- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਤ ਸਮੇਂ ਡਿਊਟੀ ‘ਤੇ ਤਾਇਨਾਤ ਪਾਵਕਾਮ ਦੇ ਐੱਸਡੀਓ 'ਤੇ ਨਕਾਬਪੋਸ਼ਾਂ ਨੇ ਕੀਤਾ ਹਮਲਾ, ਜ਼ਖ਼ਮੀ

-ਹੜਤਾਲ ਦੌਰਾਨ ਫ਼ਤਿਆਬਾਦ ਸਬ ਡਵੀਜ਼ਨ ’ਚ ਵਾਪਰੀ ਘਟਨਾ, ਜ਼ਖ਼ਮੀ ਐੱਸਡੀਓ ਅੰਮ੍ਰਿਤਸਰ ਰੈਫਰ
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ :
ਪਾਵਰਕਾਮ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਫ਼ਤਿਆਬਾਦ ਸਬ ਡਵੀਜ਼ਨ ਵਿਚ ਵਿਸ਼ੇਸ਼ ਡਿਊਟੀ ਨਿਭਾਅ ਰਹੇ ਐੱਸਡੀਓ ਸਤਨਾਮ ਸਿੰਘ 'ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਹਮਲੇ ਵਿਚ ਐੱਸਡੀਓ ਸਤਨਾਮ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ ਤੇ ਬਾਅਦ ਵਿਚ ਬਿਹਤਰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ।
ਹਸਪਤਾਲ ਵਿਚ ਇਲਾਜ ਅਧੀਨ ਐੱਸਡੀਓ ਸਤਨਾਮ ਸਿੰਘ ਨੇ ਦੱਸਿਆ ਕਿ ਪਾਵਰਕਾਮ ਕਰਮਚਾਰੀਆਂ ਦੀ ਹੜਤਾਲ ਕਾਰਨ ਉੱਚ ਅਧਿਕਾਰੀਆਂ ਦੇ ਨਿਯਮਾਂ 'ਤੇ ਉਹ ਰਾਤ ਸਮੇਂ ਡਿਊਟੀ ਨਿਭਾਅ ਰਹੇ ਸਨ। ਰਾਤ ਕਰੀਬ 9 ਵਜੇ ਭਰੋਵਾਲ ਅਤੇ ਵੇਂਈਪੂੰਈ ਪਿੰਡਾਂ ਦੇ ਕੁਝ ਵਿਅਕਤੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਪਹੁੰਚੇ। ਉਨ੍ਹਾਂ ਨੇ ਤਕਨੀਕੀ ਨੁਕਸ ਤੇ ਹੜਤਾਲ ਕਾਰਨ ਪੈਦਾ ਹੋਈ ਸਥਿਤੀ ਬਾਰੇ ਸਮਝਾ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਐੱਸਡੀਓ ਮੁਤਾਬਕ, ਕੁਝ ਸਮੇਂ ਬਾਅਦ ਤਿੰਨ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ, ਬੇਸਬੈਟ ਲੈ ਕੇ ਆਏ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤੁਰੰਤ ਸਰਹਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
-ਬਾਕਸ-
-ਪਾਵਰਕਾਮ ਅਧਿਕਾਰੀਆਂ ’ਚ ਭਾਰੀ ਰੋਸ
ਘਟਨਾ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਡਿਊਟੀ ਦੌਰਾਨ ਸਰਕਾਰੀ ਅਧਿਕਾਰੀ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਸਖ਼ਤ ਕਾਨੂੰਨੀ ਕਾਰਵਾਈ ਤੇ ਫੀਲਡ ਵਿਚ ਡਿਊਟੀ ਨਿਭਾਅ ਰਹੇ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
-ਬਾਕਸ-
-ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ
ਇਸ ਸਬੰਧੀ ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।