ਸਿਵਲ ਹਸਪਤਾਲ ’ਚ ਬਣੇ ਨਸ਼ਾ ਛੁਡਾਊ ਕੇਂਦਰ ਨੂੰ ਸ਼ਹਿਰੋਂ ਬਾਹਰ ਕਰਨ ਦੀ ਮੰਗ ਪੱਟੀ ਦੇ ਸਿਵਲ ਹਸਪਤਾਲ ’ਚ ਬਣੇ ਨਸ਼ਾ ਛੁਡਾਊ ਕੇਂਦਰ ਨੂੰ ਸ਼ਹਿਰ ਤੋਂ ਬਾਹਰ ਕਰਨ ਦੀ ਮੰਗ ਤੇਜ਼
Publish Date: Wed, 22 Jul 2026 05:21 PM (IST)
Updated Date: Thu, 23 Jul 2026 04:05 AM (IST)
-ਹਸਪਤਾਲ ਦੇ ਬਾਹਰ ਨੌਜਵਾਨਾਂ ਦੀਆਂ ਟੋਲੀਆਂ, ਮਰੀਜ਼ਾਂ ਤੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਲਈ ਭਾਵੇਂ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ, ਪਰ ਪੱਟੀ ਦੇ ਸਿਵਲ ਹਸਪਤਾਲ ਅੰਦਰ ਚੱਲ ਰਹੇ ਓਟ ਸੈਂਟਰ ਨਸ਼ਾ ਛੁਡਾਊ ਕੇਂਦਰ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਰੋਜ਼ਾਨਾ ਸੈਂਕੜੇ ਲੋਕ ਦਵਾਈ ਲੈਣ ਲਈ ਆਉਂਦੇ ਹਨ, ਪਰ ਕਈ ਨੌਜਵਾਨ ਸ਼ਾਮ ਤਕ ਹਸਪਤਾਲ ਦੇ ਆਲੇ-ਦੁਆਲੇ ਹੀ ਡੇਰਾ ਲਗਾ ਕੇ ਬੈਠੇ ਰਹਿੰਦੇ ਹਨ। ਕੁਝ ਥਾਵਾਂ ’ਤੇ ਟੋਲੀਆਂ ਬਣਾ ਕੇ ਬੈਠੇ ਨੌਜਵਾਨਾਂ ਕਾਰਨ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਰਾਹਗੀਰਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਹਾਲਾਤ ਹੁਣ ਇਸ ਹੱਦ ਤਕ ਪਹੁੰਚ ਗਏ ਹਨ ਕਿ ਕੁਝ ਸ਼ਰਾਰਤੀ ਅਨਸਰ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਰਹੇ ਹਨ। ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੇ ਸਾਮਾਨ ਅਤੇ ਬਾਹਰ ਖੜ੍ਹੇ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਲੋਕਾਂ ਅਨੁਸਾਰ ਕੁਝ ਨੌਜਵਾਨਾਂ ਵੱਲੋਂ ਕੇਂਦਰ ਤੋਂ ਮਿਲਣ ਵਾਲੀਆਂ ਗੋਲੀਆਂ ਦਾ ਦੁਰਪਯੋਗ ਕੀਤਾ ਜਾਂਦਾ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਕਈ ਨੌਜਵਾਨ ਇਨ੍ਹਾਂ ਗੋਲੀਆਂ ਨੂੰ ਟੀਕਿਆਂ ਵਿਚ ਘੋਲ ਕੇ ਵਰਤਦੇ ਹਨ, ਜਦਕਿ ਕੁਝ ਲੋਕ ਗੋਲੀਆਂ ਲੈ ਕੇ ਬਾਹਰ ਵੇਚਦੇ ਹੋਏ ਵੀ ਨਜ਼ਰ ਆਉਂਦੇ ਹਨ। ਹਾਲਾਂਕਿ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ। ਸਿਵਲ ਹਸਪਤਾਲ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਹਸਪਤਾਲ ਦੇ ਬਾਹਰ ਅਤੇ ਨੇੜਲੇ ਇਲਾਕਿਆਂ ਵਿਚ ਸ਼ੱਕੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਮੁਕਤੀ ਲਈ ਬਣੇ ਕੇਂਦਰ ਦਾ ਮਕਸਦ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣਾ ਹੈ, ਪਰ ਜੇਕਰ ਕੇਂਦਰ ਦੇ ਆਲੇ-ਦੁਆਲੇ ਅਜਿਹੇ ਹਾਲਾਤ ਬਣ ਰਹੇ ਹਨ, ਤਾਂ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇੱਥੇ ਕੁਝ ਡਾਕਟਰਾਂ ਅਤੇ ਹਸਪਤਾਲ ਸਟਾਫ਼ ਨੇ ਵੀ ਗੈਰ-ਰਸਮੀ ਤੌਰ ’ਤੇ ਮੰਨਿਆ ਹੈ ਕਿ ਕਈ ਵਾਰ ਭੀੜ ਕਾਰਨ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਹਸਪਤਾਲ ਵਿਚ ਆਉਣ ਵਾਲੇ ਆਮ ਮਰੀਜ਼ਾਂ ਨੂੰ ਵੀ ਦਿੱਕਤ ਹੁੰਦੀ ਹੈ। -ਬਾਕਸ- -ਕੇਂਦਰ ਅਜਿਹੀ ਥਾਂ ਹੋਣੇ ਚਾਹੀਦੇ ਹਨ, ਜਿਥੇ ਆਮ ਜਨਤਾ ਨੂੰ ਪ੍ਰੇਸ਼ਾਨੀ ਨਾ ਹੋਵੇ : ਬੱਬਲ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੈਂਬਰ ਮਲਕੀਅਤ ਸਿੰਘ ਬੱਬਲ ਦਾ ਕਹਿਣਾ ਹੈ ਕਿ ਨਸ਼ੇ ਦੀ ਸਮੱਸਿਆ ਪੰਜਾਬ ਲਈ ਗੰਭੀਰ ਚੁਣੌਤੀ ਹੈ ਅਤੇ ਨਸ਼ਾ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਓਟ ਸੈਂਟਰਾਂ ਦੀ ਲੋੜ ਹੈ, ਪਰ ਇਹ ਕੇਂਦਰ ਅਜਿਹੀ ਥਾਂ ਹੋਣੇ ਚਾਹੀਦੇ ਹਨ, ਜਿਥੇ ਆਮ ਜਨਤਾ ਨੂੰ ਪ੍ਰੇਸ਼ਾਨੀ ਨਾ ਹੋਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਪੱਟੀ ਸ਼ਹਿਰ ਤੋਂ ਬਾਹਰ ਕਿਸੇ ਖੁੱਲ੍ਹੇ ਅਤੇ ਸੁਰੱਖਿਅਤ ਸਥਾਨ ’ਤੇ ਨਵਾਂ ਕੇਂਦਰ ਸਥਾਪਿਤ ਕੀਤਾ ਜਾਵੇ, ਜਿਥੇ ਨਸ਼ਾ ਪ੍ਰਭਾਵਿਤ ਵਿਅਕਤੀਆਂ ਦਾ ਇਲਾਜ ਅਤੇ ਕਾਊਂਸਲਿੰਗ ਬਿਹਤਰ ਢੰਗ ਨਾਲ ਹੋ ਸਕੇ। -ਬਾਕਸ- -ਨਸ਼ਾ ਮੁਕਤੀ ਸਿਰਫ਼ ਦਵਾਈਆਂ ਦੇਣ ਨਾਲ ਸੰਭਵ ਨਹੀਂ : ਸੰਧੂ ਸਾਬਕਾ ਚੇਅਰਮੈਨ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਜੰਗ ਸਮੇਂ ਦੀ ਲੋੜ ਹੈ, ਪਰ ਸਿਵਲ ਹਸਪਤਾਲ ਵਰਗੀ ਜਗ੍ਹਾ ’ਤੇ ਬਣੇ ਓਟ ਸੈਂਟਰ ਕਾਰਨ ਜੇਕਰ ਆਮ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਤਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਢੁੱਕਵਾਂ ਫੈਸਲਾ ਲਿਆ ਜਾਵੇ। ਸੰਧੂ ਨੇ ਕਿਹਾ ਕਿ ਨਸ਼ਾ ਮੁਕਤੀ ਸਿਰਫ਼ ਦਵਾਈਆਂ ਦੇਣ ਨਾਲ ਸੰਭਵ ਨਹੀਂ ਹੈ। ਇਸ ਲਈ ਮਨੋਵਿਗਿਆਨਕ ਸਲਾਹ, ਪਰਿਵਾਰਕ ਸਹਿਯੋਗ, ਰੋਜ਼ਗਾਰ ਦੇ ਮੌਕੇ ਅਤੇ ਸਮਾਜਿਕ ਪੁਨਰਵਾਸ ਵੀ ਜ਼ਰੂਰੀ ਹਨ। ਜੇਕਰ ਨਸ਼ਾ ਪ੍ਰਭਾਵਿਤ ਨੌਜਵਾਨਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ, ਤਾਂ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕਦਾ ਹੈ। -ਬਾਕਸ- -ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਸੰਧੂ ਨੇ ਉਠਾਇਆ ਸੀ ਮੁੱਦਾ ਕਾਂਗਰਸ ਦੇ ਪੀਪੀਸੀਸੀ ਮੈਂਬਰ ਅਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਸੰਧੂ ਨੇ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਪੱਟੀ ਵਿਖੇ ਚੱਲ ਰਹੇ ਓਟ ਸੈਂਟਰ ਦਾ ਮੁੱਦਾ ਜਨਤਕ ਤੌਰ ’ਤੇ ਉਠਾਇਆ ਸੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਹਸਪਤਾਲ ਦੇ ਅੰਦਰ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ, ਤਾਂ ਜੋ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ। -ਬਾਕਸ- -ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਹਰਮਨ ਸੇਖੋਂ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਇਸ ਦੌਰਾਨ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਹਰਮਨ ਸੇਖੋਂ ਵੀ ਇਸ ਮੁੱਦੇ ਨੂੰ ਲੈ ਕੇ ਸਿਵਲ ਹਸਪਤਾਲ ਪੱਟੀ ਪੁੱਜੇ ਸਨ। ਉਨ੍ਹਾਂ ਨੇ ਹਸਪਤਾਲ ਦੇ ਐੱਸਐੱਮਓ ਨਾਲ ਮੁਲਾਕਾਤ ਕਰਕੇ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਲੋਕਾਂ ਵੱਲੋਂ ਉਠਾਏ ਜਾ ਰਹੇ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ। ਹਰਮਨ ਸੇਖੋਂ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਅਜਿਹੇ ਕੇਂਦਰਾਂ ਦੀ ਸਥਿਤੀ ਅਤੇ ਪ੍ਰਬੰਧਨ ਵੀ ਬਹੁਤ ਮਹੱਤਵਪੂਰਨ ਹੈ। ਜੇਕਰ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਸਰਕਾਰ ਨੂੰ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਹਸਪਤਾਲ ਦੇ ਐੱਸਐੱਮਓ ਨਾਲ ਮੁਲਾਕਾਤ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਨਸ਼ਾ ਛੁਡਾਊ ਕੇਂਦਰ ਦੀ ਕਾਰਗੁਜ਼ਾਰੀ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸੇਖੋਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਅਤੇ ਜਨਤਕ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਕਰਨਬੀਰ ਸਿੰਘ ਧਾਰੀਵਾਲ ਕੌਂਸਲਰ, ਸੁਖਦੀਪ ਸਿੰਘ ਗਿੱਲ ਆਦਿ ਵੀਂ ਹਾਜ਼ਰ ਸਨ।