- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਭਲੇ ਲਈ ਵੱਡੇ ਪੱਧਰ ’ਤੇ ਖੇਤੀ ਅਧਾਰਿਤ ਸਨਅਤਾਂ ਚਲਾਈਆਂ ਜਾਣ - ਐੱਸਕੇਐੱਮ

-ਕਿਹਾ, ਦਰਿਆਵਾਂ ਤੇ ਨਾਲ਼ਿਆਂ ਨੇੜੇ ਹੜ੍ਹ ਰੋਕੂ ਅਗਾਊਂ ਪ੍ਰਬੰਧ ਕੀਤੇ ਜਾਣ ਤੇਜ਼
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਮੋਰਚੇ ’ਤੇ ਮੰਗਲਵਾਰ ਨੂੰ 69ਵੇਂ ਦਿਨ ਰੋਜ਼ ਵਾਂਗ ਕਿਸਾਨਾਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸਯੁੰਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂ ਨਛੱਤਰ ਸਿੰਘ ਪੰਨੂ, ਹਰਜਿੰਦਰ ਸਿੰਘ ਟਾਂਡਾ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਅਧਾਰਿਤ ਸੂਬਾ ਹੈ। ਇਸ ਨੇ ਦੇਸ਼ ਦੇ ਅੰਨ ਭੰਡਾਰ ਵਿਚ ਵੱਡਾ ਯੋਗਦਾਨ ਪਾ ਕੇ ਭਾਰਤ ਨੂੰ ਭੁੱਖਮਰੀ ਚੋਂ ਬਾਹਰ ਕੱਢਿਆ ਹੈ। ਹੁਣ ਧਰਤੀ ਹੇਠਲਾ ਪਾਣੀ ਬਚਾਉਣ ਲਈ ਅਤੇ ਵਾਤਾਵਰਣ ਸ਼ੁੱਧਤਾ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਵਿਚ ਖੇਤੀ ਵੰਨ ਸੁਵੰਨਤਾ ਲਿਆਂਦੀ ਜਾਵੇ। ਖੇਤੀ ਵੰਨ-ਸੁਵੰਨਤਾ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇਕਰ ਸਰਕਾਰ ਹਰ ਫ਼ਸਲ ’ਤੇ ਐੱਮਐੱਸਪੀ ਦੇਵੇ ਜਾਂ ਪੰਜਾਬ ਵਿਚ ਖੇਤੀ ਆਧਾਰਿਤ ਸਨਅਤ ਵੱਡੇ ਪੱਧਰ ’ਤੇ ਲਗਾਈ ਜਾਵੇ, ਤਾਂ ਕਿਸਾਨ ਨੂੰ ਵਿਸ਼ਵਾਸ ਹੋਵੇ ਕਿ ਉਸ ਦੀ ਫ਼ਸਲ ਦਾ ਠੀਕ ਮੁੱਲ ਉਸ ਨੂੰ ਮਿਲ ਜਾਣਾ ਹੈ।
ਉਲਟਾ ਸਮੇਂ ਦੀਆਂ ਸਰਕਾਰਾਂ ਨੇ ਪਹਿਲਾਂ ਚੱਲਦੀਆਂ ਖੰਡ ਮਿੱਲਾਂ ਤੇ ਧਾਗਾ ਮਿੱਲਾਂ ਦਾ ਭੋਗ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਰਕੇ ਪੰਜਾਬ ਦੀ ਖੇਤੀ ਸੰਕਟ ਵਿਚ ਹੈ। ਇਸੇ ਕਰਕੇ ਪਿਛਲੇ ਛੇ ਮਹੀਨਿਆਂ ਤੋਂ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਸਯੁੰਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ’ਚ ਲਗਾਤਾਰ ਲਿਆਂਦੀ ਗਈ ਹੈ। ਪਰ ਭਗਵੰਤ ਮਾਨ ਸਰਕਾਰ ਬਿਲਕੁੱਲ ਲਾਪਰਵਾਹ ਹੋਈ ਪਈ ਹੈ ਕਿ ਉਹਨੂੰ ਆਪਣੇ ਕੀਤੇ ਵਾਅਦੇ ਹੀ ਯਾਦ ਨਹੀਂ ਰਹੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹੱਠ ਧਰਮੀ ਛੱਡ ਕੇ ਤੁਰੰਤ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਲਈ ਤਿਆਰ ਹੋਵੇ।
ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਹਿਮਾਚਲ ਪ੍ਰਦੇਸ਼ ਵਿਚ ਜ਼ਿਆਦਾ ਮੀਂਹ ਪੈਣ ਨਾਲ ਪੰਜਾਬ ਵਿਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਇਹ ਅਕਸਰ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਦਾ ਸਮਾਂ ਜ਼ਿਆਦਾ ਭਿਆਨਕ ਹੁੰਦਾ ਹੈ। ਹੜ੍ਹ ਰੋਕਣ ਦੇ ਅਗਾਊਂ ਪ੍ਰਬੰਧ ਕਿਤੇ ਦਿਖਾਈ ਨਹੀਂ ਦੇ ਰਹੇ। ਸਰਕਾਰ ਇਸ ਪਾਸੇ ਧਿਆਨ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸਾ ਸਿੰਘ ਕੱਦਗਿੱਲ, ਸੁਖਬਾਜ ਸਿੰਘ ਸਿੱਧੂ, ਜਸਬੀਰ ਸਿੰਘ ਨਿੱਜਰਪੁਰਾ, ਸੁਖਦੇਵ ਸਿੰਘ ਤੁੜ, ਸੁਲੱਖਣ ਸਿੰਘ ਤੁੜ, ਬਾਬਾ ਮਹਿੰਦਰ ਸਿੰਘ ਵੇਈਂ ਪੂੰਈਂ, ਸੁਖਚੈਨ ਸਿੰਘ ਸਰਹਾਲੀ, ਜਸਬੀਰ ਸਿੰਘ, ਮੇਘ ਸਿੰਘ, ਮੇਹਰ ਸਿੰਘ, ਜੋਗਿੰਦਰ ਸਿੰਘ, ਬਲਵੀਰ ਸਿੰਘ, ਕਸ਼ਮੀਰ ਸਿੰਘ ਸ਼ੇਰੋਂ, ਅਮਰੀਕ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ ਸਮੇਤ ਕਈ ਆਗੂ ਹਾਜਰ ਸਨ।