ਸਿਆਸੀ ਰੰਜਿਸ਼ ਕਾਰਨ ਖ਼ੂਨੀ ਝੜਪ, ਧਾਰਮਿਕ ਸਮਾਗਮ ਦੌਰਾਨ ਚੱਲੀਆਂ ਗੋਲੀਆਂ; ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਮਿਲੀ ਜਾਣਕਾਰੀ ਅਨੁਸਾਰ ਅੱਜ ਕਰੀਬ ਸਵਾ 11 ਵਜੇ ਹਰਪ੍ਰੀਤ ਸਿੰਘ ਖਾਲਸਾ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਸਰਗਰਮ ਆਗੂ ਹਨ ਅਤੇ ਪਿੰਡ ਬਾਹਮਣੀਵਾਲਾ ਦੇ ਵਸਨੀਕ ਹਨ, ਆਪਣੇ ਕੁਝ ਸਾਥੀਆਂ ਸਮੇਤ ਪਿੰਡ ਉਬੋਕੇ ਵਿਖੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨਾਤਮਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਲਈ ਬੁਲਾਇਆ ਗਿਆ ਸੀ।
Publish Date: Tue, 04 Aug 2026 01:13 PM (IST)
Updated Date: Tue, 04 Aug 2026 01:16 PM (IST)
ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ। ਵਿਧਾਨ ਸਭਾ ਹਲਕਾ ਪੱਟੀ ਨਾਲ ਜੁੜੀ ਸਿਆਸਤ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਈ, ਜਦੋਂ ਪਿੰਡ ਉਬੋਕੇ ਦੇ ਗੁਰਦੁਆਰਾ ਚੜ੍ਹਦੀ ਪੱਤੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੌਰਾਨ ਗੋਲੀਆਂ ਚੱਲ ਗਈਆਂ। ਇਸ ਘਟਨਾ ’ਚ ਘੱਟੋ-ਘੱਟ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਦੋ ਨੂੰ ਗੋਲੀਆਂ ਲੱਗਣ ਦੀ ਪੁਸ਼ਟੀ ਹੋਈ ਹੈ।
ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਪਹੁੰਚਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਕੁਝ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਕਰੀਬ ਸਵਾ 11 ਵਜੇ ਹਰਪ੍ਰੀਤ ਸਿੰਘ ਖਾਲਸਾ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਸਰਗਰਮ ਆਗੂ ਹਨ ਅਤੇ ਪਿੰਡ ਬਾਹਮਣੀਵਾਲਾ ਦੇ ਵਸਨੀਕ ਹਨ, ਆਪਣੇ ਕੁਝ ਸਾਥੀਆਂ ਸਮੇਤ ਪਿੰਡ ਉਬੋਕੇ ਵਿਖੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨਾਤਮਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਲਈ ਬੁਲਾਇਆ ਗਿਆ ਸੀ।
ਇਸ ਦੌਰਾਨ ਡੇਢ ਦਰਜਨ ਦੇ ਕਰੀਬ ਲੋਕ ਉੱਥੇ ਪਹੁੰਚੇ। ਦੋਸ਼ ਹੈ ਕਿ ਉਕਤ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਸਨ। ਦੋਵਾਂ ਧਿਰਾਂ ਵਿਚਾਲੇ ਤਕਰਾਰ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ ਅਤੇ ਹਮਲਾਵਰਾਂ ਵੱਲੋਂ 12 ਬੋਰ ਹਥਿਆਰ ਨਾਲ ਕਈ ਫਾਇਰ ਕੀਤੇ ਗਏ, ਜਿਸ ਨਾਲ ਗੁਰਦੁਆਰਾ ਸਾਹਿਬ ਵਿੱਚ ਭਗਦੜ ਮਚ ਗਈ। ਹਮਲੇ ਵਿੱਚ ਉਬੋਕੇ ਵਾਸੀ ਦੋ ਲੋਕਾਂ ਦੇ ਗੋਲੀ ਲੱਗੀ ਹੈ।
ਇਸ ਤੋਂ ਇਲਾਵਾ ਚਾਰ ਦੇ ਕਰੀਬ ਵਿਅਕਤੀ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਕੁਝ ਨੂੰ ਕਮਿਊਨਿਟੀ ਹੈਲਥ ਸੈਂਟਰ ਕੈਰੋਂ ਅਤੇ ਲੋੜ ਅਨੁਸਾਰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਵਾਪਰਨ ਕਾਰਨ ਇਲਾਕੇ ਵਿੱਚ ਦਹਿਸ਼ਤ ਅਤੇ ਰੋਸ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਪੱਟੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਘਟਨਾ ਸਿਆਸੀ ਰੰਜਿਸ਼ ਦਾ ਨਤੀਜਾ ਪ੍ਰਤੀਤ ਹੁੰਦੀ ਹੈ। ਪੁਲਿਸ ਵੱਲੋਂ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਉ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।