29 ਕੇਂਦਰੀ ਕਿਰਤ ਕਾਨੂੰਨ ਖ਼ਤਮ ਕਰਨ ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਲੇਬਰ ਕੋਡਾਂ ਤਹਿਤ ਕੰਮ ਦਿਨ ਸਮਾਂ 8 ਘੰਟੇ ਦੀ ਬਜਾਏ 12 ਘੰਟੇ ਕੀਤਾ ਜਾ ਸਕਦਾ ਹੈ, ਜੋ ਕਿ ਮਿਹਨਤਕਸ਼ ਲੋਕਾਂ ਦੇ ਲਹੂ ਪੀਣ ਦੇ ਬਰਾਬਰ ਹੈ।
Publish Date: Wed, 01 Apr 2026 05:53 PM (IST)
Updated Date: Thu, 02 Apr 2026 04:05 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਪੱਟੀ : ਕੇਂਦਰ ਦੀ ਭਾਜਪਾ ਸਰਕਾਰ ਨੇ 29 ਕੇਂਦਰੀ ਕਿਰਤ ਕਾਨੂੰਨ ਨੂੰ ਖ਼ਤਮ ਕਰ ਕੇ ਜੋ ਚਾਰ ਨਵੇਂ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ ਇਨ੍ਹਾਂ ਦਾ ਵਿਰੋਧ ਕਰਨ ਲਈ ਅੱਜ ਪੱਟੀ ਰੋਡਵੇਜ਼ ਵਰਕਸ਼ਾਪ ਦੇ ਗੇਟ ਸਾਹਮਣੇ ਕਾਰਜ ਸਿੰਘ ਕੈਰੋਂ, ਦੀਦਾਰ ਸਿੰਘ ਮੰਡ, ਅੰਮ੍ਰਿਤਪਾਲ ਬਾਕੀਪੁਰ ਏਟਕ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਇੰਟਕ, ਅੰਗਰੇਜ਼ ਸਿੰਘ, ਸੁਖਬੀਰ ਸਿੰਘ ਕਰਮਚਾਰੀ ਦਲ, ਸਤਨਾਮ ਸਿੰਘ ਜੌਣੇਕੇ, ਗੁਰਬਿੰਦਰ ਸਿੰਘ ਗਿੱਲ, ਗੁਰਵੇਲ ਸਿੰਘ ਵੀਰਮ, ਪਨਬਸ ਕੁਨਟ੍ਰੈਕਟ ਵਰਕਰ ਜੋਗਾ ਸਿੰਘ ਆਈਟੀਆਈ ਦੀ ਅਗਵਾਈ ’ਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਨਵੇਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਨਵੇਂ ਚਾਰੇ ਲੇਬਰ ਕੋਡ ਮਜ਼ਦੂਰ, ਮੁਲਾਜ਼ਮ ਤੇ ਮਿਹਨਤਕਸ਼ ਵਰਗ ਦੇ ਵਿਰੁੱਧ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ, ਮੁਲਾਜ਼ਮਾਂ ਦੀ ਕੋਈ ਸੇਵਾ ਸੁਰੱਖਿਆ ਨਹੀਂ ਰਹੇਗੀ, ਉਨ੍ਹਾਂ ਨੂੰ ਜਦੋਂ ਮਰਜ਼ੀ ਨੌਕਰੀ ਚੋਂ ਕੱਢਿਆ ਜਾ ਸਕਿਆ ਕਰੇਗਾ, ਉਹ ਕੁਝ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਇਨ੍ਹਾਂ ਲੇਬਰ ਕੋਡਾਂ ਤਹਿਤ ਕੰਮ ਦਿਨ ਸਮਾਂ 8 ਘੰਟੇ ਦੀ ਬਜਾਏ 12 ਘੰਟੇ ਕੀਤਾ ਜਾ ਸਕਦਾ ਹੈ, ਜੋ ਕਿ ਮਿਹਨਤਕਸ਼ ਲੋਕਾਂ ਦੇ ਲਹੂ ਪੀਣ ਦੇ ਬਰਾਬਰ ਹੈ। ਇਨ੍ਹਾਂ ਲੇਬਰ ਕੋਡਾਂ ਦੇ ਲਾਗੂ ਹੋਣ ਨਾਲ ਸੇਵਾ ਮੁਕਤੀ ਤੋਂ ਬਾਅਦ ਮੁਲਾਜ਼ਮਾਂ, ਮਜ਼ਦੂਰਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲੇਗੀ, ਜਿਸ ਨਾਲ ਉਹ ਆਪਣਾ ਬੁਢਾਪਾ ਚੰਗਾ ਜੀ ਸਕਣ। ਇਹ ਲੇਬਰ ਕੋਡ ਸਮੁੱਚੇ ਤੌਰ ’ਤੇ ਕਾਰਪੋਰੇਟ ਜਗਤ ਨੂੰ ਖ਼ੁਸ਼ ਕਰਨ ਲਈ ਬਣਾਏ ਗਏ ਹਨ ਤਾਂ ਕਿ ਉਨ੍ਹਾਂ ਦੀ ਦੌਲਤ ਮਣਾ-ਮੂੰਹੀ ਵਧਦੀ ਜਾਵੇ। ਇਨ੍ਹਾਂ ਲੇਬਰ ਕੋਡਾਂ ਦੇ ਬਣਨ ਨਾਲ ਹੁਣ ਬੇਰੁਜ਼ਗਾਰੀ ਹੋਰ ਵਧੇਗੀ ਤੇ ਸਾਡੇ ਦੇਸ਼ ਦਾ ਨੌਜਵਾਨ ਵਿਦੇਸ਼ਾਂ ਨੂੰ ਭੱਜੇਗਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਇਹ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ ਤੇ ਕੰਮ ਦਿਹਾੜੀ ਸਮਾਂ 6 ਘੰਟੇ ਕੀਤਾ ਜਾਵੇ, ਘੱਟੋ ਘੱਟ ਉਜਰਤ 30 ਹਜ਼ਾਰ ਰੁਪਏ ਦਿੱਤੀ ਜਾਵੇ, ਘੱਟੋ ਘੱਟ ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਕੀਤੀ ਜਾਵੇ, ਨੌਜਵਾਨਾਂ ਲਈ ਰੁਜ਼ਗਾਰ ਤੇ ਸਿੱਖਿਆ ਦੀ ਗਾਰੰਟੀ ਹੋਵੇ, ਹਰ ਇਕ ਲਈ ਸਿਹਤ ਸੇਵਾਵਾਂ ਮੁਫ਼ਤ ਹੋਣ। ਇਸ ਮੌਕੇ ਗੁਰਭੇਜ ਸਿੰਘ, ਭੁਪਿੰਦਰ ਸਿੰਘ ਪ੍ਰਧਾਨ, ਪਲਵਿੰਦਰ ਸਿੰਘ ਮਨਾਵਾਂ, ਮਾਨ ਸਿਕੰਦਰ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਜੱਗਾ ਸਿੰਘ, ਬਚਿੱਤਰ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ ਪੱਟੀ, ਰਜਵੰਤ ਸਿੰਘ, ਗੁਰਵਿੰਦਰ ਸਿੰਘ ਬਗਰਾੜੀ ਆਦਿ ਆਗੂ ਹਾਜ਼ਰ ਸਨ।