਸਥਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਗੰਡੀਵਿੰਡ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਵਾਰਿਸਾਂ ਵੱਲੋਂ ਹੋਂਦ ਵਿਚ ਆਈ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਪੰਜਾਬ ਨੂੰ ਵਾਰ-ਵਾਰ ਅਣਗੌਲਿਆਂ ਕਰਨ ਵਜੋਂ ਦੇਸ਼ ਭਗਤ ਪਰਿਵਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਦੇਸ਼ ਭਗਤਾਂ ਦੇ ਵਾਰਿਸਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਨਹੀਂ ਕਰਦੇ ਅਤੇ ਮੁਸ਼ਕਿਲਾਂ ਦਾ ਹੱਲ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਤਾਂ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਪੰਜਾਬ ਸੂਬਾ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਮਜ਼ਬੂਰ ਹੋਣਗੇ। ਇਸ ਤਿੱਖੇ ਸੰਘਰਸ਼ ਦੌਰਾਨ ਜੇਕਰ ਸੰਘਰਸ਼ੀ ਯੋਧਿਆਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜੇਕਰ ਮੁੱਖ ਮੰਤਰੀ ਪੰਜਾਬ ਦੇਸ਼ ਭਗਤਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੀਆਂ ਮੁਸ਼ਕਿਲਾਂ ਦਾ ਹੱਲ 2 ਅਗਸਤ 2026 ਤਕ ਮੀਟਿੰਗ ਦਾ ਸਮਾਂ ਦੇ ਕੇ ਕਰਦੇ ਹਨ, ਤਾਂ ਸੰਸਥਾ ਸੁਤੰਤਰਤਾ ਦਿਵਸ ਮੌਕੇ ਸਨਮਾਨ ਨਾਲ ਸ਼ਾਮਿਲ ਹੋਵੇਗੀ। ਜੇਕਰ ਅਜਿਹਾ ਨਾ ਹੋਇਆ, ਤਾਂ ਸੰਘਰਸ਼ ਦੀ ਰੂਪ-ਰੇਖਾ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇਗਾ, ਜਿਸ ਵਿਚ ਸਮੁੱਚੇ ਸੂਬੇ ਅਤੇ ਸੁਤੰਤਰਤਾ ਸੰਗਰਾਮੀ ਅਤੇ ਉਨ੍ਹਾਂ ਦੇ ਵਾਰਿਸ ਸ਼ਾਮਿਲ ਹੋਣਗੇ।
ਪ੍ਰਧਾਨ ਗੰਡੀਵਿੰਡ ਨੇ ਕਿਹਾ ਕਿ ਇਸੇ ਤਹਿਤ ਅੱਜ ਸੰਸਥਾ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਦੇ ਨਾਮ ’ਤੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਏਡੀਸੀ ਜਨਰਲ ਅਦਿੱਤਿਆ ਸ਼ਰਮਾ ਨੇ ਸੰਸਥਾ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਰਾਜਪਾਲ ਪੰਜਾਬ ਨੂੰ ਭੇਜ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਬਲਜੀਤ ਸਿੰਘ, ਵਰਿਆਮ ਸਿੰਘ, ਮੋਹਣ ਸਿੰਘ, ਲਖਵਿੰਦਰ ਸਿੰਘ ਸਮੇਤ ਸੰਸਥਾ ਦੇ ਮੈਂਬਰ ਹਾਜਰ ਸਨ।