- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਡ ਮਿੱਲ ਸ਼ੇਰੋਂ ਨੂੰ ਚਾਲੂ ਕਰਾਉਣ ਲਈ ਪੱਕਾ ਮੋਰਚਾ 56ਵੇਂ ਦਿਨ ਵੀ ਜਾਰੀ

22 ਦੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਪਿੰਡਾਂ ’ਚ ਲਾਮਬੰਦੀ ਸ਼ੁਰੂ : ਕਿਸਾਨ ਆਗੂ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਬਚਾਓ ਪੱਕਾ ਮੋਰਚਾ ਵਿਚ ਸ਼ਾਮਿਲ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ 56ਵੇਂ ਦਿਨ ਵੀ ਸਹਿਕਾਰੀ ਖੰਡ ਮਿੱਲ ਸ਼ੇਰੋਂ ਵਿਖੇ ਪੱਕਾ ਮੋਰਚਾ ਜਾਰੀ ਰੱਖਿਆ ਗਿਆ। ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਮਹਾਂਬੀਰ ਸਿੰਘ ਗਿੱਲ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ ਅਤੇ ਸੁਖਚੈਨ ਸਿੰਘ ਸਰਹਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਲਈ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਦੀਆਂ ਸ਼ਰਤਾਂ ਤਹਿਤ ਇਹ ਸਮਝੌਤਾ ਕਰਨ ਲਈ ਕਾਹਲੀ ਕਰ ਰਹੀ ਹੈ, ਜਿਸ ਨਾਲ ਭਾਰਤੀ ਖੇਤੀਬਾੜੀ ਅਤੇ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਲਾਗੂ ਹੁੰਦਾ ਹੈ ਤਾਂ ਅਨਾਜ, ਡੇਅਰੀ ਅਤੇ ਪੋਲਟਰੀ ਖੇਤਰ ਨਾਲ ਜੁੜੀ ਵੱਡੀ ਆਬਾਦੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਡੇਅਰੀ ਉਦਯੋਗ ਉਪਰ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਮੋਟੇ ਅਨਾਜ ਦੇ ਖੇਤਰ ਵਿਚ ਖੁੱਲ੍ਹੀ ਮੰਡੀ ਦੇ ਮੁਕਾਬਲੇ ਘਰੇਲੂ ਕਿਸਾਨੀ ਕਮਜ਼ੋਰ ਪੈ ਜਾਵੇਗੀ ਅਤੇ ਭਾਰਤੀ ਕਿਸਾਨ ਅਮਰੀਕੀ ਕਿਸਾਨਾਂ ਨਾਲ ਮੁਕਾਬਲਾ ਨਹੀਂ ਕਰ ਸਕਣਗੇ। ਇਸ ਲਈ ਭਾਰਤ ਸਰਕਾਰ ਨੂੰ ਅਮਰੀਕਾ ਨਾਲ ਅਜਿਹੀ ਸੰਧੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਸਾਮਰਾਜੀ ਦੇਸ਼ ਨਾਲ ਅਜਿਹਾ ਵਪਾਰਕ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ, ਜੋ ਦੇਸ਼ ਦੀ ਮਿਹਨਤਕਸ਼ ਜਨਤਾ ਦੇ ਹਿੱਤਾਂ ਦੇ ਖਿਲਾਫ ਹੋਵੇ।
ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ 22 ਜੁਲਾਈ ਨੂੰ ਟੋਲ ਪਲਾਜ਼ੇ ਮੁਫਤ ਕਰਨ ਅਤੇ ਭਾਜਪਾ ਆਗੂਆਂ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਸੂਬਾਈ ਆਗੂ ਡਾ. ਸਤਨਾਮ ਸਿੰਘ ਅਜਨਾਲਾ ਉਚੇਚੇ ਤੌਰ ਤੇ ਸ਼ੇਰੋਂ ਵਿਖੇ ਚੱਲ ਰਹੇ ਮੋਰਚੇ ਵਿਚ ਪੁੱਜੇ। ਉਨ੍ਹਾਂ ਮੋਰਚੇ ਵਿਚ ਸ਼ਾਮਿਲ ਕਿਸਾਨਾਂ ਦਾ ਹੌਸਲਾ ਵਧਾਉਂਦਿਆਂ 15 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਭੇਟ ਕੀਤੀ।
ਧਰਨੇ ਵਿਚ ਰੇਸ਼ਮ ਸਿੰਘ ਫੇਲੋਕੇ, ਗੁਰਚਰਨ ਸਿੰਘ ਸਭਰਾ, ਬਲਵਿੰਦਰ ਸਿੰਘ ਫੇਲੋਕੇ, ਹਰਭਜਨ ਸਿੰਘ ਚੂਸਲੇਵੜ੍ਹ, ਹਰਦੀਪ ਸਿੰਘ ਰਸੂਲਪੁਰ, ਕੇਵਲ ਸਿੰਘ ਮਾੜੀ, ਕਾਰਜ ਸਿੰਘ ਕੈਰੋ, ਗੁਰਦਿਆਲ ਸਿੰਘ ਵਰਨਾਲਾ, ਮਾਸਟਰ ਦਲਜੀਤ ਸਿੰਘ ਦਿਆਲਪੁਰ, ਨਰਿੰਦਰ ਸਿੰਘ ਤੁੜ, ਅੰਗਰੇਜ਼ ਸਿੰਘ ਸ਼ੇਰੋਂ, ਕੁਲਦੀਪ ਸਿੰਘ ਮਾਣੋਚਾਹਲ, ਜੱਸਾ ਸਿੰਘ ਕੱਦਗਿੱਲ, ਦਿਲਬਾਗ ਸਿੰਘ ਪੱਟੀ, ਗੁਰਮੁੱਖ ਸਿੰਘ ਪੱਟੀ, ਮਾਹੀਪਾਲ ਸਿੰਘ ਠੱਠੀਆਂ ਮਹੰਤਾਂ, ਨਾਜਰ ਸਿੰਘ ਸਰਹਾਲੀ, ਵਿਰਸਾ ਸਿੰਘ ਸਰਹਾਲੀ, ਕਸ਼ਮੀਰ ਸਿੰਘ ਸ਼ੇਰੋਂ, ਜਸਬੀਰ ਸਿੰਘ ਸਰਹਾਲੀ, ਅਮਰੀਕ ਸਿੰਘ ਸ਼ੇਰੋਂ ਅਤੇ ਕਰਨਵੀਰ ਸਿੰਘ ਗੰਡੀਵਿੰਡ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਇਕੋ ਇਕ ਸਹਿਕਾਰੀ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਹੋਰ ਵਿਭਾਗਾਂ ਨੂੰ ਦੇਣ ਦੀ ਜ਼ਿੱਦ ਛੱਡ ਕੇ ਸਰਕਾਰ ਇਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਲੋਕ ਹਿੱਤ ਵਿਚ ਕਰੇ।