ਬਿਜਲੀ ਕਾਮਿਆਂ ਨੇ ਸੰਘਰਸ਼ਾਂ ਦੀ ਲਾਮਬੰਦੀ ਲਈ ਕੀਤੀ ਕਨਵੈਨਸ਼ਨ
ਬਿਜਲੀ ਕਾਮਿਆਂ ਨੇ ਪਾਵਰ ਮੈਨੇਜਮੈਂਟ ਦੀ ਵਾਅਦਾ ਖਿਲਾਫ਼ੀ ਵਿਰੁੱਧ ਸੰਘਰਸ਼ਾਂ ਦੀ ਲਾਮਬੰਦੀ ਲਈ ਕੀਤੀ ਕਨਵੈਨਸ਼ਨ
Publish Date: Thu, 26 Mar 2026 05:32 PM (IST)
Updated Date: Fri, 27 Mar 2026 04:05 AM (IST)

10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨ ’ਚ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪਾਵਰ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲ ਮਟੋਲ ਕਰਨ ਅਤੇ ਕੀਤੇ ਹੋਏ ਸਮਝੌਤਿਆਂ ਤੋਂ ਮੁੱਕਰ ਕੇ ਵਾਅਦਾ ਖਿਲਾਫ਼ੀ ਕਰਨ ਦੇ ਵਿਰੁੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਥੜੇ ਨੇ ਤਰਨਤਾਰਨ ’ਚ ਵਿਸ਼ਾਲ ਕਨਵੈਨਸ਼ਨ ਕੀਤੀ। ਇਹ ਕਨਵੈਨਸ਼ਨ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਅਤੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਪੱਧਰੀ ਸੱਦੇ ’ਤੇ 10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸਮੇਤ ਅਗਲੇ ਸੰਘਰਸ਼ਾਂ ਦੀ ਲਾਮਬੰਦੀ ਲਈ ਕੀਤੀ ਗਈ। ਜਿਸ ਦੀ ਪ੍ਰਧਾਨਗੀ ਰਣਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਪੂਰਨ ਸਿੰਘ ਮਾੜੀਮੇਘਾ, ਧਰਮਵੀਰ ਸਿੰਘ ਪੱਟੀ, ਕਰਨਬੀਰ ਸਿੰਘ ਭੁੱਲਰ, ਲਖਬੀਰ ਸਿੰਘ ਸੰਧੂ, ਜਗਮੋਹਨ ਸਿੰਘ ਸੰਧੂ ਦੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ। ਜਿਸ ਵਿਚ ਸ਼ਾਮਲ ਅਦਾਰੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਭੇਜ ਸਿੰਘ ਢਿੱਲੋਂ ਤੋਂ ਇਲਾਵਾ ਸਰਕਲ ਆਗੂ ਨਰਿੰਦਰ ਬੇਦੀ, ਚਰਨਜੀਤ ਸਿੰਘ ਖਾਲਸਾ ਸਮੇਤ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਟਾਲ ਮਟੋਲ ਕਰਨ ਦੀ ਸਖਤ ਸ਼ਬਦਾਂ ਵਿਚ ਨ੍ਹਿੰਦਾ ਕਰਦੇ ਹੋਏ ਮੈਨੇਜਮੈਂਟ ’ਤੇ ਕੀਤੇ ਹੋਏ ਸਮਝੌਤਿਆਂ ਤੋਂ ਮੁੱਕਰ ਕੇ ਵਾਅਦਾ ਖਿਲਾਫ਼ੀ ਕਰਨ ਦੇ ਦੋਸ਼ ਲਗਾਏ। ਆਗੂਆਂ ਨੇ ਕਿਹਾ ਕੇ ਪਾਵਰ ਮੈਨੇਜਮੈਂਟ ਅਤੇ ਸਰਕਾਰ ਨਾਲ ਬੀਤੇ ਸਾਲ 10 ਅਤੇ 14 ਅਗਸਤ ਨੂੰ ਤੇ ਚਾਲੂ ਸਾਲ ਵਿਚ 14 ਜਨਵਰੀ ਨੂੰ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਸਮੇਂ ਮੰਨੀਆਂ ਹੋਈਆਂ ਮੰਗਾਂ ਸਮੇਂ ਸਿਰ ਲਾਗੂ ਕਰਨ ਦੀ ਬਜਾਏ, ਉਨ੍ਹਾਂ ਨੂੰ ਵੱਟੇ ਖਾਤੇ ਪਾ ਕੇ ਜਥੇਬੰਦੀਆਂ ਨੂੰ ਮੁੜ ਹੜਤਾਲ ’ਤੇ ਜਾਣ ਵਰਗੇ ਤਿੱਖੇ ਸੰਘਰਸ਼ਾਂ ਵੱਲ ਧੱਕਿਆ ਜਾ ਰਿਹਾ ਹੈ, ਜਿਸ ਕਰ ਕੇ ਜਿਥੇ ਇਸ ਸਨਅਤੀ ਅਤੇ ਨਾਜ਼ੁਕ ਅਦਾਰੇ ਦਾ ਮਾਹੌਲ ਅਸ਼ਾਂਤ ਹੁੰਦਾ ਹੈ, ਉਥੇ ਬਿਜਲੀ ਖ਼ਪਤਕਾਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਦਾਰੇ ਦੇ ਵਕਾਰ ਨੂੰ ਵੀ ਢਾਹ ਲੱਗਦੀ ਹੈ। ਆਗੂਆਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਸੁਖਾਵੇਂ ਮਾਹੌਲ ਵਿਚ ਟੇਬਲ ’ਤੇ ਬੈਠ ਕੇ ਮਸਲਿਆਂ ਦਾ ਹੱਲ ਕਰਨ ਵਿਚ ਯਕੀਨ ਨਹੀਂ ਰੱਖਦੀ, ਪਰ ਸੰਘਰਸ਼ਾਂ ਦੇ ਚਰਮ ਸੀਮਾਂ ’ਤੇ ਪਹੁੰਚ ਜਾਣ ’ਤੇ ਪੈਦਾ ਹੋਏ ਹਾਲਾਤਾਂ ਦੇ ਮੱਦੇ ਨਜ਼ਰ ਲਿਖਤੀ ਸਮਝੌਤੇ ਕਰਕੇ ਲਾਗੂ ਕਰਨ ਤੋਂ ਵਾਰ-ਵਾਰ ਮੁੱਕਰ ਜਾਂਦੀ ਹੈ। ਇਸੇ ਕਰਕੇ ਜਥੇਬੰਦੀਆਂ ਨੂੰ ਤਿੱਖੇ ਸੰਘਰਸ਼ਾਂ ਦਾ ਰਸਤਾ ਅਖਤਿਆਰ ਕਰਨਾ ਪੈਦਾ ਹੈ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 16 ਫ਼ੀਸਦੀ ਰੋਕਿਆ ਮਹਿੰਗਾਈ ਭੱਤਾ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਕਾਮੇ ਪੱਕੇ ਕਰਨ, ਪੈਨਸ਼ਨਰਾਂ ’ਤੇ 2.59 ਫੈਕਟਰ ਲਾਗੂ ਕਰਨ, ਸੋਧੇ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ, 17 ਜੁਲਾਈ 2020 ਦਾ ਮੁਲਾਜ਼ਮ ਦੋਖੀ ਪੱਤਰ ਵਾਪਸ ਲੈਣ, ਅਦਾਰੇ ਵਿਚ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਨੂੰ ਦੁਬਾਰਾ ਠੇਕੇ ’ਤੇ ਰੱਖਣ ਦੀ ਲੋਕ ਵਿਰੋਧੀ ਨੀਤੀ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਆਗੂਆਂ ਨੇ 10 ਅਪ੍ਰੈਲ ਦੇ ਪਟਿਆਲਾ ਰੋਸ ਪ੍ਰਦਰਸ਼ਨ ਵਿਚ ਵਹੀਰਾਂ ਘੱਤ ਕੇ ਕੰਨਵੈਨਸ਼ਨ ਵਿਚ ਹਾਜਰ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ। ਇਸ ਕਨਵੈਨਸ਼ਨ ਵਿਚ ਸ਼ਾਮਿਲ ਆਗੂਆਂ ਜਸਪ੍ਰੀਤ ਸਿੰਘ ਸੋਹਲ, ਅਮਨਦੀਪ ਸਿੰਘ ਜੇਈ, ਗੁਰਪਿੰਦਰ ਸਿੰਘ ਰਿੰਕੂ, ਮਨਜੀਤ ਸਿੰਘ ਖੇਲਾ, ਬਿਕਰਮਜੀਤ ਸਿੰਘ ਆਦਿ ਨੇ ਸੂਬਾਈ ਲੀਡਰਸ਼ਿਪ ਅੱਗੇ ਮੰਗਾਂ ਸਬੰਧੀ ਕੁਝ ਸਵਾਲ ਅਤੇ ਸੰਘਰਸ਼ਾਂ ਸਬੰਧੀ ਸੁਝਾਅ ਪੇਸ਼ ਕੀਤੇ। ਜਿਨ੍ਹਾਂ ਦਾ ਸੂਬਾਈ ਲੀਡਰਸ਼ਿਪ ਨੇ ਵਿਸਥਾਰ ਪੂਰਵਕ ਜਵਾਬ ਦਿੱਤਾ। ਕਨਵੈਨਸ਼ਨ ਦੀ ਸਮਾਪਤੀ ’ਤੇ ਹਾਜਰੀਨ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਮੁਲਾਜ਼ਮ ਮਸਲਿਆਂ ਪ੍ਰਤੀ ਧਾਰਨ ਕੀਤੀ ਘਟੀਆ ਪਹੁੰਚ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।