- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਦਫ਼ਤਰ ‘ਚ ਮਨਾਇਆ ਵਿਸ਼ਵ ਹੈਪੇਟਾਈਟਿਸ ਦਿਵਸ

-ਸਿਵਲ ਸਰਜਨ ਨੇ ਕਿਹਾ, ਹੈਪੇਟਾਈਟਿਸ ਬੀ ਤੇ ਸੀ ਦਾ ਇਲਾਜ ਬਿਲਕੁਲ ਹੁੰਦੈ ਫ੍ਰੀ
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਤਰਨਤਾਰਨ ਡਾ. ਭਾਰਤੀ ਧਵਨ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਤਰਨਤਾਰਨ ਵਿਖੇ ਅੰਤਰਰਾਸ਼ਟਰੀ ਹੈਪੇਟਾਈਟਿਸ ਦਿਵਸ ਇਸ ਸਾਲ ਦੇ ਥੀਮ ਹੈਪਾਟਾਈਟਿਸ ‘ਆਓ ਇਸ ਨੂੰ ਤੋੜੀਏ’ ਤਹਿਤ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਣਦੀਪ ਸਿੰਘ ਦੀ ਅਗਵਾਈ ਹੇਠ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਦਫ਼ਤਰ ਸਿਵਲ ਸਰਜਨ ਦੇ ਸਟਾਫ਼ ਆਦਿ ਨਾਲ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ 31 ਮਈ 2010 ਨੂੰ ਇਕ ਵਿਸ਼ੇਸ਼ ਇਜਲਾਸ ਬੁਲਵਾ ਕੇ ਪੂਰੇ ਵਿਸ਼ਵ ਵਿਚ 28 ਜੁਲਾਈ ਨੂੰ ਇਹ ਦਿਨ ਮਨਾਉਣ ਦਾ ਫ਼ੈਸਲਾ ਕੀਤਾ ਸੀ। ਇਸ ਇਜਲਾਸ ਨੂੰ ਮਨਾਉਣ ਦਾ ਮੁੱਖ ਉਦੇਸ਼ ਹੈਪੇਟਾਈਟਿਸ ਦੀ ਰੋਕਥਾਮ, ਕੰਟਰੋਲ ਤੇ ਇਲਾਜ ਉਮੀਦ ਮੁਤਾਬਿਕ ਨਾ ਹੋਣ 'ਤੇ ਚਿੰਤਾ ਪ੍ਰਗਟਾਈ। ਡਾ. ਸੰਦੀਪ ਧਵਨ ਨੇ ਦੱਸਿਆ ਕਿ ਪੀਲੀਆ ਜਿਗਰ ਦੀ ਇਕ ਵਾਇਰਲ ਇਨਫੈਕਸ਼ਨ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ ਅੰਦਰ 28 ਜੁਲਾਈ ਤੋਂ ਲੈ ਕੇ 11 ਅਗਸਤ ਤਕ ਇਸ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਵਿਚ ਵਲੰਟੀਅਰ ਸਕਰੀਨਿੰਗ ਹਾਈਰਿਸਕ ਗਰੁੱਪ ਵਿਚ ਵੱਧ ਤੋਂ ਵੱਧ ਕੀਤੀ ਜਾਵੇ। ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧੀ ਬਲਾਕ ਪੱਧਰ 'ਤੇ ਪ੍ਰੋਗਰਾਮ ਕੀਤੇ ਜਾਣ ਅਤੇ ਆਮ ਲੋਕਾਂ ਵਿਚ ਹੈਪਾਟਾਈਟਿਸ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ, ਤਾਂ ਕਿ ਇਸ ਨੂੰ 2030 ਤਕ ਜੜ੍ਹੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਭਾਰਤੀ ਧਵਨ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਹੈਪੇਟਾਈਟਿਸ ਏਬੀਸੀਡੀ ਅਤੇ ਈ ਪੰਜ ਤਰ੍ਹਾਂ ਦਾ ਹੁੰਦਾ ਹੈ। ਜਦਕਿ ਆਮ ਤੌਰ 'ਤੇ ਬੀ ਅਤੇ ਸੀ ਦੇ ਜ਼ਿਆਦਾਤਰ ਰੋਗੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਏ ਅਤੇ ਈ ਦੂਸ਼ਿਤ ਭੋਜਨ, ਦੂਸ਼ਿਤ ਪਾਣੀ, ਖ਼ਰਾਬ ਅਤੇ ਬਾਸੀ ਭੋਜਨ ਅਤੇ ਖੁੱਲ੍ਹੇ ਵਿਚ ਮਲ-ਮੂਤਰ ਨਾਲ ਹੁੰਦਾ ਹੈ। ਇਸ ਵਿਚ ਜ਼ਿਆਦਾਤਰ ਸਾਫ਼ ਪਾਣੀ ਤੇ ਵਿਸ਼ੇਸ਼ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ-ਕਮ-ਨੋਡਲ ਅਫ਼ਸਰ ਡਾ. ਰਣਦੀਪ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪੇਟਾਈਟਿਸ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਿਸ ਬੀ ਅਤੇ ਸੀ ਦੂਸ਼ਿਤ ਖੂਨ, ਦੂਸ਼ਿਤ ਸੂਈਆਂ ਅਤੇ ਅਸੁਰੱਖਿਅਤ ਸੰਭੋਗ ਨਾਲ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਿਸ ਬੀ ਅਤੇ ਸੀ ਦੇ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਕੰਮਲ ਮੁਫ਼ਤ ਹੈ। ਡਾ. ਰਣਦੀਪ ਸਿੰਘ ਨੇ ਕਿਹਾ ਕਿ ਹੈਪੇਟਾਈਟਿਸ ਸੀ ਐੱਚਸੀਵੀ ਦੇ ਵਿਸ਼ਾਣੂ ਜਿਗਰ ਨੂੰ ਕਮਜ਼ੋਰ ਕਰਦੇ ਹਨ, ਜਿਸ ਕਾਰਨ ਬਿਮਾਰੀ ਜ਼ਿਆਦਾ ਵਧਣ 'ਤੇ ਜਿਗਰ ਫੇਲ੍ਹ ਜਾਂ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਸੰਸਾਰ ਵਿਚ ਲਗਭਗ 145 ਮਿਲੀਅਨ ਦੇ ਕਰੀਬ ਮਰੀਜ਼ ਹੈਪੇਟਾਈਟਿਸ ਸੀ ਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸਾਲ ਪੂਰੇ ਸੰਸਾਰ ਵਿਚ ਲੱਖਾਂ ਹੀ ਮੌਤਾਂ ਹੁੰਦੀਆਂ ਹਨ। ਇਸ ਸੈਮੀਨਾਰ ਮੌਕੇ ਜ਼ਿਲ੍ਹਾ ਪੱਧਰ 'ਤੇ ਹੈਪਾਟਾਈਟਿਸ ਜਾਗਰੂਕਤਾ ਪ੍ਰਤੀ ਪੋਸਟਰ ਅਤੇ ਪਰਚੇ ਵੀ ਜਾਰੀ ਕੀਤੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਡਾ. ਰੁਪਿੰਦਰ ਕੌਰ, ਬੀਸੀਸੀ ਕੋਆਰਡੀਨੇਟਰ ਆਰੂਸ਼ ਭੱਲਾ, ਪੀਅਰ ਸਪੋਰਟ ਸਾਹਿਲ ਕੁਮਾਰ, ਕੰਪਿਊਟਰ ਆਪ੍ਰੇਟਰ ਰਮਨ ਕੁਮਾਰ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਹਾਜਰ ਸੀ।