ਦੋ ਥਾਵਾਂ ’ਤੇ ਚੱਲੀਆਂ ਗੋਲ਼ੀਆਂ ਕਾਰਨ ਲੋਕ ਦਹਿਸ਼ਤ ’ਚ ਪੱਟੀ ਇਲਾਕੇ ’ਚ ਦੋ ਥਾਵਾਂ ’ਤੇ ਚੱਲੀਆਂ ਗੋਲੀਆਂ, ਫਾਇਰਿੰਗ ਘਟਨਾਵਾਂ ਨਾਲ ਲੋਕ ਚਿੰਤਤਤ
Publish Date: Tue, 28 Jul 2026 06:40 PM (IST)
Updated Date: Wed, 29 Jul 2026 04:10 AM (IST)
ਕੇਪੀ ਗਿੱਲ, •ਪੰਜਾਬੀ ਜਾਗਰਣ, ਕੈਰੋਂ : ਪੱਟੀ ਹਲਕੇ ਵਿਚ ਕਾਨੂੰਨ-ਵਿਵਸਥਾ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਵਧਦੀ ਜਾ ਰਹੀ ਹੈ। ਤੜਕੇ ਕਰੀਬ 4 ਵਜੇ ਇੱਕੋਂ ਸਮੇਂ ਦੋ ਵੱਖ-ਵੱਖ ਪਿੰਡਾਂ ਵਿਚ ਘਰਾਂ ਦੇ ਬਾਹਰ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਪਹਿਲੀ ਘਟਨਾ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਸਰਾਲੀ ਮੰਡ ਵਿਚ ਵਾਪਰੀ, ਜਿਥੇ ਸੁੱਚਾ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰ ਦੇ ਮੁੱਖ ਗੇਟ ਅੱਗੇ ਦੋ ਅਣਪਛਾਤੇ ਵਿਅਕਤੀਆਂ ਨੇ 3 ਤੋਂ 4 ਗੋਲੀਆਂ ਚਲਾ ਕੇ ਦਹਿਸ਼ਤ ਫੈਲਾਈ ਅਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪੀੜਤ ਨੂੰ ਇਸ ਤੋਂ ਪਹਿਲਾਂ ਕਿਸੇ ਗੈਂਗ ਵੱਲੋਂ ਫਿਰੌਤੀ ਲਈ ਧਮਕੀ ਭਰੀ ਕਾਲ ਵੀ ਆਈ ਸੀ। ਘਟਨਾ ਤੋਂ ਬਾਅਦ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਦੂਜੀ ਘਟਨਾ ਪਿੰਡ ਨਦੋਹਰ ਵਿਚ ਸਾਹਮਣੇ ਆਈ, ਜਿਥੇ ਅਮਰਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਦੇ ਘਰ ਇਕ ਨੌਜਵਾਨ ਨੇ ਪਹੁੰਚ ਕੇ ਚਾਰ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਹ ਵਾਰਦਾਤ ਵੀ ਸਵੇਰੇ ਕਰੀਬ 4 ਵਜੇ ਵਾਪਰੀ, ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਕੋ ਸਵੇਰ ਦੋ ਵੱਖ-ਵੱਖ ਥਾਵਾਂ ਤੇ ਹੋਈਆਂ ਫਾਇਰਿੰਗ ਦੀਆਂ ਘਟਨਾਵਾਂ ਨੇ ਪੱਟੀ ਹਲਕੇ ਵਿਚ ਸੁਰੱਖਿਆ ਪ੍ਰਬੰਧਾਂ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਅਨੁਸਾਰ ਅਪਰਾਧਿਕ ਤੱਤਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਫਿਲਹਾਲ ਦੋਵੇਂ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -ਬਾਕਸ- -ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ : ਡੀਐੱਸਪੀ ਪੱਟੀ ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਪੱਟੀ ਹਲਕੇ ਵਿਚ ਅੱਜ ਸਵੇਰੇ ਵਾਪਰੀਆਂ ਦੋਵੇਂ ਫਾਇਰਿੰਗ ਦੀਆਂ ਘਟਨਾਵਾਂ ਸਬੰਧੀ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਵਿਚ ਦੋਵਾਂ ਪਰਿਵਾਰਾਂ ਨੂੰ ਪਹਿਲਾਂ ਫਿਰੌਤੀ ਸਬੰਧੀ ਧਮਕੀ ਭਰੀ ਕਾਲ ਆਉਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।