- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚੋਂ ਹੈਰੋਇਨ ਤੇ ਡਰੱਗ ਮਨੀ ਬਰਾਮਦ, 21 ਜਣੇ ਗ੍ਰਿਫਤਾਰ

ਵੱਖ-ਵੱਖ ਥਾਣਿਆਂ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ, ਪੁੱਛਗਿੱਛ ਜਾਰੀ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ
ਸਥਾਨਕ ਜ਼ਿਲ੍ਹੇ ’ਚ ਨਸ਼ੇ ਦੇ ਕਾਰੋਬਾਰ ’ਤੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿਚ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਇੱਕੋ ਵੇਲੇ ਹੋਈ ਇਸ ਕਾਰਵਾਈ ਦੌਰਾਨ ਪੁਲਿਸ ਨੇ 21 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਬੰਧਤ ਥਾਣਿਆਂ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਚੌਕੀ ਟਾਊਨ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਗਸਤ ਦੌਰਾਨ ਵਿਸ਼ਾਲਦੀਪ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਤੇ ਸੰਦੀਪ ਸਿੰਘ ਸੰਨੀ ਪੁੱਤਰ ਪਰਸ਼ੋਤਮ ਸਿੰਘ ਵਾਸੀ ਤਰਨਤਾਰਨ ਨੂੰ ਸੱਤ ਗ੍ਰਾਮ ਹੈਰੋਇਨ, ਇਲੈਕਟ੍ਰਾਨਿਕ ਕੰਡਾ ਤੇ 550 ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਜਦੋਂਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਏਐੱਸਆਈ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਦਵਿੰਦਰਪਾਲ ਸਿੰਘ ਮੱਦੀ ਪੁੱਤਰ ਅਰਜਨ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਨੌਸ਼ਹਿਰਾ ਢਾਲਾ ਨੂੰ 4 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ।
ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੇ ਏਐੱਸਆਈ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਗਸ਼ਤ ਕਰਦਿਆਂ ਪੱਖੋਪੁਰ ਪਿੰਡ ਕੋਲੋਂ ਲਵਪ੍ਰੀਤ ਸਿੰਘ ਲੱਬੂ ਪੁੱਤਰ ਗੁਰਮੁੱਖ ਸਿੰਘ, ਦਿਲਬਾਗ ਸਿੰਘ ਲਵ ਪੁੱਤਰ ਪਰਮਜੀਤ ਸਿੰਘ ਅਤੇ ਗੁਰਸਾਹਿਬ ਸਿੰਘ ਸਾਬਾ ਪੁੱਤਰ ਸਰਮੈਲ ਸਿੰਘ ਵਾਸੀ ਪੱਖੋਪੁਰ ਨੂੰ 9.09 ਗ੍ਰਾਮ ਹੈਰੋਇਨ ਅਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਥਾਣਾ ਸਦਰ ਦੀ ਪੁਲਿਸ ਨੇ ਏਐੱਸਆਈ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਮੌਕੇ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੰਡੋਰੀ ਗੋਲਾ, ਚਰਨਜੀਤ ਸਿੰਘ ਚੰਨੀ ਪੁੱਤਰ ਬਲਦੇਵ ਸਿੰਘ ਤੇ ਜਗਰੂਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੱਖੋਕੇ ਨੂੰ 5 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ।
ਥਾਣਾ ਸਦਰ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਵੀ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਗੁਰਬਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੰਡੋਰੀ ਗੋਲਾ ਤੇ ਵਿਕਰਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰਸੂਲਪੁਰ ਨੂੰ ਸੰਘੇ ਪਿੰਡ ਦੀ ਨਹਿਰ ਕੋਲੋਂ 11.38 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਥਾਣਾ ਵਲਟੋਹਾ ਦੀ ਪੁਲਿਸ ਪਾਰਟੀ ਨੇ ਏਐੱਸਆਈ ਵਰਿਆਮ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਗੁਰਸੇਵਕ ਸਿੰਘ ਅਜੈ ਪੁੱਤਰ ਹਰਮੇਸ਼ ਸਿੰਘ ਵਾਸੀ ਵਲਟੋਹਾ ਤੇ ਲਵਪ੍ਰੀਤ ਸਿੰਘ ਲੱਭਾ ਪੁੱਤਰ ਗੁਰਮੇਜ ਸਿੰਘ ਵਾਸੀ ਚੀਮਾ ਖੁਰਦ ਨੂੰ 34 ਗ੍ਰਾਮ ਹੈਰੋਇਨ ਤੇ 400 ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ।
ਜਦੋਂਕਿ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਹਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਭੁਪਿੰਦਰ ਸਿੰਘ ਭਿੰਦਾ ਪੁੱਤਰ ਸੁਬੇਗ ਸਿੰਘ ਵਾਸੀ ਬੂਆ ਪੱਤੀ ਨੂੰ 4.5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਿਸ ਨੇ ਸਬ ਇੰਸਪੈਕਟਰ ਜੈਪਾਲ ਦੀ ਅਗਵਾਈ ਹੇਠ ਹਰਭਾਲ ਸਿੰਘ ਭਾਲਾ ਪੁੱਤਰ ਬਗੀਚਾ ਸਿੰਘ ਵਾਸੀ ਰੱਤੋਕੇ ਨੂੰ 4 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਕੇ ਕੇਸ ਵਿਚ ਨਾਮਜ਼ਦ ਕੀਤਾ ਹੈ। ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਏਐੱਸਆਈ ਤਸਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਦੋਂ ਬਲ੍ਹੇਰ ਰੋਡ ’ਤੇ ਪੁੱਜੀ ਤਾਂ ਉਥੋਂ ਸੁਖਵੰਤ ਸਿੰਘ ਰਾਜਾ ਪੁੱਤਰ ਹਰਜੀਤ ਸਿੰਘ ਵਾਲੀ ਨਾਰਲਾ ਨੂੰ 100 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਥਾਣਾ ਖਾਲੜਾ ਦੀ ਪੁਲਿਸ ਨੇ ਰਵੀ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖਾਲੜਾ ਕਰਨੋਲੀਆਂ ਨੂੰ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਕੇ ਐੱਨਡੀਪੀਐੱਸ ਐਕਟ ਦਾ ਕੇਸ ਦਰਜ ਕੀਤਾ। ਜਦੋਂਕਿ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਜੈ ਪੁੱਤਰ ਗੁਰਸੇਵਕ ਸਿੰਘ ਵਾਸੀ ਸਰਹਾਲੀ ਮੰਡਾਂ ਨੂੰ 7 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਥਾਣਾ ਸਰਹਾਲੀ ਦੀ ਪੁਲਿਸ ਪਾਰਟੀ ਨੇ ਵੀ ਪ੍ਰਮਜੀਤ ਸਿੰਘ ਸਾਹਿਲ ਪੁੱਤਰ ਸੁਖਦੇਵ ਸਿੰਘ ਵਾਸੀ ਠੱਠੀਆਂ ਮਹੰਤਾਂ ਨਾਮਕ ਨੌਜਵਾਨ ਨੂੰ 7 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਨੇ ਸਬ ਇੰਸਪੈਕਟਰ ਵਿਕੇਸ਼ ਕੁਮਾਰ ਦੀ ਅਗਵਾਈ ਹੇਠ ਗਸ਼ਤ ਕਰਦਿਆਂ ਸੋਨੂੰ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਘਰਿਆਲਾ ਤੇ ਮੁਖਤਾਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕਾਲੇਕੇ ਉਤਾੜ ਨੂੰ ਕ੍ਰਮਵਾਰ 10 ਤੇ 8 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ।