ਕੈਰੋਂ ਪਰਿਵਾਰ ਦੀ ਸਿਆਸੀ ਐਂਟਰੀ ’ਤੇ ਟਿਕੀਆਂ ਪੱਟੀ ਹਲਕੇ ਦੀਆਂ ਨਜ਼ਰਾਂ ਕੈਰੋਂ ਪਰਿਵਾਰ ਦੀ ਸਿਆਸੀ ਐਂਟਰੀ ’ਤੇ ਟਿਕੀਆਂ ਪੱਟੀ ਹਲਕੇ ਦੀਆਂ ਨਜ਼ਰਾਂ
Publish Date: Sat, 28 Nov 2026 04:42 PM (IST)
Updated Date: Sat, 28 Nov 2026 04:43 PM (IST)
ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਵਾਪਸੀ ਤੇ ਦਿਲਸ਼ੇਰ ਸਿੰਘ ਨੂੰ ਟਿਕਟ ਦੇਣ ਦੀ ਚਰਚਾ 2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’, ਕਾਂਗਰਸ ਤੇ ਅਕਾਲੀ ਦਲ ਦੇ ਸਿਆਸੀ ਸਮੀਕਰਨਾਂ ’ਤੇ ਰਹੇਗੀ ਨਜ਼ਰ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਵਿਧਾਨ ਸਭਾ ਹਲਕਾ ਪੱਟੀ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋਣ ਲੱਗੀਆਂ ਹਨ। ਹਲਕੇ ਦੀ ਸਿਆਸਤ ਵਿਚ ਇਨ੍ਹੀਂ ਦਿਨੀਂ ਸਭ ਤੋਂ ਵੱਧ ਚਰਚਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਦੇ ਐਲਾਨ ਅਤੇ ਕੈਰੋਂ ਪਰਿਵਾਰ ਦੀ ਸੰਭਾਵੀ ਸਿਆਸੀ ਵਾਪਸੀ ਨੂੰ ਲੈ ਕੇ ਹੋ ਰਹੀ ਹੈ। ਅਕਾਲੀ ਦਲ ਨੇ ਅਜੇ ਤਕ ਪੱਟੀ ਤੋਂ ਆਪਣੇ ਉਮੀਦਵਾਰ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਦਿੱਤਾ, ਜਿਸ ਕਾਰਨ ਪਾਰਟੀ ਵਰਕਰਾਂ ਤੋਂ ਲੈ ਕੇ ਸਿਆਸੀ ਮਾਹਿਰਾਂ ਤਕ ਸਭ ਦੀਆਂ ਨਜ਼ਰਾਂ ਹਾਈ ਕਮਾਂਡ ਦੇ ਅਗਲੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ। ਪੱਟੀ ਦੀ ਸਿਆਸਤ ਵਿਚ ਕੈਰੋਂ ਪਰਿਵਾਰ ਦਾ ਲੰਮਾ ਇਤਿਹਾਸ ਰਿਹਾ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਤਿੰਨ ਵਾਰ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਕਰਕੇ ਉਨ੍ਹਾਂ ਦੀ ਸਿਆਸੀ ਸਰਗਰਮੀ ਨੂੰ ਹਮੇਸ਼ਾ ਹਲਕੇ ਵਿਚ ਅਹਿਮੀਅਤ ਨਾਲ ਦੇਖਿਆ ਜਾਂਦਾ ਰਿਹਾ ਹੈ। ਹੁਣ ਉਨ੍ਹਾਂ ਦੇ ਪੁੱਤਰ ਦਿਲਸ਼ੇਰ ਸਿੰਘ ਕੈਰੋਂ ਦੇ ਨਾਂ ਦੀ ਵੀ ਚੋਣ ਮੈਦਾਨ ਵਿਚ ਉਤਰਨ ਸਬੰਧੀ ਚਰਚਾ ਹੋ ਰਹੀ ਹੈ। ਅਕਾਲੀ ਦਲ ’ਚ ਵਾਪਸੀ ਦੀਆਂ ਚਰਚਾਵਾਂ ਨੇ ਵਧਾਈ ਸਿਆਸੀ ਹਲਚਲ 23 ਨਵੰਬਰ ਨੂੰ ਪ੍ਰਕਾਸ਼ਿਤ ਹੋਈਆਂ ਮੀਡੀਆ ਰਿਪੋਰਟਾਂ ਅਨੁਸਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਨੂੰ ਲੈ ਕੇ ਗੱਲਬਾਤ ਦੀ ਚਰਚਾ ਹੈ। ਇਨ੍ਹਾਂ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੈਰੋਂ ਆਪਣੇ ਲਈ ਖੇਮਕਰਨ ਅਤੇ ਆਪਣੇ ਪੁੱਤਰ ਦਿਲਸ਼ੇਰ ਸਿੰਘ ਕੈਰੋਂ ਲਈ ਪੱਟੀ ਹਲਕੇ ਤੋਂ ਟਿਕਟ ਦੀ ਇੱਛਾ ਰੱਖਦੇ ਹਨ। ਹਾਲਾਂਕਿ ਇਸ ਸਬੰਧੀ ਨਾ ਤਾਂ ਅਕਾਲੀ ਦਲ ਵੱਲੋਂ ਅਤੇ ਨਾ ਹੀ ਕੈਰੋਂ ਪਰਿਵਾਰ ਵੱਲੋਂ ਕੋਈ ਅੰਤਿਮ ਅਧਿਕਾਰਤ ਐਲਾਨ ਕੀਤਾ ਗਿਆ ਹੈ। ਇਸ ਮਾਮਲੇ ਦਾ ਇਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅਗਸਤ 2026 ਵਿਚ ਜਾਰੀ ਕੀਤੀ ਗਈ ਹਲਕਾ ਕੋਆਰਡੀਨੇਟਰਾਂ ਦੀ ਸੂਚੀ ਵਿਚ ਪੱਟੀ ਲਈ ਸ਼ਾਮਲ ਕੀਤਾ ਗਿਆ ਸੀ। ਇਸ ਲਈ ਉਨ੍ਹਾਂ ਦੀ ਮੌਜੂਦਾ ਸਿਆਸੀ ਭੂਮਿਕਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸੰਭਾਵੀ ਵਾਪਸੀ ਨੂੰ ਵੱਖ-ਵੱਖ ਸਿਆਸੀ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ। ਖੇਮਕਰਨ ਦੇ ਸਿਆਸੀ ਸਮੀਕਰਨ ਵੀ ਬਣ ਸਕਦੇ ਹਨ ਚੁਣੌਤੀ ਕੈਰੋਂ ਪਰਿਵਾਰ ਦੀ ਸੰਭਾਵੀ ਵਾਪਸੀ ਦੀ ਚਰਚਾ ਸਿਰਫ਼ ਪੱਟੀ ਤਕ ਸੀਮਤ ਨਹੀਂ ਹੈ, ਸਗੋਂ ਇਸ ਦਾ ਸਬੰਧ ਖੇਮਕਰਨ ਹਲਕੇ ਨਾਲ ਵੀ ਜੁੜਿਆ ਹੋਇਆ ਹੈ। ਖੇਮਕਰਨ ਹਲਕੇ ਦੇ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਕੈਰੋਂ ਪਰਿਵਾਰ ਦੇ ਪੁਰਾਣੇ ਸਿਆਸੀ ਮਤਭੇਦਾਂ ਦੀ ਗੱਲ ਵੀ ਸਮੇਂ-ਸਮੇਂ ’ਤੇ ਸਾਹਮਣੇ ਆਉਂਦੀ ਰਹੀ ਹੈ। ਅਜਿਹੇ ਵਿਚ ਜੇਕਰ ਕੈਰੋਂ ਪਰਿਵਾਰ ਦੀ ਅਕਾਲੀ ਦਲ ਵਿਚ ਵਾਪਸੀ ਹੁੰਦੀ ਹੈ ਤਾਂ ਪਾਰਟੀ ਹਾਈਕਮਾਂਡ ਲਈ ਦੋਵਾਂ ਹਲਕਿਆਂ ਦੇ ਸਿਆਸੀ ਸਮੀਕਰਨਾਂ ਨੂੰ ਸੰਤੁਲਿਤ ਕਰਨਾ ਅਹਿਮ ਚੁਣੌਤੀ ਹੋ ਸਕਦਾ ਹੈ। ਅਕਾਲੀ ਦਲ ਲਈ ਪੱਟੀ ਤੋਂ ਉਮੀਦਵਾਰ ਦੀ ਚੋਣ ਵੀ ਸੌਖਾ ਫੈਸਲਾ ਨਹੀਂ ਹੋਵੇਗੀ। ਪਾਰਟੀ ਦੇ ਪੁਰਾਣੇ ਆਗੂਆਂ ਅਤੇ ਸਥਾਨਕ ਪੱਧਰ ’ਤੇ ਸਰਗਰਮ ਵਰਕਰਾਂ ਦੀਆਂ ਵੀ ਆਪਣੀਆਂ ਸਿਆਸੀ ਉਮੀਦਾਂ ਹਨ। ਜੇਕਰ ਕੈਰੋਂ ਪਰਿਵਾਰ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਪਾਰਟੀ ਲਈ ਅਹਿਮ ਰਹੇਗਾ। ‘ਆਪ’ ਜੱਸਾ ਪੱਟੀ ਨੂੰ ਉਮੀਦਵਾਰ ਵਜੋਂ ਉਤਾਰ ਚੁੱਕੀ ਹੈ ਮੈਦਾਨ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਪੱਟੀ ਹਲਕੇ ਤੋਂ ਜਿੱਤ ਦਰਜ ਕੀਤੀ ਸੀ। ਇਸ ਜਿੱਤ ਨਾਲ ਹਲਕੇ ਦੀ ਸਿਆਸਤ ਵਿਚ ਨਵਾਂ ਦੌਰ ਸ਼ੁਰੂ ਹੋਇਆ ਸੀ। ਹੁਣ 2027 ਦੀਆਂ ਚੋਣਾਂ ਵਿਚ ‘ਆਪ’ ਲਈ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਦੇ ਆਧਾਰ ’ਤੇ ਮੁੜ ਸਮਰਥਨ ਹਾਸਲ ਕਰਨਾ ਅਹਿਮ ਹੋਵੇਗਾ। ਆਪ ਨੇ ਪੱਟੀ ਹਲਕੇ ਤੋਂ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਅਤੇ ਬਾਕੀ ਪਾਰਟੀਆਂ ਅਜੇ ਤਕ ਪੱਛੜੀਆਂ ਦਿਖਾਈ ਦੇ ਰਹੀਆਂ ਹਨ। ਲੰਮੇ ਸਮੇਂ ਬਾਅਦ 2017 ’ਚ ਮਿਲੀ ਸੀ ਕਾਂਗਰਸ ਨੂੰ ਜਿੱਤ ਦੂਜੇ ਪਾਸੇ 2017 ਵਿਚ ਲੰਮੇ ਸਮੇਂ ਬਾਅਦ ਜਿੱਤ ਦਰਜ ਕਰਵਾਉਣ ਵਾਲੀ ਕਾਂਗਰਸ ਵੀ ਹਲਕੇ ਵਿਚ ਮੁੜ ਆਪਣੀ ਪਕੜ ਮਜ਼ਬੂਤ ਕਰਨ ਲਈ ਸਥਾਨਕ ਆਗੂਆਂ ਅਤੇ ਵਰਕਰਾਂ ਦੀ ਸਰਗਰਮੀ ਵਧਾਉਣ ਵੱਲ ਧਿਆਨ ਦੇਵੇਗੀ। ਉਸ ਵੇਲੇ ਕਾਂਗਰਸ ਵਲੋਂ ਹਰਮਿੰਦਰ ਸਿੰਘ ਗਿੱਲ ਨੇ ਇਹ ਚੋਣ ਜਿੱਤੀ ਸੀ। ਇਸ ਵਾਰ ਕਾਂਗਰਸ ਪਾਰਟੀ ਲਈ ਉਮੀਦਵਾਰ ਦੀ ਚੋਣ ਦੇ ਨਾਲ-ਨਾਲ ਸਥਾਨਕ ਧੜਿਆਂ ਨੂੰ ਇਕੱਠਾ ਰੱਖਣਾ ਵੀ ਚੁਣੌਤੀ ਰਹੇਗੀ ਕਿਉਂਕਿ ਦੋ ਯੂਥ ਆਗੂ ਵੀ ਇਸ ਵਾਰ ਹਲਕੇ ਤੋਂ ਪਾਰਟੀ ਦੀ ਟਿਕਟ ’ਤੇ ਦਾਅਵਾ ਜਿਤਾ ਰਹੇ ਹਨ। ਨਗਰ ਕੌਂਸਲ ਚੋਣਾਂ ਨੇ ਵੀ ਦਿਖਾਏ ਸਿਆਸੀ ਧੜਿਆਂ ਦੇ ਰੰਗ 2026 ਵਿਚ ਹੋਈਆਂ ਪੱਟੀ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੀ ਸਥਾਨਕ ਸਿਆਸਤ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ ਸਨ। 19 ਵਾਰਡਾਂ ਵਿੱਚੋਂ ਕਾਂਗਰਸ ਨੇ 9, ਆਮ ਆਦਮੀ ਪਾਰਟੀ ਨੇ 6 ਅਤੇ ਕੈਰੋਂ ਗਰੁੱਪ ਨਾਲ ਜੁੜੇ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਜਿੱਤੀਆਂ ਸਨ। ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਇਨ੍ਹਾਂ ਨਤੀਜਿਆਂ ਨੇ ਸ਼ਹਿਰੀ ਖੇਤਰ ਵਿਚ ਸਥਾਨਕ ਧੜਿਆਂ ਦੀ ਮਜ਼ਬੂਤੀ ਅਤੇ ਚੋਣਾਂ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਸੀ। ਹਾਲਾਂਕਿ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੂੰ ਵਿਧਾਨ ਸਭਾ ਚੋਣਾਂ ਦਾ ਸਿੱਧਾ ਆਧਾਰ ਨਹੀਂ ਮੰਨਿਆ ਜਾ ਸਕਦਾ। ਵਿਕਾਸ ਤੇ ਲੋਕਾਂ ਦੇ ਮੁੱਦੇ ਵੀ ਹੋਣਗੇ ਚੋਣ ਦਾ ਕੇਂਦਰ 2027 ਦੀਆਂ ਚੋਣਾਂ ਵਿਚ ਸਿਆਸੀ ਚਿਹਰਿਆਂ ਦੇ ਨਾਲ-ਨਾਲ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਅਹਿਮ ਰਹਿਣਗੀਆਂ। ਪੱਟੀ ਸ਼ਹਿਰ ਵਿਚ ਸੀਵਰੇਜ, ਪੀਣ ਵਾਲਾ ਪਾਣੀ, ਸੜਕਾਂ, ਸਿਹਤ ਸਹੂਲਤਾਂ ਅਤੇ ਵਪਾਰੀਆਂ ਦੇ ਮਸਲੇ ਚੋਣ ਚਰਚਾ ਦਾ ਹਿੱਸਾ ਬਣ ਸਕਦੇ ਹਨ। ਪੇਂਡੂ ਖੇਤਰਾਂ ਵਿਚ ਨਹਿਰੀ ਪਾਣੀ, ਲਿੰਕ ਸੜਕਾਂ, ਖੇਤੀਬਾੜੀ, ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਸਮੱਸਿਆ ਵਰਗੇ ਮੁੱਦਿਆਂ ’ਤੇ ਵੀ ਲੋਕ ਸਿਆਸੀ ਆਗੂਆਂ ਤੋਂ ਜਵਾਬ ਮੰਗਣਗੇ। ਉਮੀਦਵਾਰਾਂ ਲਈ ਸਿਰਫ਼ ਪੁਰਾਣੀ ਸਿਆਸੀ ਪਛਾਣ ਹੀ ਨਹੀਂ, ਸਗੋਂ ਲੋਕਾਂ ਨਾਲ ਸੰਪਰਕ ਅਤੇ ਹਲਕੇ ਦੇ ਵਿਕਾਸ ਲਈ ਸਪੱਸ਼ਟ ਯੋਜਨਾ ਵੀ ਮਹੱਤਵਪੂਰਨ ਹੋਵੇਗੀ। ਕੈਰੋਂ ਦੀ ਅਕਾਲੀ ਦਲ ’ਚ ਵਾਪਸੀ ਬਣਾ ਸਕਦੀ ਹੈ ਦਿਲਚਸਪ ਮੁਕਾਬਲਾ ਪੱਟੀ ਦੀ ਸਿਆਸਤ ਵਿਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਉਨ੍ਹਾਂ ਦਾ ਪਰਿਵਾਰ ਆਉਣ ਵਾਲੀਆਂ ਚੋਣਾਂ ਵਿਚ ਕੀ ਭੂਮਿਕਾ ਨਿਭਾਉਂਦਾ ਹੈ। ਜੇਕਰ ਕੈਰੋਂ ਪਰਿਵਾਰ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿਚ ਉਤਰਦਾ ਹੈ ਤਾਂ ਹਲਕੇ ਦੇ ਪੁਰਾਣੇ ਸਿਆਸੀ ਸਮੀਕਰਨ ਮੁੜ ਬਦਲ ਸਕਦੇ ਹਨ ਅਤੇ ਚੋਣ ਮੁਕਾਬਲਾ ਹੋਰ ਦਿਲਚਸਪ ਬਣ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਅਕਾਲੀ ਦਲ ਦੇ ਫੈਸਲੇ ਅਤੇ ਕੈਰੋਂ ਪਰਿਵਾਰ ਦੀ ਅਗਲੀ ਸਿਆਸੀ ਚਾਲ ’ਤੇ ਟਿਕੀਆਂ ਹੋਈਆਂ ਹਨ।